ਮੌਜੂਦਾ ਜੰਗੀ ਹਾਲਾਤ ਕਾਰਨ ਮੱਧ-ਪੂਰਬ ਦੇਸ਼ਾਂ ਵਿੱਚ ਜੰਗ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਅਜਿਹੇ ਸੰਕਟਮਈ ਸਮੇਂ ਵਿੱਚ ਸ਼ਾਰਜਾਹ ਤੋਂ ਰਾਤ ਦੇ ਹਨੇਰੇ ਵਿੱਚ ਦਿੱਲੀ ਲਈ ਭਰੀ ਉਡਾਣ ਰਾਹੀਂ ਸੁਖਵਿੰਦਰ ਸਿੰਘ ਦੀ ਵਾਪਸੀ ਸੰਭਵ ਹੋ ਸਕੀ।
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਮੌਜੂਦਾ ਜੰਗੀ ਹਾਲਾਤ ਕਾਰਨ ਮੱਧ-ਪੂਰਬ ਦੇਸ਼ਾਂ ਵਿੱਚ ਜੰਗ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਅਜਿਹੇ ਸੰਕਟਮਈ ਸਮੇਂ ਵਿੱਚ ਸ਼ਾਰਜਾਹ ਤੋਂ ਰਾਤ ਦੇ ਹਨੇਰੇ ਵਿੱਚ ਦਿੱਲੀ ਲਈ ਭਰੀ ਉਡਾਣ ਰਾਹੀਂ ਸੁਖਵਿੰਦਰ ਸਿੰਘ ਦੀ ਵਾਪਸੀ ਸੰਭਵ ਹੋ ਸਕੀ। ਖਾੜੀ ਦੇਸ਼ਾਂ ਵਿੱਚ ਫਸੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਲਈ ਜਾਰੀ ਯਤਨਾਂ ਦੌਰਾਨ ਹੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਹਿਮ ਭੂਮਿਕਾ ਸਾਹਮਣੇ ਆਈ ਹੈ।
ਸ਼ਾਹਕੋਟ ਸਬ ਡਵੀਜ਼ਨ ਦੇ ਪਿੰਡ ਮਹਿਮੂਵਾਲ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਨੇ ਨਿਰਮਲ ਕੁਟੀਆ ਪਹੁੰਚ ਕੇ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ ਤੇ ਮੀਡੀਆ ਨਾਲ ਆਪਣੇ ਦਰਦ ਸਾਂਝੇ ਕੀਤੇ। ਉਸਨੇ ਦੱਸਿਆ ਕਿ 2020 ਵਿੱਚ ਰੁਜ਼ਗਾਰ ਦੀ ਤਲਾਸ਼ ਵਿੱਚ ਦੁਬਈ ਗਿਆ ਸੀ, ਜਿੱਥੇ ਇੱਕ ਕੰਪਨੀ ਵੱਲੋਂ ਉਸ ਨਾਲ ਧੋਖਾਧੜੀ ਕੀਤੀ ਗਈ। ਕੰਪਨੀ ਨੇ ਉਸਦਾ ਪਾਸਪੋਰਟ ਆਪਣੇ ਕਬਜ਼ੇ ਵਿੱਚ ਰੱਖ ਲਿਆ, ਤਿੰਨ ਸਾਲ ਕੰਮ ਕਰਵਾਉਣ ਦੇ ਬਾਵਜੂਦ ਉਸ ਨੂੰ ਸਿਰਫ ਪੰਜ ਮਹੀਨਿਆਂ ਦੀ ਤਨਖਾਹ ਹੀ ਦਿੱਤੀ ਗਈ ਅਤੇ ਝੂਠੇ ਦੋਸ਼ ਲਗਾ ਕੇ ਉਸਨੂੰ ਕਾਨੂੰਨੀ ਮੁਸ਼ਕਲਾਂ ਵਿੱਚ ਫਸਾ ਦਿੱਤਾ, ਜਿਸ ਕਾਰਨ ਉਸਨੂੰ ਬਿਨਾਂ ਕਸੂਰ ਜੇਲ੍ਹ ਹੋ ਗਈ। ਉਸਨੇ ਖ਼ੁਲਾਸਾ ਕੀਤਾ ਕਿ ਜੇਲ੍ਹਾਂ ਵਿੱਚ ਅਜੇ ਵੀ ਕਈ ਭਾਰਤੀ ਨਾਗਰਿਕ ਫਸੇ ਹੋਏ ਹਨ, ਜੋ ਓਵਰ ਸਟੇਅ ਜਾਂ ਝੂਠੇ ਮਾਮਲਿਆਂ ਕਾਰਨ ਪੀੜਤ ਹਨ ਅਤੇ ਉਨ੍ਹਾਂ ਨਾਲ ਬਹੁਤ ਮਾੜਾ ਵਤੀਰਾ ਕੀਤਾ ਜਾ ਰਿਹਾ ਹੈ।
6 ਦਸੰਬਰ ਤੋਂ ਉਸਦਾ ਆਪਣੇ ਪਰਿਵਾਰ ਨਾਲ ਸੰਪਰਕ ਟੁੱਟ ਚੁੱਕਾ ਸੀ, ਜਿਸ ਕਾਰਨ ਉਸਦੇ ਘਰ ਵਿੱਚ ਬਹੁਤ ਹੀ ਦੁਖਦਾਈ ਹਾਲਾਤ ਬਣ ਗਏ ਸਨ। ਛੋਟੇ ਬੱਚਿਆਂ ਅਤੇ ਬਜ਼ੁਰਗ ਮਾਪਿਆਂ ਦੀ ਜ਼ਿੰਮੇਵਾਰੀ ਉਸਦੀ ਪਤਨੀ ਲਈ ਬਹੁਤ ਵੱਡੀ ਚੁਣੌਤੀ ਬਣ ਗਈ ਸੀ। ਸੁਖਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਸੰਤ ਸੀਚੇਵਾਲ ਦੀ ਮਦਦ ਨਾ ਮਿਲਦੀ ਤਾਂ ਉਹ ਅਜੇ ਵੀ ਉਥੇ ਜੇਲ੍ਹ ਵਿੱਚ ਫਸਿਆ ਰਹਿੰਦਾ। ਉਸਦੀ ਪਤਨੀ ਵੱਲੋਂ ਸੰਤ ਸੀਚੇਵਾਲ ਨਾਲ ਸੰਪਰਕ ਕਰਨ ਉਪਰੰਤ ਇਹ ਸੰਭਵ ਹੋਇਆ। ਉਸਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਸਦੀ ਬਕਾਇਆ ਤਨਖਾਹ ਵੀ ਦਿਵਾਈ ਜਾਵੇ, ਕਿਉਂਕਿ ਕੇਸ ਉਸਦੇ ਹੱਕ ਵਿੱਚ ਆਉਣ ਦੇ ਬਾਵਜੂਦ ਉਸਨੂੰ ਪੂਰਾ ਨਿਆਂ ਨਹੀਂ ਮਿਲਿਆ।
ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਿਦੇਸ਼ਾਂ ਵਿੱਚ ਫਸੇ ਹਰ ਭਾਰਤੀ ਦੀ ਸਹਾਇਤਾ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ “ਜੰਗੀ ਹਾਲਾਤਾਂ ਕਾਰਨ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਡਰ ਅਤੇ ਚਿੰਤਾ ਵਧ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਸਾਰੇ ਮਾਮਲਿਆਂ ਨੂੰ ਤਰਜੀਹ ਦੇ ਕੇ ਫਸੇ ਹੋਏ ਲੋਕਾਂ ਨੂੰ ਜਲਦੀ ਤੋਂ ਜਲਦੀ ਵਾਪਸ ਲਿਆਂਦਾ ਜਾਵੇ ਅਤੇ ਉਨ੍ਹਾਂ ਦੇ ਹੱਕਾਂ ਦੀ ਰੱਖਿਆ ਕੀਤੀ ਜਾਵੇ।” ਉਨ੍ਹਾਂ ਇਹ ਵੀ ਮੰਗ ਕੀਤੀ ਕਿ ਵਿਦੇਸ਼ਾਂ ਵਿੱਚ ਮਜ਼ਦੂਰੀ ਕਰਨ ਵਾਲੇ ਭਾਰਤੀਆਂ ਨਾਲ ਹੋ ਰਹੀ ਧੋਖਾਧੜੀ ਅਤੇ ਜ਼ੁਲਮਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ।