ਥੰਮੂਵਾਲ ’ਚ ਗਾਰਡਰ-ਬਾਲਿਆਂ ਦੀ ਗ੍ਰਾਂਟ ’ਚ ਹੋਈਆਂ ਬੇਨਿਯਮੀਆਂ : ਕਾਮਰੇਡ ਚਰਨਜੀਤ
ਪਿੰਡ ਥੰਮੂਵਾਲ ‘ਚ ਗਾਡਰ-ਬਾਲਿਆਂ ਦੀ ਗ੍ਰਾਂਟ ‘ਚ ਹੋਈਆਂ ਬੇਨਿਯਮੀਆਂ : ਕਾਮਰੇਡ ਚਰਨਜੀਤ
Publish Date: Sun, 22 Mar 2026 08:11 PM (IST)
Updated Date: Sun, 22 Mar 2026 08:13 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਸ਼ਾਹਕੋਟ : ਪਿੰਡ ਥੰਮੂਵਾਲ ਵਿਖੇ ਸਰਕਾਰ ਵੱਲੋਂ ਗਾਰਡਰ-ਬਾਲਿਆਂ ਵਾਲੇ ਕੱਚੇ ਮਕਾਨਾਂ ਨੂੰ ਪੱਕਾ ਕਰਨ ਲਈ ਆਈ ਗ੍ਰਾਂਟ ਦੀ ਵੰਡ ਵਿਚ ਕਥਿਤ ਬੇਨਿਯਮੀਆਂ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਸਾਬਕਾ ਸਰਪੰਚ ਕਾਮਰੇਡ ਚਰਨਜੀਤ ਥੰਮੂਵਾਲ ਵੱਲੋਂ ਬੀਡੀਪੀਓ ਦਫ਼ਤਰ ਦੀ ਕਾਰਜਪ੍ਰਣਾਲੀ ’ਤੇ ਸਵਾਲ ਚੁੱਕੇ ਗਏ ਹਨ, ਜਦਕਿ ਵਿਭਾਗ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਸ਼ਿਕਾਇਤ ਮਿਲਣ ’ਤੇ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਕਾਮਰੇਡ ਚਰਨਜੀਤ ਸਿੰਘ ਨੇ ਕਿਹਾ ਕਿ ਪਿੰਡ ਥੰਮੂਵਾਲ ਵਿਚ ਕਰੀਬ 40 ਮਕਾਨਾਂ ਦੀਆਂ ਛੱਤਾਂ ਪੱਕੀਆਂ ਕਰਨ ਲਈ ਗ੍ਰਾਂਟ ਮਨਜ਼ੂਰ ਹੋਈ ਹੈ, ਪਰ ਇਹ ਗ੍ਰਾਂਟ ਗਲਤ ਤੇ ਅਯੋਗ ਵਿਅਕਤੀਆਂ ਨੂੰ ਦਿੱਤੀ ਜਾ ਰਹੀ ਹੈ। ਜਿਨ੍ਹਾਂ ਲੋਕਾਂ ਦੇ ਘਰਾਂ ਵਿਚ ਪਹਿਲਾਂ ਹੀ ਲੈਂਟਰ (ਪੱਕੀਆਂ ਛੱਤਾਂ) ਪਏ ਹੋਏ ਹਨ, ਉਨ੍ਹਾਂ ਦੇ ਨਾਮ ਵੀ ਗ੍ਰਾਂਟ ਪ੍ਰਾਪਤ ਕਰਨ ਵਾਲਿਆਂ ਦੀ ਸੂਚੀ ਵਿਚ ਸ਼ਾਮਲ ਹਨ। ਇੱਕ-ਇੱਕ ਪਰਿਵਾਰ ਦੇ ਤਿੰਨ ਤੋਂ ਚਾਰ ਜੀਆਂ ਦੇ ਨਾਮ ਵੀ ਲਿਸਟ ਵਿਚ ਪਾਏ ਗਏ ਹਨ, ਜਦਕਿ ਅਸਲ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਅੱਖੋਂ-ਪਰੋਖੇ ਕੀਤਾ ਗਿਆ ਹੈ। ਇਸ ਬੇਨਿਯਮੀ ਖ਼ਿਲਾਫ਼ ਪਿੰਡ ਵਿਚ ਇਕ ਮੀਟਿੰਗ ਵੀ ਕੀਤੀ ਗਈ ਹੈ, ਜਿਸ ਵਿੱਚ ਸਾਬਕਾ ਪੰਚਾਇਤ ਮੈਂਬਰ ਰਘਵੀਰ ਸਿੰਘ, ਮਹਿੰਦਰ ਸਿੰਘ, ਜਗੀਰ ਸਿੰਘ, ਸੁਖਵਿੰਦਰ ਸਿੰਘ, ਜਗਤਾਰ ਸਿੰਘ, ਸੀਤੋ ਬੀਬੀ, ਬੀਰੋ, ਸੋਮਾ ਆਦਿ ਹਾਜ਼ਰ ਸਨ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਮੁੱਖ ਮੰਤਰੀ, ਡੀਸੀ ਅਤੇ ਹੋਰ ਉੱਚ ਅਧਿਕਾਰੀਆਂ ਵੱਲੋਂ ਨਿਰਪੱਖ ਜਾਂਚ ਕੀਤੀ ਜਾਵੇ। - ਸ਼ਿਕਾਇਤ ਮਿਲਣ ’ਤੇ ਪੜਤਾਲ ਕਰ ਕੇ ਕੀਤੀ ਜਾਵੇਗੀ ਕਾਰਵਾਈ : ਬੀਡੀਪੀਓ ਇਸ ਸਬੰਧੀ ਜਦੋਂ ਬੀਡੀਪੀਓ ਸ਼ਾਹਕੋਟ ਬਲਜੀਤ ਸਿੰਘ ਬੱਗਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਸਰਵੇ ਅਤੇ ਸੂਚੀਆਂ ਉਨ੍ਹਾਂ ਦੇ ਸਥਾਨਕ ਵਿਭਾਗ ਵੱਲੋਂ ਤਿਆਰ ਨਹੀਂ ਕੀਤੀਆਂ ਗਈਆਂ ਹਨ। ਇਹ ਸਾਰੀ ਪ੍ਰਕਿਰਿਆ ਆਨਲਾਈਨ ਹੈ ਅਤੇ ਆਨਲਾਈਨ ਲਿਸਟਾਂ ਰਾਹੀਂ ਹੀ ਸਿੱਧੀ ਪੇਮੈਂਟ ਜਾਰੀ ਹੁੰਦੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜੇਕਰ ਉਨ੍ਹਾਂ ਕੋਲ ਕੋਈ ਲਿਖਤੀ ਸ਼ਿਕਾਇਤ ਆਉਂਦੀ ਹੈ ਜਾਂ ਇਹ ਸਾਬਤ ਹੁੰਦਾ ਹੈ ਕਿ ਗਲਤ ਲੋਕਾਂ ਨੂੰ ਪੈਸੇ ਮਿਲੇ ਹਨ, ਤਾਂ ਉਹ ਤੁਰੰਤ ਅਗਲੀਆਂ ਕਿਸ਼ਤਾਂ ਨੂੰ ਰੋਕ ਕੇ ਇਸ ਦੀ ਪੜਤਾਲ ਕਰਵਾਉਣਗੇ।