ਹਥਿਆਰ ਸਪਲਾਈ ਕਰਨ ਆਇਆ ਸੀ ਮੁਲਜ਼ਮ ਗੋਪੀ
ਜਲੰਧਰ ਐਨਕਾਊਂਟਰ: ਗੈਂਗ ਦੇ ਗੁਰਗਿਆਂ ਨੂੰ ਹਥਿਆਰ ਸਪਲਾਈ ਕਰਨ ਆਇਆ ਸੀ ਮੁਲਜ਼ਮ ਗੋਪੀ
Publish Date: Mon, 23 Mar 2026 10:12 PM (IST)
Updated Date: Mon, 23 Mar 2026 10:13 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ’ਚ ਪੁਲਿਸ ਤੇ ਗੈਂਗਸਟਰ ਵਿਚਕਾਰ ਹੋਈ ਮੁਕਾਬਲੇ ’ਚ ਕਾਬੂ ਕੀਤਾ ਗਿਆ ਮੁਲਜ਼ਮ ਗੋਪੀ ਉਰਫ਼ ਗੋਪਾ ਵੱਡੇ ਅਪਰਾਧਿਕ ਨੈੱਟਵਰਕ ਨਾਲ ਜੁੜਿਆ ਹੋਇਆ ਨਿਕਲਿਆ ਹੈ। ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਉਹ ਬਦਮਾਸ਼ ਸੋਨੂ ਖਤਰੀ ਤੇ ਗੋਲਡੀ ਬਰਾਡ ਗੈਂਗ ਦੇ ਗੁਰਗਿਆਂ ਨੂੰ ਹਥਿਆਰ ਮੁਹੱਈਆ ਕਰਵਾਉਣ ਦੇ ਇਰਾਦੇ ਨਾਲ ਸ਼ਹਿਰ ’ਚ ਆਇਆ ਸੀ। ਪੁਲਿਸ ਨੂੰ ਸ਼ੱਕ ਹੈ ਕਿ ਸ਼ਹਿਰ ’ਚ ਕਿਸੇ ਵੱਡੀ ਵਾਰਦਾਤ ਦੀ ਸਾਜ਼ਿਸ਼ ਰਚੀ ਜਾ ਰਹੀ ਸੀ। ਗੋਪਾ ਕੋਲੋਂ ਮਿਲੇ ਹਥਿਆਰਾਂ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਹ ਵੀ ਵਿਦੇਸ਼ ’ਚ ਬੈਠੇ ਗੋਲਡੀ ਬਰਾੜ ਦੇ ਕਹਿਣ ’ਤੇ ਪਹੁੰਚਾਏ ਜਾ ਰਹੇ ਸਨ। ਇਸ ਤੋਂ ਪਹਿਲਾਂ ਇਸ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਉਸਦੇ ਸਾਥੀ ਗੱਬਰ ਕੋਲੋਂ ਵੀ ਜੋ ਹਥਿਆਰ ਮਿਲੇ ਸਨ, ਉਹ ਕਿਸੇ ਥਾਂ ’ਤੇ ਰੰਗਦਾਰੀ ਨਾ ਮਿਲਣ ਕਾਰਨ ਡਰਾਉਣ ਲਈ ਗੋਲੀਆਂ ਚਲਾਉਣ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਲਿਆਂਦੇ ਗਏ ਸਨ। ਉਸ ਵਾਰਦਾਤ ਦੇ ਅਸਫਲ ਰਹਿਣ ਕਾਰਨ ਗੋਲਡੀ ਬਰਾੜ ਦੇ ਗੁਰਗਿਆਂ ਨੂੰ ਇਹ ਹਥਿਆਰ ਦਿੱਤੇ ਜਾਣੇ ਸਨ ਤਾਂ ਜੋ ਉਹ ਅਧੂਰਾ ਕੰਮ ਪੂਰਾ ਕਰ ਸਕਣ।