ਭਾਜਪਾ ਦੇ ਨਵੇਂ ਵਰਕਰਾਂ ਦਾ ਵਿਰੋਧ ਕਰਨਾ ਮੰਦਭਾਗਾ : ਗੋਇਲ
ਭਾਜਪਾ ਦੇ ਪੁਰਾਣੇ ਅਹੁਦੇਦਾਰਾਂ ਵੱਲੋਂ ਨਵੇਂ ਵਰਕਰਾਂ ਦਾ ਵਿਰੋਧ ਕਰਨਾ ਮੰਦਭਾਗਾ : ਗੋਇਲ
Publish Date: Wed, 25 Feb 2026 09:22 PM (IST)
Updated Date: Wed, 25 Feb 2026 09:25 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਭਾਰਤੀ ਜਨਤਾ ਪਾਰਟੀ ਵਿਚ ਨਵੇਂ ਸ਼ਾਮਲ ਹੋਏ ਮਿਹਨਤੀ ਤੇ ਇਮਾਨਦਾਰ ਵਰਕਰਾਂ ਦਾ ਪਾਰਟੀ ਦੇ ਪੁਰਾਣੇ ਅਹੁਦੇਦਾਰਾਂ ਵੱਲੋਂ ਵਿਰੋਧ ਕੀਤਾ ਜਾਣਾ ਬੇਹੱਦ ਮੰਦਭਾਗਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਦੇ ਯੂਥ ਆਗੂ ਰਵੀਸ਼ ਗੋਇਲ ਨੇ ਕਿਹਾ ਕਿ ਪਾਰਟੀ ਦੀ ਹਾਈਕਮਾਨ ਵੀ ਇਸ ਮਸਲੇ ਵਿੱਚ ਚੁੱਪੀ ਧਾਰੀ ਬੈਠੀ ਹੈ, ਜਿਸ ਕਾਰਨ ਨਵੇਂ ਆਏ ਵਰਕਰਾਂ ਦੇ ਮਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਭਾਜਪਾ ਹਾਈਕਮਾਨ ਨੂੰ ਪੁੱਛਿਆ ਕਿ ਜੇਕਰ ਪੁਰਾਣੇ ਅਹੁਦੇਦਾਰਾਂ ਵੱਲੋਂ ਨਵੇਂ ਵਰਕਰਾਂ ਦਾ ਇਸੇ ਤਰ੍ਹਾਂ ਵਿਰੋਧ ਕਰਨਾ ਹੈ ਤਾਂ ਪਾਰਟੀ ਦਾ ਵਿਸਥਾਰ ਕਿਸ ਤਰ੍ਹਾਂ ਕੀਤਾ ਜਾਵੇਗਾ। ਰਵੀਸ਼ ਗੋਇਲ ਨੇ ਦੱਸਿਆ ਕਿ ਇਹ ਸਾਰਾ ਮਾਮਲਾ ਉਦੋਂ ਉਜਾਗਰ ਹੋਇਆ ਜਦੋਂ ਪਾਰਟੀ ਹਾਈਕਮਾਨ ਵੱਲੋਂ ਮਿਹਨਤੀ ਤੇ ਆਮ ਲੋਕਾਂ ‘ਚ ਵਿਚਰਨ ਵਾਲੇ ਆਗੂ ਰਾਣਾ ਹਰਦੀਪ ਨੂੰ ਮੋਗਾ ਰੈਲੀ ਸਬੰਧੀ ਇੰਚਾਰਜ ਲਾਇਆ ਗਿਆ। ਪਾਰਟੀ ਦੇ ਕੁਝ ਪੁਰਾਣੇ ਵਰਕਰਾਂ ਵੱਲੋਂ ਇਸਦਾ ਸਖ਼ਤ ਵਿਰੋਧ ਕੀਤਾ ਗਿਆ, ਜਿਸ ਤੋਂ ਬਾਅਦ ਫੌਰੀ ਹੀ ਭਾਜਪਾ ਦੀ ਸੂਬਾ ਕਮੇਟੀ ਵੱਲੋਂ ਰਾਣਾ ਹਰਦੀਪ ਦਾ ਨਾਮ ਵਾਪਸ ਲੈ ਲਿਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਜਲੰਧਰ ਦੱਖਣੀ ਦੀ ਇਕਾਈ ਵਿਚ ਇਹ ਪਹਿਲੀ ਵਾਰੀ ਹੋਇਆ ਸੀ ਕਿ ਰਾਣਾ ਹਰਦੀਪ ਦੇ ਆਉਣ ਨਾਲ ਸ਼ਾਹਕੋਟ ਹਲਕੇ ਦੇ 90 ਫੀਸਦੀ ਪਿੰਡਾਂ ਵਿਚ ਭਾਰਤੀ ਜਨਤਾ ਪਾਰਟੀ ਦੇ ਬੂਥ ਲੱਗੇ ਸਨ, ਜਿਸ ਕਾਰਨ ਭਾਜਪਾ ਨੂੰ ਪਿੰਡਾਂ ਚੋਂ ਭਰਵਾਂ ਹੁੰਗਾਰਾ ਮਿਲਿਆ ਸੀ ਪਰ ਪਾਰਟੀ ਦੇ ਸਿਰਫ ਸ਼ਹਿਰੀ ਵਿੰਗ ਨੇ, ਜਿਹੜਾ ਕਿ ਪਿੰਡਾਂ ਵਿਚ ਜਾ ਕੇ ਕੰਮ ਵੀ ਨਹੀਂ ਕਰਦਾ, ਰਾਣਾ ਹਰਦੀਪ ਦਾ ਵਿਰੋਧ ਕੀਤਾ। ਰਵੀਸ਼ ਗੋਇਲ ਨੇ ਦੋਸ਼ ਲਾਇਆ ਕਿ ਇਸ ਸ਼ਹਿਰੀ ਵਿੰਗ ਵੱਲੋਂ ਨਗਰ ਪੰਚਾਇਤ ਦੀਆਂ ਚੋਣਾਂ ਵਿਚ ਵੀ ਧੜੇਬੰਦੀ ਕੀਤੀ ਗਈ ਸੀ ਜਿਸ ਦਾ ਖਮਿਆਜ਼ਾ ਪਾਰਟੀ ਨੂੰ ਸਾਰੀਆਂ ਸੀਟਾਂ ਹਾਰ ਕੇ ਚੁਕਾਉਣਾ ਪਿਆ ਸੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਪਾਰਟੀ ਨੂੰ ਇਸ ਦਾ ਭਾਰੀ ਖਮਿਆਜ਼ਾ ਭੁਗਤਣਾ ਪਵੇਗਾ।