ਕਾਰੋਬਾਰੀ ਗੈਸ ਦੀ ਸਪਲਾਈ ਲਈ ਹੁਕਮਾਂ ਦੀ ਉਡੀਕ
ਗੈਸ ਏਜੰਸੀਆਂ ਦੀ ਜਾਂਚ ਜਾਰੀ, ਕਮਰਸ਼ੀਅਲ ਗੈਸ ਦੀ ਸਪਲਾਈ ਲਈ ਹੁਕਮਾਂ ਦਾ ਇੰਤਜ਼ਾਰ
Publish Date: Wed, 18 Mar 2026 09:56 PM (IST)
Updated Date: Wed, 18 Mar 2026 09:58 PM (IST)

-ਸਪਲਾਈ ਸੁਚਾਰੂ ਹੋਣ ’ਚ ਲੱਗਣਗੇ ਕਈ ਦਿਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮੱਧ ਪੂਰਬ ’ਚ ਜਾਰੀ ਜੰਗ ਕਾਰਨ ਕਾਰੋਬਾਰੀ ਗੈਸ ਸਪਲਾਈ ’ਚ ਆਈ ਰੁਕਾਵਟ ਦਾ ਅਸਰ ਅਜੇ ਵੀ ਬਣਿਆ ਹੋਇਆ ਹੈ। ਇਸ ਕਰਕੇ ਕਾਰੋਬਾਰੀ ਗੈਸ ਵਰਤਣ ਵਾਲੇ ਘਰਾਂ ਤੇ ਵਪਾਰੀਆਂ ਦੀਆਂ ਮੁਸ਼ਕਲਾਂ ਵੀ ਵਧ ਰਹੀਆਂ ਹਨ। ਹਾਲਾਂਕਿ ਕਈ ਲੋਕਾਂ ਨੇ ਕਾਰੋਬਾਰੀ ਗੈਸ ਸਿਲੰਡਰ ਦੇ ਬਦਲ ਵਜੋਂ ਇੰਡਕਸ਼ਨ, ਡੀਜ਼ਲ ਭੱਠੀ ਤੇ ਸਟੀਮ ਪਲਾਂਟ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ, ਜਦਕਿ ਰੇਹੜੀ ਜਾਂ ਫੜੀ ਲਾ ਕੇ ਖਾਣ-ਪੀਣ ਦਾ ਸਾਮਾਨ ਵੇਚਣ ਵਾਲਿਆਂ ਦੀ ਪਰੇਸ਼ਾਨੀ ਹੋਰ ਵਧ ਗਈ ਹੈ। ਦੂਜੇ ਪਾਸੇ, ਘਰੇਲੂ ਖਪਤਕਾਰਾਂ ਨੂੰ ਸਮੇਂ ’ਤੇ ਗੈਸ ਸਪਲਾਈ ਯਕੀਨੀ ਬਣਾਉਣ ਲਈ ਖਾਦ ਤੇ ਸਪਲਾਈ ਵਿਭਾਗ ਵੱਲੋਂ ਗੈਸ ਏਜੰਸੀਆਂ ਤੇ ਉਨ੍ਹਾਂ ਦੇ ਗੁਦਾਮਾਂ ਦੀ ਜਾਂਚ ਜਾਰੀ ਹੈ। ਸ਼ਹਿਰ ’ਚ ਇਸ ਸਮੇਂ ਘਰੇਲੂ ਗੈਸ ਸਿਲੰਡਰ ਲਈ 25 ਦਿਨਾਂ ਬਾਅਦ ਹੀ ਦੂਜੀ ਰੀਫਿਲ ਬੁੱਕ ਕਰਨ ਦਾ ਨਿਯਮ ਲਾਗੂ ਹੈ। ਇਸ ਤੋਂ ਇਲਾਵਾ ਬੁਕਿੰਗ ਤੋਂ ਬਾਅਦ ਵੀ ਸਿਲੰਡਰ ਮਿਲਣ ’ਚ 5 ਤੋਂ 6 ਦਿਨ ਲੱਗ ਰਹੇ ਹਨ। ਇਸ ਕਰਕੇ ਵੱਡੇ ਪਰਿਵਾਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਉਨਾਂ ’ਚ ਇਕ ਸਿਲੰਡਰ ਦੀ ਖਪਤ ਲਗਭਗ 20 ਤੋਂ 25 ਦਿਨਾਂ ਦੀ ਹੁੰਦੀ ਹੈ। ਜਦਕਿ ਇਕ ਸਿਲੰਡਰ ਪ੍ਰਾਪਤ ਕਰਨ ਲਈ ਇਕ ਮਹੀਨੇ ਤੋਂ ਵੀ ਵੱਧ ਸਮਾਂ ਉਡੀਕ ਕਰਨੀ ਪੈ ਰਹੀ ਹੈ। ਇਸ ਦੌਰਾਨ ਵੱਡੇ ਪਰਿਵਾਰਾਂ ਨੂੰ ਵੀ ਬਦਲਵੇਂ ਪ੍ਰਬੰਧ ਕਰਨੇ ਪੈ ਰਹੇ ਹਨ। ਇਸੇ ਵੇਲੇ ਖੁਰਾਕ ਤੇ ਸਪਲਾਈ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਨਰਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਨੇ ਗੈਸ ਏਜੰਸੀਆਂ ਦੇ ਦਫ਼ਤਰਾਂ ਤੇ ਗੁਦਾਮਾਂ ’ਚ ਜਾ ਕੇ ਜਾਂਚ ਕੀਤੀ। ਜਾਂਚ ਦੌਰਾਨ ਉਨ੍ਹਾਂ ਨੇ ਏਜੰਸੀਆਂ ਦੇ ਰਿਕਾਰਡ ਤੇ ਗੁਦਾਮਾਂ ’ਚ ਮੌਜੂਦ ਸਟਾਕ ਦਾ ਮਿਲਾਣ ਕਰਨ ਦੇ ਨਾਲ-ਨਾਲ ਸਿਲੰਡਰਾਂ ਦਾ ਵਜ਼ਨ ਵੀ ਚੈੱਕ ਕੀਤਾ। ਇਸ ਸਬੰਧੀ ਜ਼ਿਲ੍ਹਾ ਖੁਰਾਕ ਤੇ ਸਪਲਾਈ ਅਧਿਕਾਰੀ ਨਰਿੰਦਰ ਸਿੰਘ ਨੇ ਕਿਹਾ ਕਿ ਘਰੇਲੂ ਖਪਤਕਾਰਾਂ ਨੂੰ ਗੈਸ ਸਪਲਾਈ ’ਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਕਾਰੋਬਾਰੀ ਗੈਸ ਸਿਲੰਡਰ ਦੀ ਸਪਲਾਈ ਸਬੰਧੀ ਹੁਕਮ ਮਿਲਦਿਆਂ ਹੀ ਇਸ ਨੂੰ ਸੁਚਾਰੂ ਕਰ ਦਿੱਤਾ ਜਾਵੇਗਾ।