ਉਸ ਰਾਤ ਦੋਨਾਂ ਨੇ ਸ਼ਰਾਬ ਪੀਤੀ ਤੇ ਪੈਸੇ ਨਾ ਮਿਲਣ ’ਤੇ ਉਹ ਗੁੱਸੇ ’ਚ ਆ ਗਿਆ ਅਤੇ ਅਮਰਜੀਤ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਉਸਨੇ ਆਪਣੇ ਘਰ ਦੇ ਬਾਥਰੂਮ ਕੋਲ ਪੰਜ ਤੋਂ ਛੇ ਫੁੱਟ ਡੂੰਘਾ ਟੋਇਆ ਪੁੱਟ ਕੇ ਲਾਸ਼ ਨੂੰ ਪਲਾਸਟਿਕ ਦੇ ਬੋਰੇ ’ਚ ਪਾ ਕੇ ਦੱਬ ਦਿੱਤਾ। ਪੁਲਿਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਪਿੰਡ ਗਾਂਧਰਾ ਸਥਿਤ ਉਸਦੇ ਘਰ ’ਚ ਡਿਊਟੀ ਮੈਜਿਸਟ੍ਰੇਟ ਪਵਨਦੀਪ ਸਿੰਘ ਦੀ ਮੌਜੂਦਗੀ ’ਚ ਖੁਦਾਈ ਕਰਵਾ ਕੇ ਸ਼ਵ ਬਰਾਮਦ ਕਰ ਲਿਆ।
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਥਾਣਾ ਸ਼ਾਹਕੋਟ ਦੇ ਅਧੀਨ ਆਉਂਦੇ ਪਿੰਡ ਗਾਂਧਰਾ ’ਚ ਇਕ ਘਰ ਦੇ ਬਾਥਰੂਮ ਕੋਲ ਟੋਇਆ ਪੁੱਟ ਕੇ ਲੁਕੋਈ ਲਾਸ਼ ਪੰਜ ਮਹੀਨੇ ਬਾਅਦ ਬਰਾਮਦ ਕੀਤੀ ਹੈ। 45 ਸਾਲਾ ਅਮਰਜੀਤ ਸਿੰਘ ਦਾ 12 ਨਵੰਬਰ ਦੀ ਰਾਤ ਉਸਦੇ ਹੀ ਸਾਥੀ ਗੁਰਦੇਵ ਸਿੰਘ ਨੇ ਸ਼ਰਾਬ ਪੀ ਕੇ ਕਤਲ ਕਰ ਦਿੱਤਾ ਸੀ। ਕਤਲ ਕਰਨ ਤੋਂ ਬਾਅਦ ਸਬੂਤ ਮਿਟਾਉਣ ਲਈ ਗੁਰਦੇਵ ਨੇ ਆਪਣੇ ਹੀ ਘਰ ਦੇ ਬਾਥਰੂਮ ਕੋਲ ਰਾਤ ਨੂੰ ਟੋਇਆ ਪੁੱਟ ਕੇ ਲਾਸ਼ ਨੂੰ ਪਲਾਸਟਿਕ ਦੇ ਵੱਡੇ ਬੋਰੇ ’ਚ ਪਾ ਕੇ ਉਸ ’ਚ ਦੱਬ ਦਿੱਤਾ।
ਕਿਸੇ ਨੂੰ ਸ਼ੱਕ ਨਾ ਹੋਵੇ, ਇਸ ਲਈ ਉੱਪਰ ਮਿੱਟੀ ਪਾ ਕੇ ਥਾਂ ਨੂੰ ਪਹਿਲਾਂ ਵਰਗਾ ਕਰ ਦਿੱਤਾ ਗਿਆ। ਪਰਿਵਾਰ ਨੂੰ ਗੁਰਦੇਵ ਇਹੀ ਦੱਸਦਾ ਰਿਹਾ ਕਿ ਅਮਰਜੀਤ ਅਚਾਨਕ ਕਿਤੇ ਚਲਾ ਗਿਆ ਹੈ। ਪਰਿਵਾਰ ਪੰਜ ਮਹੀਨੇ ਤੋਂ ਉਸਦੀ ਤਲਾਸ਼ ਕਰ ਰਿਹਾ ਸੀ। ਪਹਿਲੀ ਅਪ੍ਰੈਲ ਨੂੰ ਅਮਰਜੀਤ ਸਿੰਘ ਦੇ ਚਾਚਾ ਅਮਨਪ੍ਰੀਤ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ’ਚ ਦੱਸਿਆ ਕਿ ਅਮਰਜੀਤ ਸਿੰਘ 13 ਨਵੰਬਰ 2025 ਤੋਂ ਲਾਪਤਾ ਹੈ। ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਅਮਨਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਪੁਲਿਸ ਨੇ ਜਾਂਚ ਸ਼ੁਰੂ ਕੀਤੀ।
ਪਤਾ ਲੱਗਿਆ ਕਿ ਅਮਰਜੀਤ ਸਿੰਘ ਲਗਭਗ 20 ਸਾਲ ਤੋਂ ਗੁਰਦੇਵ ਸਿੰਘ ਦੇ ਨਾਲ ਕੰਮ ਕਰ ਰਿਹਾ ਸੀ ਤੇ ਦੋਨਾਂ ਵਿਚ ਕਾਫ਼ੀ ਸਮੇਂ ਤੋਂ ਕੋਈ ਸੰਪਰਕ ਨਹੀਂ ਸੀ। ਪੁਲਿਸ ਨੇ ਗੁਰਦੇਵ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਐੱਸਪੀ ਵਿਨੀਤ ਅਹਿਲਾਵਤ ਤੇ ਡੀਐੱਸਪੀ ਓੰਕਾਰ ਸਿੰਘ ਬਰਾੜ ਦੀ ਅਗਵਾਈ ਹੇਠ ਬਣੀ ਖ਼ਾਸ ਟੀਮ ਨੇ ਗੁਰਦੇਵ ਸਿੰਘ ਨੂੰ ਟ੍ਰੇਸ ਕਰਕੇ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਉਸਨੇ ਦੱਸਿਆ ਕਿ ਉਸਦਾ ਅਮਰਜੀਤ ਨਾਲ ਪੈਸਿਆਂ ਦਾ ਲੈਣ-ਦੇਣ ਸੀ ਤੇ ਅਮਰਜੀਤ ਉਸਦੇ ਪੈਸੇ ਵਾਪਸ ਨਹੀਂ ਕਰ ਰਿਹਾ ਸੀ।
ਉਸ ਰਾਤ ਦੋਨਾਂ ਨੇ ਸ਼ਰਾਬ ਪੀਤੀ ਤੇ ਪੈਸੇ ਨਾ ਮਿਲਣ ’ਤੇ ਉਹ ਗੁੱਸੇ ’ਚ ਆ ਗਿਆ ਅਤੇ ਅਮਰਜੀਤ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਉਸਨੇ ਆਪਣੇ ਘਰ ਦੇ ਬਾਥਰੂਮ ਕੋਲ ਪੰਜ ਤੋਂ ਛੇ ਫੁੱਟ ਡੂੰਘਾ ਟੋਇਆ ਪੁੱਟ ਕੇ ਲਾਸ਼ ਨੂੰ ਪਲਾਸਟਿਕ ਦੇ ਬੋਰੇ ’ਚ ਪਾ ਕੇ ਦੱਬ ਦਿੱਤਾ। ਪੁਲਿਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਪਿੰਡ ਗਾਂਧਰਾ ਸਥਿਤ ਉਸਦੇ ਘਰ ’ਚ ਡਿਊਟੀ ਮੈਜਿਸਟ੍ਰੇਟ ਪਵਨਦੀਪ ਸਿੰਘ ਦੀ ਮੌਜੂਦਗੀ ’ਚ ਖੁਦਾਈ ਕਰਵਾ ਕੇ ਸ਼ਵ ਬਰਾਮਦ ਕਰ ਲਿਆ।
ਇਸ ਮੌਕੇ ਪਿੰਡ ਗਾਂਧਰਾ ਤੇ ਮਲਸੀਆਂ ਪੱਟੀ ਅਕਾਲਪੁਰ ਦੀਆਂ ਪੰਚਾਇਤਾਂ ਦੇ ਪ੍ਰਤੀਨਿਧੀ ਵੀ ਮੌਜੂਦ ਰਹੇ। ਪੁਲਿਸ ਨੇ ਦੱਸਿਆ ਕਿ ਸ਼ਵ ਨੂੰ ਪੋਸਟਮਾਰਟਮ ਲਈ ਡਾਕਟਰਾਂ ਦੇ ਬੋਰਡ ਕੋਲ ਭੇਜਿਆ ਜਾਵੇਗਾ ਤੇ ਮ੍ਰਿਤਕ ਦੇ ਡੀਐਨਏ ਸੈਂਪਲ ਵੀ ਲਏ ਜਾਣਗੇ, ਤਾਂ ਜੋ ਪਹਿਚਾਣ ਤੇ ਹੋਰ ਪੱਖਾਂ ਦੀ ਪੁਸ਼ਟੀ ਹੋ ਸਕੇ। ਇਸਦੇ ਨਾਲ ਹੀ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਨਾਲ ਮਾਮਲੇ ਦੇ ਪਿੱਛੇ ਦੇ ਕਾਰਨਾਂ ਦੀ ਹੋਰ ਜਾਂਚ ਕੀਤੀ ਜਾ ਸਕੇ।