ਜਲੰਧਰ ਹਾਈਟਸ-2 ਨੇ ਪਹਿਲਾ ਲੀਗ ਮੈਚ ਜਿੱਤਿਆ
ਜਲੰਧਰ ਹਾਈਟਸ 2 ਨੇ ਪਹਿਲਾ ਲੀਗ ਮੈਚ ਜਿੱਤਿਆ
Publish Date: Sun, 29 Mar 2026 07:28 PM (IST)
Updated Date: Mon, 30 Mar 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹਲਕੀਆਂ ਫੁਹਾਰਾਂ ਵੀ ਕ੍ਰਿਕਟ ਪ੍ਰੇਮੀਆਂ ਦੇ ਜੋਸ਼ ਨੂੰ ਘਟਾ ਨਾ ਸਕੀਆਂ ਤੇ ਏਜੀਆਈ ਵੀਕਲੀ ਕ੍ਰਿਕਟ ਲੀਗ ਦਾ ਮੈਚ ਜਲੰਧਰ ਹਾਈਟਸ-1, 66 ਫੁੱਟ ਰੋਡ ਦੇ ਟੀ ਬਲਾਕ ਕ੍ਰਿਕਟ ਗਰਾਊਂਡ ’ਚ ਸ਼ੁਰੂ ਹੋਇਆ। ਅੱਜ ਦਾ ਮੈਚ ਜਲੰਧਰ ਹਾਈਟਸ-2 ਤੇ ਜਲੰਧਰ ਹਾਈਟਸ-3 ਵਿਚਕਾਰ ਖੇਡਿਆ ਗਿਆ, ਜਿਸ ’ਚ ਜਲੰਧਰ ਹਾਈਟਸ-2 ਨੇ 5 ਦੌੜਾਂ ਨਾਲ ਜਿੱਤ ਦਰਜ ਕੀਤੀ। ਜਲੰਧਰ ਹਾਈਟਸ-2 ਨੇ 107 ਦੌੜਾਂ ਬਣਾਈਆਂ, ਜਦਕਿ ਜਲੰਧਰ ਹਾਈਟਸ-3 ਦੀ ਟੀਮ 102 ਦੌੜਾਂ ਤੱਕ ਹੀ ਪਹੁੰਚ ਸਕੀ। ਟਾਸ ਜਿੱਤ ਕੇ ਜਲੰਧਰ ਹਾਈਟਸ-2 ਨੇ ਪਹਿਲਾਂ ਬੱਲੇਬਾਜ਼ੀ ਕੀਤੀ। ਟੀਮ ਦੇ ਬੱਲੇਬਾਜ਼ ਬਲਬੀਰ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ 4 ਛੱਕਿਆਂ ਤੇ 5 ਚੌਕਿਆਂ ਦੀ ਮਦਦ ਨਾਲ 60 ਦੌੜਾਂ ਬਣਾਈਆਂ। ਹਰਪ੍ਰੀਤ ਪਾਲ ਨੇ 47 ਦੌੜਾਂ ਦਾ ਯੋਗਦਾਨ ਦਿੱਤਾ। 107 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਜਲੰਧਰ ਹਾਈਟਸ-3 ਦੀ ਟੀਮ 102 ਦੌੜਾਂ ਹੀ ਬਣਾ ਸਕੀ। ਟੀਮ ਵੱਲੋਂ ਮੋਂਟੂ ਨੇ 50 ਦੌੜਾਂ ਬਣਾਈਆਂ, ਜਦਕਿ ਦਿਆਮ ਨੇ 32 ਦੌੜਾਂ ਤੇ ਤਿਵਾਰੀ ਨੇ 20 ਦੌੜਾਂ ਜੋੜੀਆਂ। ਜਲੰਧਰ ਹਾਈਟਸ-2 ਦੇ ਜਸਤਰਣ ਨੇ 4 ਵਿਕਟਾਂ ਲੈ ਕੇ ਮੈਚ ਦਾ ਸਰਬੋਤਮ ਗੇਂਦਬਾਜ਼ ਬਣਿਆ, ਜਦਕਿ ਬਲਬੀਰ ਨੂੰ ਸਰਬੋਤਮ ਬੱਲੇਬਾਜ਼ ਐਲਾਨਿਆ ਗਿਆ।