ਜਮਸ਼ੇਰ ਦੀ ਮੁੱਖ ਸੜਕ ਦੀ ਖਸਤਾ ਹਾਲਤ ਲੋਕਾਂ ਲਈ ਬਣੀ ਮੁਸੀਬਤ
ਲਵਦੀਪ ਬੈਂਸ, ਪੰਜਾਬੀ ਜਾਗਰਣ,
Publish Date: Sat, 04 Apr 2026 08:20 PM (IST)
Updated Date: Sun, 05 Apr 2026 04:11 AM (IST)

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਵਿਧਾਨ ਸਭਾ ਹਲਕਾ ਜਲੰਧਰ ਕੈਂਟ ਅਧੀਨ ਆਉਂਦੇ ਕਸਬਾ ਜਮਸ਼ੇਰ ਖਾਸ ਦੇ ਲੋਕ ਇਲਾਕੇ ਦੀਆਂ ਬਦਹਾਲ ਹੋ ਚੁੱਕੀਆਂ ਸੜਕਾਂ ਖਾਸਕਰ ਮੁੱਖ ਸੜਕ ਦੀ ਬਦਹਾਲੀ ਕਾਰਨ ਖਾਸਾ ਪ੍ਰੇਸ਼ਾਨੀ ਭਰਿਆ ਜੀਵਨ ਬਤੀਤ ਕਰਨ ਲਈ ਮਜਬੂਰ ਹਨ। ਰਾਸ਼ਟਰੀ ਰਾਜ ਮਾਰਗ ਤੋਂ ਸਥਾਨਕ ਕਸਬਾ ਜਮਸ਼ੇਰ ਖਾਸ-ਨਕੋਦਰ -ਮੋਗਾ ਬਣਾਏ ਗਏ ਬਾਈਪਾਸ ਨਾਲ ਆਵਾਜਾਈ ਕਰਨ ਵਾਲੇ ਲੋਕਾਂ ਤੇ ਸ਼ਹਿਰ ਵਾਸੀਆਂ ਨੂੰ ਬੇਸ਼ੱਕ ਟ੍ਰੈਫਿਕ ਤੋਂ ਨਿਜਾਤ ਮਿਲ ਗਈ ਹੋਵੇ ਪ੍ਰੰਤੂ ਪਹਿਲਾਂ ਤੋਂ ਹੀ ਖਸਤਾ ਹਾਲ ਪਈ ਜੰਡਿਆਲਾ ਜਲੰਧਰ ਵਾਇਆ ਜਮਸ਼ੇਰ ਵਾਲੀ ਸੜਕ ਅੱਜ ਵੀ ਸਰਕਾਰ ਤੇ ਸਰਕਾਰ ਦੇ ਨੁਮਾਇੰਦਿਆਂ ਦੀ ਸਵੱਲੀ ਨਜ਼ਰ ਦੀ ਉਡੀਕ ਕਰ ਰਹੀ ਹੈ। ਸੜਕ ਦੀ ਹਾਲਤ ਇਹੋ ਜਿਹੀ ਹੈ ਕਿ ਪਤਾ ਹੀ ਨਹੀਂ ਲੱਗਦਾ ਕਿ ਸੜਕ ਚ ਖੱਡੇ ਨੇ ਜਾਂ ਖੱਡਿਆਂ ਚ ਸੜਕ ਹੈ। ਸੜਕਾਂ ਚ ਪਏ ਡੂੰਘੇ ਖੱਡੇ ਅਕਸਰ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ, ਜਿਸ ਨਾਲ ਰਾਹਗੀਰਾਂ ਨੂੰ ਸੱਟਾਂ- ਚੋਟਾਂ ਲੱਗ ਜਾਂਦੀਆਂ ਨੇ ਤੇ ਕਈ ਵਾਰ ਹਾਦਸਿਆਂ ਚ ਜਾਨ ਵੀ ਗੁਆ ਲੈਂਦੇ ਹਨ। ਇਥੇ ਜ਼ਿਕਰਯੋਗ ਹੈ ਕਿ ਜਲੰਧਰ ਤੋਂ ਜੰਡਿਆਲਾ ਮੁੱਖ ਮਾਰਗ ਤੇ ਕਰੀਬ 10 ਸਕੂਲ ਮੇਨ ਸੜਕ ਦੇ ਉੱਪਰ ਪੈਂਦੇ ਹਨ, ਜਿੱਥੇ ਸੈਂਕੜੇ ਵਿਦਿਆਰਥੀ ਹਰ ਰੋਜ਼ ਬੱਸਾਂ ਤੇ ਹੋਰਨਾਂ ਸਾਧਨਾਂ ਰਾਹੀਂ ਇਸ ਖਸਤਾ ਹਾਲਤ ਸੜਕ ਤੋਂ ਲੰਘਦੇ ਹਨ। ਇੰਨਾ ਹੀ ਨਹੀਂ, ਆਵਾਜਾਈ ਭਰਪੂਰ ਇਸ ਸੜਕ ਤੇ ਰੋਜ਼ਾਨਾ ਟੁੱਟੀਆਂ ਸੜਕਾਂ ਕਾਰਨ ਅਕਸਰ ਜਾਮ ਵੀ ਲਗਦਾ ਰਹਿੰਦਾ ਹੈ। ਜਮਸ਼ੇਰ, ਜੰਡਿਆਲਾ ਤੇ ਪ੍ਰਤਾਪਪੁਰਾ ਰਾਹੀਂ ਬਾਈਪਾਸ ਨਾਲ ਜੁੜਨ ਵਾਲੀ ਇਸ ਸੜਕ ਵਿਚਕਾਰ ਕਈ ਜਗ੍ਹਾ ਡੂੰਘੇ-ਡੂੰਘੇ ਟੋਏ ਪਏ ਹਨ ਤੇ ਇਹ ਸੜਕ ਭਾਰੀ ਵਾਹਨਾਂ ਦੀ ਆਵਾਜਾਈ ਝੱਲਣ ਤੋਂ ਅਸਮਰੱਥ ਹੋ ਚੁੱਕੀ ਹੈ। ਇਸ ਸਮੱਸਿਆ ਸਬੰਧੀ ਗੱਲਬਾਤ ਕਰਦਿਆਂ ਸਾਬਕਾ ਸਰਪੰਚ ਹਰਿੰਦਰ ਸਿੰਘ ਬਿੱਟੂ ਸ਼ਾਹ, ਪੰਚ ਬਿਕਰਮਜੀਤ ਸਿੰਘ ਵਿੱਕੀ, ਪੰਚ ਹੈਪੀ ਵਾਲੀਆ, ਆਰੀਅਨ ਭੱਟੀ, ਸਾਹਿਬ ਸਿੰਘ, ਗੁਰਪ੍ਰੀਤ ਸਿੰਘ ਸ਼ੇਰਗਿੱਲ, ਅਮਨਦੀਪ ਸਿੰਘ ਮਾਨ, ਅਮਿਤ ਕੁਮਾਰ ਤੇ ਹੋਰ ਲੋਕਾਂ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਸੜਕ ਦੀ ਹਾਲਤ ਸੁਧਾਰਨ ਲਈ ਕਾਰਵਾਈ ਕੀਤੀ ਜਾਵੇ, ਤਾਂ ਜੋ ਇਲਾਕਾਵਾਸੀ ਤੇ ਆਵਾਜਾਈ ਕਰਨ ਵਾਲੇ ਰਾਹਗੀਰਾਂ ਨੂੰ ਖਸਤਾ ਹਾਲਤ ਸੜਕ ਹੋਣ ਵਾਲੀ ਪ੍ਰੇਸ਼ਾਨੀ ਤੋਂ ਨਿਜਾਤ ਮਿਲ ਸਕੇ।