ਈਐੱਸਆਈਸੀ ਯੋਜਨਾਵਾਂ ਦੀ ਪਹੁੰਚ ਯਕੀਨੀ ਬਣਾਉਣਾ ਜ਼ਰੂਰੀ : ਸ਼ਰਮਾ
ਉਦਯੋਗਾਂ ਤੱਕ ਈਐੱਸਆਈਸੀ ਯੋਜਨਾਵਾਂ ਦੀ ਪਹੁੰਚ ਯਕੀਨੀ ਬਣਾਉਣਾ ਜ਼ਰੂਰੀ: ਸੁਨੀਲ ਸ਼ਰਮਾ
Publish Date: Sat, 28 Feb 2026 06:55 PM (IST)
Updated Date: Sat, 28 Feb 2026 06:58 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਈਐੱਸਆਈਸੀ ਦੇ 75ਵੇਂ ਸਥਾਪਨਾ ਦਿਵਸ ਮੌਕੇ ਉਪ-ਖੇਤਰੀ ਦਫ਼ਤਰ ’ਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਇੰਜੀਨੀਅਰਿੰਗ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਤੇ ਫੈਡਰੇਸ਼ਨ ਆਫ਼ ਇੰਡਸਟਰੀ ਐਂਡ ਟਰੇਡ ਦੇ ਕਨਵੀਨਰ ਸੁਨੀਲ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕਾਰਜਕ੍ਰਮ ’ਚ ਜਾਇੰਟ ਡਾਇਰੈਕਟਰ (ਇੰਚਾਰਜ) ਸੁਨੀਲ ਕੁਮਾਰ ਯਾਦਵ, ਡਿਪਟੀ ਡਾਇਰੈਕਟਰ ਕੁੰਵਰ ਅਜੈ ਸਿੰਘ, ਅਸਿਸਟੈਂਟ ਡਾਇਰੈਕਟਰ ਕਪਿਲ ਕੁਮਾਰ ਸਲੋਦੀਆ, ਇੰਸਪੈਕਟਰ ਬਲਜੀਤ ਜੋਸ਼ੀ, ਡੇਲਾਈਟ ਇੰਡਸਟਰੀਜ਼ ਦੇ ਐੱਚਆਰ ਪ੍ਰਤੀਨਿਧੀ ਹਰਜੀਤ ਸਿੰਘ, ਭਾਰਤੀ ਮਜ਼ਦੂਰ ਸੰਗ੍ਹ ਪੰਜਾਬ ਦੇ ਮੰਤਰੀ ਚੰਦਰਸ਼ਵਰ ਮਿਸ਼ਰਾ ਸਮੇਤ ਕਈ ਉਦਯੋਗਿਕ ਪ੍ਰਤੀਨਿਧੀ, ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ। ਇਸ ਦੌਰਾਨ ਈਐੱਸਆਈਸੀ ਦੀਆਂ ਸਿਹਤ ਤੇ ਸਮਾਜਿਕ ਸੁਰੱਖਿਆ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਯੋਜਨਾਵਾਂ ਕਰਮਚਾਰੀਆਂ ਨੂੰ ਸਿਹਤ ਸੁਰੱਖਿਆ ਦੇ ਨਾਲ-ਨਾਲ ਮੁਸ਼ਕਲ ਹਾਲਾਤਾਂ ’ਚ ਆਰਥਿਕ ਸਹਾਇਤਾ ਵੀ ਪ੍ਰਦਾਨ ਕਰਦੀਆਂ ਹਨ। ਮੁੱਖ ਮਹਿਮਾਨ ਸੁਨੀਲ ਸ਼ਰਮਾ ਨੇ ਕਿਹਾ ਕਿ ਈਐੱਸਆਈਸੀ ਦੀਆਂ ਯੋਜਨਾਵਾਂ ਨੂੰ ਉਦਯੋਗਾਂ ਦੇ ਹਰ ਪੱਧਰ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ, ਤਾਂ ਜੋ ਹਰ ਯੋਗ ਕਰਮਚਾਰੀ ਇਸਦਾ ਲਾਭ ਲੈ ਸਕੇ। ਉਨ੍ਹਾਂ 75ਵੀਂ ਵਰ੍ਹੇਗੰਢ ਮੌਕੇ ਸਭ ਨੂੰ ਵਧਾਈ ਦਿੰਦਿਆਂ ਸੰਸਥਾ ਦੇ ਯੋਗਦਾਨ ਦੀ ਸਰਾਹਨਾ ਕੀਤੀ। ਉਨ੍ਹਾਂ ਸੁਝਾਅ ਦਿੱਤਾ ਕਿ ਮੈਡੀਕਲ ਤੇ ਪ੍ਰਸ਼ਾਸਕੀ ਟੀਮਾਂ ਮਿਲ ਕੇ ਨਿਯਮਿਤ ਜਾਗਰੂਕਤਾ ਕੈਂਪ ਲਗਾਉਣ, ਤਾਂ ਜੋ ਉਦਯੋਗਾਂ ਤੇ ਕਰਮਚਾਰੀਆਂ ’ਚ ਯੋਜਨਾਵਾਂ ਬਾਰੇ ਜਾਣਕਾਰੀ ਤੇ ਪਹੁੰਚ ਹੋਰ ਮਜ਼ਬੂਤ ਹੋ ਸਕੇ। ਅਧਿਕਾਰੀਆਂ ਨੇ ਈਐੱਸਆਈਸੀ ਦੇ 75 ਸਾਲਾਂ ਦੀਆਂ ਉਪਲਬਧੀਆਂ ’ਤੇ ਰੋਸ਼ਨੀ ਪਾਉਂਦਿਆਂ ਭਵਿੱਖ ’ਚ ਹੋਰ ਬਿਹਤਰ ਸੇਵਾਵਾਂ ਦੇਣ ਦਾ ਭਰੋਸਾ ਦਿੱਤਾ।