ਜਲੰਧਰ ਦੇ ਇਕ ਨੌਜਵਾਨ ਨੂੰ ਵ੍ਹਾਟਸਐਪ ’ਤੇ ਮੈਸੇਜ ਮਿਲਿਆ ਕਿ ਉਸ ਨੂੰ ਇਕ ਨਿੱਜੀ ਕੰਪਨੀ ’ਚ ਨੌਕਰੀ ਲਈ ਸ਼ਾਰਟਲਿਸਟ ਕੀਤਾ ਗਿਆ ਹੈ। ਮੈਸੇਜ ਭੇਜਣ ਵਾਲੇ ਨੇ ਖ਼ੁਦ ਨੂੰ ਕੰਪਨੀ ਦਾ ਐੱਚਆਰ ਮੈਨੇਜਰ ਦੱਸਿਆ। ਨੌਜਵਾਨ ਦਾ ਆਨਲਾਈਨ ਇੰਟਰਵਿਊ ਲਿਆ ਗਿਆ ਤੇ ਕੁਝ ਹੀ ਸਮੇਂ ’ਚ ਚੋਣ ਹੋਣ ਦੀ ਗੱਲ ਕਹਿ ਦਿੱਤੀ ਗਈ।
ਸੰਵਾਦਦਾਤਾ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਇਕ ਨੌਜਵਾਨ ਨੂੰ ਵ੍ਹਾਟਸਐਪ ’ਤੇ ਮੈਸੇਜ ਮਿਲਿਆ ਕਿ ਉਸ ਨੂੰ ਇਕ ਨਿੱਜੀ ਕੰਪਨੀ ’ਚ ਨੌਕਰੀ ਲਈ ਸ਼ਾਰਟਲਿਸਟ ਕੀਤਾ ਗਿਆ ਹੈ। ਮੈਸੇਜ ਭੇਜਣ ਵਾਲੇ ਨੇ ਖ਼ੁਦ ਨੂੰ ਕੰਪਨੀ ਦਾ ਐੱਚਆਰ ਮੈਨੇਜਰ ਦੱਸਿਆ। ਨੌਜਵਾਨ ਦਾ ਆਨਲਾਈਨ ਇੰਟਰਵਿਊ ਲਿਆ ਗਿਆ ਤੇ ਕੁਝ ਹੀ ਸਮੇਂ ’ਚ ਚੋਣ ਹੋਣ ਦੀ ਗੱਲ ਕਹਿ ਦਿੱਤੀ ਗਈ। ਇਸ ਤੋਂ ਬਾਅਦ ਪ੍ਰੋਸੈੱਸ ਫੀਸ ਦੇ ਨਾਂ ’ਤੇ 12 ਹਜ਼ਾਰ ਰੁਪਏ ਟ੍ਰਾਂਸਫਰ ਕਰਵਾ ਲਏ ਗਏ। ਪੈਸੇ ਮਿਲਦੇ ਹੀ ਮੁਲ਼ਜ਼ਮ ਦਾ ਮੋਬਾਈਲ ਨੰਬਰ ਬੰਦ ਹੋ ਗਿਆ ਤੇ ਨੌਜਵਾਨ ਨੂੰ ਸਮਝ ਆਈ ਕਿ ਉਹ ਠੱਗੀ ਦਾ ਸ਼ਿਕਾਰ ਹੋ ਚੁੱਕਾ ਹੈ। ਇੰਟਰਨੈੱਟ ਤੇ ਸਮਾਰਟਫੋਨ ਦੀ ਵਧਦੀ ਵਰਤੋਂ ਨਾਲ ਸਾਈਬਰ ਠੱਗਾਂ ਨੇ ਠੱਗੀ ਦੇ ਨਵੇਂ-ਨਵੇਂ ਤਰੀਕੇ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ। ਹੁਣ ਉਨ੍ਹਾਂ ਦੀ ਨਜ਼ਰ ਖਾਸ ਤੌਰ ’ਤੇ ਨੌਕਰੀ ਭਾਲਦੇ ਬੇਰੁਜ਼ਗਾਰ ਨੌਜਵਾਨਾਂ ’ਤੇ ਹੈ। ਸੋਸ਼ਲ ਮੀਡੀਆ, ਈ-ਮੇਲ, ਵ੍ਹਾਟਸਐਪ ਤੇ ਫਰਜ਼ੀ ਜਾਬ ਪੋਰਟਲਾਂ ਰਾਹੀਂ ਚੰਗੀ ਤਨਖਾਹ ਤੇ ਨਾਮੀ ਕੰਪਨੀਆਂ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗੀ ਕੀਤੀ ਜਾ ਰਹੀ ਹੈ। ਜਲੰਧਰ ਸਮੇਤ ਪੰਜਾਬ ਦੇ ਕਈ ਸ਼ਹਿਰਾਂ ’ਚ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ।
ਕਈ ਲੋਕ ਹੋ ਚੁੱਕੇ ਹਨ ਠੱਗੀ ਦੇ ਸ਼ਿਕਾਰ
ਜਲੰਧਰ ਅਰਬਨ ਐਸਟੇਟ ਦੀ ਇਕ ਨੌਜਵਾਨ ਕੁੜੀ ਸਰਿਤਾ ਨੂੰ ਈ-ਮੇਲ ਰਾਹੀਂ ਇਕ ਮਲਟੀਨੇਸ਼ਨਲ ਕੰਪਨੀ ’ਚ ਡਾਟਾ ਐਂਟਰੀ ਨੌਕਰੀ ਦਾ ਆਫਰ ਮਿਲਿਆ। ਸ਼ੁਰੂਆਤੀ ਗੱਲਬਾਤ ਤੋਂ ਬਾਅਦ ਉਸ ਤੋਂ 5,000 ਰੁਪਏ ਰਜਿਸਟ੍ਰੇਸ਼ਨ ਫੀਸ ਮੰਗੀ ਗਈ। ਭੁਗਤਾਨ ਕਰਦੇ ਹੀ ਈ-ਮੇਲ ਤੇ ਫੋਨ ਨੰਬਰ ਦੋਵੇਂ ਬੰਦ ਹੋ ਗਏ। ਬਸਤੀ ਸ਼ੇਖ ਦੇ ਨੌਜਵਾਨ ਅਜੀਤ ਨੂੰ ਟੈਲੀਗ੍ਰਾਮ ਐਪ ਰਾਹੀਂ ਪਾਰਟ-ਟਾਈਮ ਨੌਕਰੀ ਦਾ ਆਫਰ ਦਿੱਤਾ ਗਿਆ। ਪਹਿਲਾਂ ਕੁਝ ਛੋਟੇ ਟਾਸਕ ਦੇ ਕੇ ਭਰੋਸਾ ਬਣਾਇਆ ਗਿਆ, ਫਿਰ 50 ਹਜ਼ਾਰ ਰੁਪਏ ਇਨਵੈਸਟ ਕਰਨ ਲਈ ਕਿਹਾ ਗਿਆ। ਪੈਸੇ ਟ੍ਰਾਂਸਫਰ ਹੁੰਦੇ ਹੀ ਅਕਾਊਂਟ ਬਲਾਕ ਕਰ ਦਿੱਤਾ ਗਿਆ। ਚੌਗਿੱਟੀ ਦੇ ਇੰਜੀਨੀਅਰ ਨੂੰ ਇਕ ਜਾਬ ਪੋਰਟਲ ਰਾਹੀਂ ਇੰਟਰਵਿਊ ਕਾਲ ਆਈ। ਮੈਡੀਕਲ ਟੈਸਟ ਤੇ ਡਾਕੂਮੈਂਟ ਵੈਰੀਫਿਕੇਸ਼ਨ ਦੇ ਨਾਂ ’ਤੇ ਉਸ ਤੋਂ 18 ਹਜ਼ਾਰ ਰੁਪਏ ਲੈ ਲਏ ਗਏ, ਪਰ ਜੁਆਇਨਿੰਗ ਲੈਟਰ ਕਦੇ ਨਹੀਂ ਮਿਲਿਆ। ਬਾਅਦ ’ਚ ਪਤਾ ਲੱਗਾ ਕਿ ਉਹ ਫਰਜ਼ੀ ਜਾਬ ਪੋਰਟਲ ਸੀ।
ਮਾਹਿਰ ਕੀ ਕਹਿੰਦੇ ਹਨ
ਸਾਇਬਰ ਸੁਰੱਖਿਆ ਮਾਹਿਰ ਪਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਕੋਈ ਵੀ ਕੰਪਨੀ ਨੌਕਰੀ ਦੇਣ ਤੋਂ ਪਹਿਲਾਂ ਉਮੀਦਵਾਰ ਤੋਂ ਪੈਸੇ ਨਹੀਂ ਮੰਗਦੀ। ਜੇ ਕੋਈ ਰਿਕਰੂਟਰ ਫੀਸ, ਚਾਰਜ ਜਾਂ ਡਿਪਾਜ਼ਿਟ ਦੀ ਮੰਗ ਕਰਦਾ ਹੈ, ਤਾਂ ਇਹ ਸਾਫ਼ ਸੰਕੇਤ ਹੈ ਕਿ ਮਾਮਲਾ ਫਰਜ਼ੀ ਹੋ ਸਕਦਾ ਹੈ।
ਕਿਵੇਂ ਕਰੀਏ ਬਚਾਅ :
''ਆਨਲਾਈਨ ਨੌਕਰੀ ਦੀ ਤਲਾਸ਼ ਅੱਜ ਦੇ ਦੌਰ ਦੀ ਲੋੜ ਬਣ ਚੁੱਕੀ ਹੈ, ਪਰ ਇਸ ਦੇ ਨਾਲ ਸਾਵਧਾਨੀ ਵਰਤਣਾ ਵੀ ਉਨਾ ਹੀ ਜ਼ਰੂਰੀ ਹੈ। ਥੋੜ੍ਹੀ ਜਿਹੀ ਚੌਕਸੀ ਤੇ ਸਹੀ ਜਾਣਕਾਰੀ ਨਾਲ ਨਾ ਸਿਰਫ਼ ਆਪਣੀ ਮਿਹਨਤ ਦੀ ਕਮਾਈ ਬਚਾਈ ਜਾ ਸਕਦੀ ਹੈ, ਸਗੋਂ ਸਾਇਬਰ ਠੱਗਾਂ ਦੇ ਮਨਸੂਬਿਆਂ ’ਤੇ ਵੀ ਪਾਣੀ ਫੇਰਿਆ ਜਾ ਸਕਦਾ ਹੈ। ਠੱਗੀ ਹੋਣ ਦੀ ਸੂਰਤ ’ਚ ਤੁਰੰਤ ਪੁਲਿਸ ਕੋਲ ਪਹੁੰਚੋ, ਕਿਉਂਕਿ ਸਮੇਂ ਸਿਰ ਪੁਲਿਸ ਕਾਰਵਾਈ ਕਰ ਸਕਦੀ ਹੈ।''
ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ