ਸੀਐੱਮ ਵੱਲੋਂ ਧਾਰਮਿਕ ਸ਼ਖ਼ਸੀਅਤਾਂ ’ਤੇ ਤੰਜ ਕੱਸਣਾ ਮੰਦਭਾਗਾ : ਚੰਦੀ
ਮੁੱਖ ਮੰਤਰੀ ਵੱਲੋਂ ਧਾਰਮਿਕ ਸਖਸ਼ੀਅਤਾਂ ‘ਤੇ ਤੰਜ ਕੱਸਣਾ ਮੰਦਭਾਗਾ: ਚੰਦੀ
Publish Date: Tue, 03 Feb 2026 07:11 PM (IST)
Updated Date: Wed, 04 Feb 2026 04:11 AM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਸਬੰਧੀ ਕੀਤੇ ਗਏ ਅਸਿੱਧੇ ਤੇ ਵਿਵਾਦਤ ਟਵੀਟ ਦੀ ਭਾਰਤੀ ਜਨਤਾ ਪਾਰਟੀ ਹਲਕਾ ਸ਼ਾਹਕੋਟ ਦੇ ਇੰਚਾਰਜ ਨਰਿੰਦਰਪਾਲ ਸਿੰਘ ਚੰਦੀ ਨੇ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੰਦੀ ਨੇ ਕਿਹਾ ਕਿ ਇਕ ਸੰਵਿਧਾਨਕ ਅਹੁਦੇ ‘ਤੇ ਬੈਠੇ ਵਿਅਕਤੀ ਵੱਲੋਂ ਅਜਿਹੀ ਸ਼ਬਦਾਵਲੀ ਵਰਤਣੀ ਬੇਹੱਦ ਮੰਦਭਾਗੀ ਅਤੇ ਗੈਰ-ਜ਼ਿੰਮੇਵਾਰਾਨਾ ਹੈ। ਡੇਰਾ ਬਿਆਸ ਇੱਕ ਅਧਿਆਤਮਿਕ ਸੰਸਥਾ ਹੈ, ਜਿਸ ਨਾਲ ਪੰਜਾਬ ਹੀ ਨਹੀਂ ਸਗੋਂ ਦੇਸ਼-ਵਿਦੇਸ਼ ਦੇ ਲੱਖਾਂ ਲੋਕਾਂ ਦੀ ਆਸਥਾ ਜੁੜੀ ਹੋਈ ਹੈ। ਡੇਰਾ ਬਿਆਸ ਨੇ ਹਮੇਸ਼ਾ ਸਮਾਜ ਸੇਵਾ ਤੇ ਮਾਨਵਤਾ ਦੀ ਭਲਾਈ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਿਆਸੀ ਰੋਟੀਆਂ ਸੇਕਣ ਲਈ ਅਜਿਹੀਆਂ ਮਹਾਨ ਸ਼ਖਸੀਅਤਾਂ ‘ਤੇ ਤੰਜ ਕੱਸਣਾ ਉਨ੍ਹਾਂ ਦੀ ਬੌਖਲਾਹਟ ਨੂੰ ਦਰਸਾਉਂਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਤ ਹੋਈ ਹੈ ਅਤੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਲਈ ਮੁੱਖ ਮੰਤਰੀ ਜਾਣਬੁੱਝ ਕੇ ਧਾਰਮਿਕ ਅਤੇ ਸਮਾਜਿਕ ਆਗੂਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਮੁੱਖ ਮੰਤਰੀ ਵੱਲੋਂ ਅਜਿਹੀਆਂ ਟਿੱਪਣੀਆਂ ਨਾਲ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਤੁਰੰਤ ਆਪਣਾ ਬਿਆਨ ਵਾਪਸ ਲੈਣ ਅਤੇ ਸਮੁੱਚੀ ਸਾਧ ਸੰਗਤ ਤੋਂ ਬਿਨਾਂ ਸ਼ਰਤ ਮੁਆਫੀ ਮੰਗਣ।