ਗਰੰਟੀਆਂ ਪੂਰਾ ਕਰਨਾ ਸਾਡੀ ਜਿੰਮੇਵਾਰੀ ਹੈ” - ਅੰਮ੍ਰਿਤਪਾਲ ਸਿੰਘ

ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਆਪ ਦੀ ਰਾਜਨੀਤੀ ਭਰੋਸੇ, ਇਮਾਨਦਾਰੀ ਤੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਵਚਨਬੱਧਤਾ ’ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਗਰੰਟੀ ਸਿਰਫ਼ ਚੋਣ ਨਾਅਰਾ ਨਹੀਂ, ਸਗੋਂ ਲੋਕਾਂ ਨਾਲ ਕੀਤਾ ਗਿਆ ਉਹ ਵਾਅਦਾ ਹੈ ਜਿਸ ਨੂੰ ਪੂਰਾ ਕਰਨਾ ਪਾਰਟੀ ਦੀ ਜ਼ਿੰਮੇਵਾਰੀ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਵਾਅਦੇ ਨੂੰ ਪੂਰਾ ਕਰਕੇ ਦਿਖਾ ਰਹੀ ਹੈ। ਸਥਾਨਕ ਸਰਕਟ ਹਾਊਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮਾਜਿਕ ਨਿਆਂ ਤੇ ਔਰਤਾਂ ਦੇ ਵਧੇਰੇ ਸਸ਼ਕਤੀਕਰਨ ਨੂੰ ਯਕੀਨੀ ਬਣਾਉਣ ਲਈ ਇਤਿਹਾਸਕ ਫੈਸਲਾ ਲਿਆ ਗਿਆ ਹੈ। ਇਸ ਯੋਜਨਾ ਤਹਿਤ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1500 ਤੇ 18 ਸਾਲ ਤੋਂ ਵੱਧ ਉਮਰ ਦੀਆਂ ਹੋਰਨਾਂ ਨੂੰ ਪ੍ਰਤੀ ਮਹੀਨਾ 1000 ਦੀ ਸਿੱਧੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਸ ਮੌਕੇ ਦਿਹਾਤੀ ਪ੍ਰਧਾਨ ਪ੍ਰਦੀਪ ਦੁੱਗਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਔਰਤਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਬਣਾਉਣ ਲਈ ਲਏ ਗਏ ਫੈਸਲੇ ਇਤਿਹਾਸਕ ਹਨ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਮਿਲਣ ਵਾਲੀ ਇਹ ਵਿੱਤੀ ਸਹਾਇਤਾ ਉਨ੍ਹਾਂ ਦੀ ਆਰਥਿਕ ਆਤਮਨਿਰਭਰਤਾ ਨੂੰ ਮਜ਼ਬੂਤ ਕਰੇਗੀ ਤੇ ਘਰੇਲੂ ਖਰਚਾਂ ’ਚ ਵੀ ਵੱਡੀ ਮਦਦ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਫੈਸਲਾ ਸਮਾਜਿਕ ਨਿਆਂ ਤੇ ਸਮਾਨਤਾ ਵੱਲ ਇਕ ਵੱਡਾ ਕਦਮ ਹੈ। ਇਸ ਮੌਕੇ ਹਲਕਾ ਇੰਚਾਰਜ ਜਲੰਧਰ ਕੈਂਟ ਰਾਜਵਿੰਦਰ ਕੌਰ ਥਿਆੜਾ ਨੇ ਕਿਹਾ ਕਿ ਇਹ ਸਿਰਫ਼ ਇਕ ਯੋਜਨਾ ਨਹੀਂ, ਸਗੋਂ ਪੰਜਾਬ ਦੀਆਂ ਮਾਵਾਂ, ਭੈਣਾਂ ਤੇ ਧੀਆਂ ਦਾ ਸਨਮਾਨ ਕਰਨ ਦਾ ਫੈਸਲਾ ਹੈ। ਪੰਜਾਬ ਸਰਕਾਰ ਨੇ ਇਸ ਯੋਜਨਾ ਲਈ ਆਪਣੇ ਬਜਟ ’ਚ 9300 ਕਰੋੜ ਰੁਪਏ ਰਾਖਵੇਂ ਕੀਤੇ ਹਨ, ਜੋ ਕਿ ਦੇਸ਼ ਵਿੱਚ ਔਰਤਾਂ ਲਈ ਸਭ ਤੋਂ ਵੱਡੀਆਂ ਸਿੱਧੀ ਵਿੱਤੀ ਸਹਾਇਤਾ ਯੋਜਨਾਵਾਂ ਵਿੱਚੋਂ ਇੱਕ ਹੈ। ਉਨ੍ਹਾਂ ਦੱਸਿਆ ਕਿ ਇਹ ਰਕਮ ਸਿੱਧੀ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਜਾਵੇਗੀ ਅਤੇ ਇਹ ਯੋਜਨਾ 13 ਅਪ੍ਰੈਲ ਵਿਸਾਖੀ ਦੇ ਮੌਕੇ ‘ਤੇ ਸ਼ੁਰੂ ਕੀਤੀ ਜਾਵੇਗੀ। ਇਸ ਨੂੰ ਸਫਲ ਬਣਾਉਣ ਲਈ ਪੰਜਾਬ ਭਰ ਵਿੱਚ ਵਿਸ਼ੇਸ਼ ਰਜਿਸਟ੍ਰੇਸ਼ਨ ਕੈਂਪ ਲਗਾਏ ਜਾਣਗੇ ਤਾਂ ਜੋ ਹਰ ਯੋਗ ਮਹਿਲਾ ਆਸਾਨੀ ਨਾਲ ਇਸ ਯੋਜਨਾ ਵਿੱਚ ਸ਼ਾਮਲ ਹੋ ਸਕੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਔਰਤਾਂ ਦੀ ਭਲਾਈ ਲਈ ਪਹਿਲਾਂ ਵੀ ਕਈ ਮਹੱਤਵਪੂਰਨ ਕਦਮ ਚੁੱਕੇ ਹਨ। ਔਰਤਾਂ ਲਈ ਮੁਫ਼ਤ ਬੱਸ ਯਾਤਰਾ, ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਮੁਫ਼ਤ ਇਲਾਜ ਅਤੇ ਘਰਾਂ ਲਈ ਮੁਫ਼ਤ ਬਿਜਲੀ ਵਰਗੇ ਫੈਸਲਿਆਂ ਨੇ ਮਿਲ ਕੇ ਪੰਜਾਬ ਦੀਆਂ ਔਰਤਾਂ ਲਈ ਮਜ਼ਬੂਤ ਸਮਾਜਿਕ ਸੁਰੱਖਿਆ ਜਾਲ ਤਿਆਰ ਕੀਤਾ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਫਰਕ ਸਪੱਸ਼ਟ ਹੈ ਪੁਰਾਣੀ ਰਾਜਨੀਤੀ ਅਤੇ ਨਵੀਂ ਰਾਜਨੀਤੀ ਦਾ। ਪਿਛਲੀਆਂ ਸਰਕਾਰਾਂ ਧਰਮ, ਜਾਤ ਅਤੇ ਪਛਾਣ ਦੇ ਨਾਮ ‘ਤੇ ਵੋਟਾਂ ਮੰਗਦੀਆਂ ਰਹੀਆਂ ਪਰ ਔਰਤਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣ ਲਈ ਗੰਭੀਰ ਯਤਨ ਨਹੀਂ ਕੀਤੇ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਰਾਜਨੀਤੀ ਦੀ ਦਿਸ਼ਾ ਹੀ ਬਦਲ ਦਿੱਤੀ ਹੈ। ਹੁਣ ਸਰਕਾਰੀ ਪੈਸਾ ਲੋਕਾਂ ਦੀ ਭਲਾਈ ‘ਤੇ ਖਰਚ ਹੋ ਰਿਹਾ ਹੈ ਕਿਉਂਕਿ ਇਮਾਨਦਾਰ ਸਰਕਾਰ ਵਿੱਚ ਪੈਸਾ ਭ੍ਰਿਸ਼ਟਾਚਾਰ ਵਿੱਚ ਨਹੀਂ ਜਾਂਦਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਇੱਕੋ ਸਮੇਂ ਕਈ ਵੱਡੇ ਵਿਕਾਸੀ ਕੰਮ ਹੋ ਰਹੇ ਹਨ। ਸਰਕਾਰੀ ਸਕੂਲਾਂ ਨੂੰ ਸੁਧਾਰਿਆ ਜਾ ਰਿਹਾ ਹੈ, ਹਸਪਤਾਲ ਮਜ਼ਬੂਤ ਹੋ ਰਹੇ ਹਨ, ਆਮ ਆਦਮੀ ਕਲੀਨਿਕ ਖੁੱਲ੍ਹ ਰਹੇ ਹਨ, ਬਿਜਲੀ ਮੁਫ਼ਤ ਦਿੱਤੀ ਜਾ ਰਹੀ ਹੈ ਅਤੇ ਹੁਣ ਔਰਤਾਂ ਨੂੰ ਆਰਥਿਕ ਸਨਮਾਨ ਦਿੱਤਾ ਜਾ ਰਿਹਾ ਹੈ। ਕੇਜਰੀਵਾਲ ਦੀ ਭਰੋਸੇ ਦੀ ਰਾਜਨੀਤੀ ਅੱਜ ਪੂਰਾ ਦੇਸ਼ ਦੇਖ ਰਿਹਾ ਹੈ ਕਿ ਜਿੱਥੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ, ਉੱਥੇ ਕੀਤੇ ਵਾਅਦੇ ਪੂਰੇ ਹੁੰਦੇ ਹਨ। ਇਸ ਮੌਕੇ ਕ੍ਰਿਸ਼ਨਾ ਗਰੇਵਾਲ (ਦੋਆਬਾ ਮਹਿਲਾ ਪ੍ਰਧਾਨ), ਸ਼ੋਭਾ ਭਗਤ (ਮਹਿਲਾ ਵਿੰਗ ਸ਼ਹਿਰੀ ਪ੍ਰਧਾਨ), ਤਰਨਦੀਪ ਸੰਨੀ (ਦੋਆਬਾ ਮੀਡੀਆ ਇੰਚਾਰਜ), ਸੰਜੀਵ ਭਗਤ (ਜ਼ਿਲ੍ਹਾ ਮੀਡੀਆ ਇੰਚਾਰਜ) ਅਤੇ ਹਰਮਿੰਦਰ ਕੌਰ ਸਮੇਤ ਹੋਰ ਪਾਰਟੀ ਆਗੂ ਵੀ ਮੌਜੂਦ ਸਨ।