ਔਰਤਾਂ ਨੂੰ ਸਤਿਕਾਰ ਰਾਸ਼ੀ ਦੇਣ ਦੀ ਖੁਸ਼ੀ ’ਚ ਕੱਢੀ ਜਾਗੋ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ,
Publish Date: Fri, 13 Mar 2026 09:35 PM (IST)
Updated Date: Fri, 13 Mar 2026 09:39 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਔਰਤਾਂ ਨੂੰ ਹਰ ਮਹੀਨੇ 1000/1500 ਰੁਪਏ ਸਨਮਾਨ ਰਾਸ਼ੀ ਦੇਣ ਦੇ ਕੀਤੇ ਗਏ ਇਤਿਹਾਸਕ ਐਲਾਨ ਦੀ ਖੁਸ਼ੀ ਵਿੱਚ ਆਮ ਆਦਮੀ ਪਾਰਟੀ ਵੱਲੋਂ ਜਸ਼ਨ ਮਨਾਏ ਗਏ। 'ਆਪ' ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਦਫ਼ਤਰ ਸ਼ਾਹਕੋਟ ਤੋਂ ਇੱਕ 'ਜਾਗੋ' ਕੱਢੀ ਗਈ, ਜਿਸ ਵਿੱਚ ਇਲਾਕੇ ਦੀਆਂ ਔਰਤਾਂ ਅਤੇ ਪਾਰਟੀ ਵਰਕਰਾਂ ਨੇ ਸ਼ਿਰਕਤ ਕੀਤੀ। ਖੁਸ਼ੀ ਵਿੱਚ ਖੀਵੀਆਂ ਹੋਈਆਂ ਔਰਤਾਂ ਅਤੇ ਪਾਰਟੀ ਵਰਕਰਾਂ ਵੱਲੋਂ ਢੋਲ ਤੇ ਚਿਮਟਿਆਂ ਦੀ ਥਾਪ 'ਤੇ ਜਸ਼ਨ ਮਨਾਇਆ ਗਿਆ। ਇਸ ਮੌਕੇ ਖਿੱਚ ਦਾ ਕੇਂਦਰ 'ਜਗੀਰੋ ਤਾਈ' ਰਹੀ, ਜਿਸ ਦੀ ਅਗਵਾਈ ਹੇਠ ਔਰਤਾਂ ਵੱਲੋਂ ਗਿੱਧਾ ਪਾਇਆ ਗਿਆ ਅਤੇ ਪੰਜਾਬ ਸਰਕਾਰ ਦੇ ਹੱਕ ਵਿੱਚ ਬੋਲੀਆਂ ਪਾਈਆਂ ਗਈਆਂ। ਰਵਾਇਤੀ ਪੰਜਾਬੀ ਪਹਿਰਾਵੇ (ਚਾਦਰੇ, ਕੁੜਤੇ ਅਤੇ ਪੱਗਾਂ) ਵਿੱਚ ਸਜੇ ਕਲਾਕਾਰਾਂ ਨੇ ਚਿਮਟੇ ਵਜਾ ਕੇ ਮਾਹੌਲ ਨੂੰ ਪੂਰੀ ਤਰ੍ਹਾਂ ਵਿਆਹ ਵਰਗਾ ਬਣਾ ਦਿੱਤਾ।
ਜਾਗੋ ਵਿੱਚ ਸ਼ਾਮਲ ਔਰਤਾਂ ਅਤੇ ਆਗੂਆਂ ਨੇ ਆਪਣੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ਰਾਹੀਂ ਉਹ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਵੱਡੇ ਫੈਸਲੇ ਲਈ ਧੰਨਵਾਦ ਕਰ ਰਹੀਆਂ ਸਨ। ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਅਤੇ ਹੋਰ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਦੌਰਾਨ ਜੋ ਗਾਰੰਟੀ ਦਿੱਤੀ ਸੀ, ਉਹ ਪੂਰੀ ਕਰਕੇ ਦਿਖਾਈ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਅਤੇ ਆਤਮ-ਨਿਰਭਰ ਬਣਾਉਣ ਲਈ ਸਰਕਾਰ ਦਾ ਇਹ ਕਦਮ ਸ਼ਲਾਘਾਯੋਗ ਹੈ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਬੀਰ ਸਿੰਘ, ਐੱਮਸੀ ਰਾਖੀ ਮੱਟੂ, ਯੂਥ ਆਗੂ ਬਬਲੂ ਰਿਹਾਨ, ਮਹਿਲਾ ਆਗੂ ਨਵਜੋਤ ਕੌਰ, ਸਰਪੰਚ ਸਰਬਜੀਤ ਸਿੰਘ ਮੁੱਚੀ, ਸ਼ਹਿਰੀ ਪ੍ਰਧਾਨ ਮਨੋਜ ਅਰੋੜਾ, ਸਿਖਿਆ ਕੁਆਰਡੀਨੇਟਰ ਜਤਿੰਦਰਪਾਲ ਬੱਲਾ, ਜ਼ਿਲ੍ਹਾ ਵਾਈਸ ਪ੍ਰਧਾਨ ਕੁਲਦੀਪ ਸਿੰਘ ਦੀਦ, ਬਲਜਿੰਦਰ ਸਿੰਘ ਖਿੰਡਾ, ਸਕੱਤਰ ਜਸਪਾਲ ਸਿੰਘ ਮਿਗਲਾਨੀ, ਪਰਮਵੀਰ ਸਿੰਘ ਪੰਮਾ, ਟਕਸਾਲੀ ਆਗੂ ਰੂਪ ਲਾਲ ਸ਼ਰਮਾ , ਮੱਖਣ ਯੂਕੇ ਤੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰ, ਅਹੁਦੇਦਾਰ ਅਤੇ ਇਲਾਕੇ ਦੀਆਂ ਔਰਤਾਂ ਹਾਜ਼ਰ ਸਨ