ਅਰਬਨ ਅਸਟੇਟ ’ਚ ਦਿਨ-ਦਿਹਾੜੇ ਲੁੱਟ, ਲੇਡੀ ਜਿਊਲਰ ਤੋਂ 19 ਲੱਖ ਨਾਲ ਭਰਿਆ ਬੈਗ ਖੋਹਿਆ
ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਦੀਆਂ ਉੱਡੀਆਂ ਧੱਜੀਆਂ
Publish Date: Fri, 06 Feb 2026 08:19 PM (IST)
Updated Date: Sat, 07 Feb 2026 04:09 AM (IST)
* ਪੁਲਿਸ ਖੰਗਾਲ ਰਹੀ ਸੀਸੀਟੀਵੀ ਕੈਮਰਿਆਂ ਦੇ ਫੁਟੇਜ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਅਰਬਨ ਅਸਟੇਟ ਇਲਾਕੇ ’ਚ ਦਿਨ-ਦਿਹਾੜੇ ਲੁੱਟ ਦੀ ਵੱਡੀ ਵਾਰਦਾਤ ਹੋ ਗਈ। ਫੁੱਟਬਾਲ ਚੌਕ ਨੇੜੇ ਰਹਿਣ ਵਾਲੀ ਨੀਲਮ, ਜੋ ਆਰਟੀਫਿਸ਼ੀਅਲ ਜਿਊਲਰੀ ਦਾ ਕੰਮ ਕਰਦੀ ਹੈ, ਤੋਂ ਬਾਈਕ ਸਵਾਰ ਬਦਮਾਸ਼ 19 ਲੱਖ ਰੁਪਏ ਦੀ ਨਕਦੀ ਨਾਲ ਭਰਿਆ ਬੈਗ ਖੋਹ ਕੇ ਫ਼ਰਾਰ ਹੋ ਗਏ। ਘਟਨਾ ਉਸ ਸਮੇਂ ਹੋਈ ਜਦੋਂ ਔਰਤ ਆਪਣੇ ਪਤੀ ਨਾਲ ਐੱਚਡੀਐੱਫਸੀ ਬੈਂਕ ਤੋਂ ਰਕਮ ਕੱਢਾ ਕੇ ਆਪਣੀ ਕਾਰ ’ਚ ਬੈਠਣ ਜਾ ਰਹੀ ਸੀ। ਪੀੜਤਾ ਨੀਲਮ ਨੇ ਦੱਸਿਆ ਕਿ ਉਹ ਕਿਸੇ ਜ਼ਰੂਰੀ ਕੰਮ ਕਾਰਨ ਬੈਂਕ ਤੋਂ ਵੱਡੀ ਰਕਮ ਕੱਢਵਾ ਕੇ ਬਾਹਰ ਆਈ ਸੀ। ਉਸ ਨੇ ਦੱਸਿਆ ਕਿ ਕਿਸੇ ਨੂੰ 19 ਲੱਖ ਦੀ ਪੇਮੈਂਟ ਕਰਨੀ ਸੀ। ਦੋ ਲੱਖ ਰੁਪਏ ਘਰ ਦੇ ਲਈ, ਬਾਕੀ ਕੁੱਝ ਹੋਰ ਬੈਂਕਾਂ ਤੋਂ ਕੱਢਵਾਏ, ਦੋ ਲੱਖ ਐੱਚਡੀਐੱਫਸੀ ਬੈਂਕ ਤੋਂ ਕੱਢਵਾਏ ਸਨ। ਜਿਵੇਂ ਹੀ ਉਨ੍ਹਾਂ ਪੈਸਿਆਂ ਨਾਲ ਭਰਿਆ ਬੈਗ ਕਾਰ ’ਚ ਰੱਖਣਾ ਚਾਹਿਆ ਤਾਂ ਐਕਟਿਵਾ ਸਵਾਰ ਦੋ ਨੌਜਵਾਨ ਅਚਾਨਕ ਉਥੇ ਪੁੱਜੇ। ਉਨਾਂ ਦੇ ਹੱਥਾਂ ’ਚ ਤਲਵਾਰ ਸੀ। ਇਸ ਤੋਂ ਪਹਿਲਾਂ ਕਿ ਉਹ ਕੁੱਝ ਸਮਝ ਪਾਉਂਦੇ, ਮੁਲਜ਼ਮਾਂ ਨੂੰ ਝਪੱਟਾ ਮਾਰ ਕੇ ਬੈਗ ਖੋਹਿਆ ਤੇ ਤੇਜ਼ ਰਫ਼ਤਾਰ ਨਾਲ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ-7 ਦੀ ਪੁਲਿਸ ਮੌਕੇ ’ਤੇ ਪੁੱਜੀ ਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ। ਪੁਲਿਸ ਦਾ ਮੰਨਣਾ ਹੈ ਕਿ ਬਦਮਾਸ਼ਾਂ ਨੇ ਪਹਿਲਾਂ ਤੋਂ ਰੇਕੀ ਕੀਤੀ ਹੋ ਸਕਦੀ ਹੈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਤੇ ਮੁਲਜ਼ਮਾਂ ਦੀ ਤਲਾਸ਼ ਲਈ ਨਾਕਾਬੰਦੀ ਕੀਤੀ ਜਾ ਰਹੀ ਹੈ। ਥਾਮਾ ਮੁਖੀ ਬਲਵਿੰਤਰ ਸਿੰਘ ਨੇ ਦੱਸਿਆ ਕਿ ਫਿਲਹਾਲ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਛੇਤੀ ਮੁਲਜ਼ਮਾਂ ਦੀ ਪਛਾਣ ਕਰਵਾ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।