ਲੱਧੇਵਾਲੀ ਆਰਓਬੀ ਦੇ ਡਿਜ਼ਾਈਨ ’ਚ ਖਾਮੀਆਂ ਦੀ ਜਾਂਚ ਸ਼ੁਰੂ
-ਡੀਸੀ ਦੇ ਹੁਕਮਾਂ ’ਤੇ
Publish Date: Sat, 28 Feb 2026 11:01 PM (IST)
Updated Date: Sat, 28 Feb 2026 11:04 PM (IST)
-ਡੀਸੀ ਦੇ ਹੁਕਮਾਂ ’ਤੇ ਬਣੀ ਸੀ ਕਮੇਟੀ, ਰਿਪੋਰਟ ਮਗਰੋਂ ਹੀ ਪਤਾ ਲੱਗੇਗਾ ਕਿਵੇਂ ਹੋਵੇਗਾ ਸੁਧਾਰ
-ਲੋਕ ਨਿਰਮਾਣ ਵਿਭਾਗ ਤੋਂ ਆਰਓਬੀ ਦਾ ਰਿਕਾਰਡ ਮਿਲਣ ’ਚ ਦੇਰੀ ਕਾਰਨ ਹੁਣ ਤੱਕ ਨਹੀਂ ਬਣੀ ਰਿਪੋਰਟ
ਜਾਗਰਣ ਸੰਵਾਦਦਾਤਾ, ਜਲੰਧਰ
ਲੱਧੇਵਾਲੀ ਰੇਲਵੇ ਓਵਰਬ੍ਰਿਜ (ਆਰਓਬੀ) ਦੇ ਡਿਜ਼ਾਈਨ ’ਚ ਖਾਮੀਆਂ ਨੂੰ ਲੈ ਕੇ ਸਬ-ਕਮੇਟੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਮੇਟੀ ਇਕ ਵਾਰ ਫਿਰ ਮੌਕੇ ਦਾ ਜਾਇਜ਼ਾ ਲੈਣ ਮਗਰੋਂ ਤਿੰਨ ਮਾਰਚ ਤੱਕ ਰਿਪੋਰਟ ਸੀਐੱਮ ਫੀਲਡ ਅਫਸਰ ਜ਼ਰੀਏ ਡੀਸੀ ਡਾ. ਹਿਮਾਂਸ਼ੂ ਅਗਰਵਾਲ ਨੂੰ ਸੌਂਪ ਦੇਵੇਗੀ। ਰਿਪੋਰਟ ਦੇ ਆਧਾਰ 'ਤੇ ਡੀਸੀ ਫੈਸਲਾ ਲੈਣਗੇ ਕਿ ਆਰਓਬੀ ਦੇ ਡਿਜ਼ਾਈਨ ’ਚ ਖਾਮੀਆਂ ਦੇ ਸੁਧਾਰ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ।
ਪਿਛਲੇ ਦਿਨਾਂ ’ਚ ਮੇਅਰ ਵਨੀਤ ਧੀਰ ਤੇ ਸੈਂਟਰਲ ਹਲਕੇ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਨਿਤਿਨ ਕੋਹਲੀ ਦੀ ਪਹਿਲ ’ਤੇ ਡੀਸੀ ਨੇ ਆਰਓਬੀ ਦੇ ਡਿਜ਼ਾਈਨ ’ਚ ਸੁਧਾਰ ਕਰਨ ਦੇ ਮਕਸਦ ਨਾਲ ਇਕ ਕਮੇਟੀ ਦਾ ਗਠਨ ਕੀਤਾ ਸੀ। ਉਸ ਸਮੇਂ ਸੀਐੱਮ ਫੀਲਡ ਅਫਸਰ ਨਵਦੀਪ ਦੀਪ ਸਿੰਘ ਦੀ ਅਗਵਾਈ ’ਚ ਨਿਗਮ ਦੇ ਬੀ ਐਂਡ ਆਰ ਬ੍ਰਾਂਚ ਦੇ ਐੱਸਈ ਰਾਹੁਲ ਧਵਨ ਤੇ ਪਾਵਰਕਾਮ ਦੇ ਅਫਸਰਾਂ ਨੂੰ ਸ਼ਾਮਲ ਕੀਤਾ ਗਿਆ ਸੀ। ਕਮੇਟੀ ਨੇ ਮੀਟਿੰਗ ਕਰਕੇ ਨਿਗਮ ਦੇ ਐਕਸੀਅਨ ਰਾਮਪਾਲ ਤੇ ਐੱਸਡੀਓ ਧੀਰਜ ਸਹੋਤਾ ਦੇ ਨਾਲ ਪਾਵਰਕਾਮ ਦੇ ਐਕਸੀਅਨ ਤੇ ਐੱਸਡੀਓ ਨੂੰ ਸ਼ਾਮਲ ਕਰ ਕੇ ਇਕ ਸਬ-ਕਮੇਟੀ ਬਣਾਉਣ ਦਾ ਹੁਕਮ ਦਿੱਤਾ ਸੀ। ਇਸ ਦੇ ਨਾਲ ਹੀ ਕਿਹਾ ਗਿਆ ਸੀ ਕਿ ਇਹ ਸਬ-ਕਮੇਟੀ ਆਰਓਬੀ ਦੇ ਡਿਜ਼ਾਈਨ ਦੀ ਜਾਂਚ ਕਰ ਕੇ ਰਿਪੋਰਟ ਦੇਵੇ, ਜਿਸ ਦੇ ਆਧਾਰ 'ਤੇ ਅਗਲਾ ਫੈਸਲਾ ਕੀਤਾ ਜਾਵੇਗਾ।
ਸਬ-ਕਮੇਟੀ ਦੀ ਅਗਵਾਈ ਕਰ ਰਹੇ ਨਿਗਮ ਦੇ ਐਕਸੀਅਨ ਰਾਮਪਾਲ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਤੋਂ ਆਰਓਬੀ ਦਾ ਰਿਕਾਰਡ ਦੇਰੀ ਨਾਲ ਸ਼ੁੱਕਰਵਾਰ ਨੂੰ ਜਾ ਕੇ ਮਿਲਿਆ ਹੈ। ਹੁਣ ਇਕ ਦਿਨ ਹੋਰ ਕਮੇਟੀ ਦੇ ਮੈਂਬਰ ਮੌਕੇ ਦਾ ਜਾਇਜ਼ਾ ਲੈਣਗੇ, ਉਸ ਮਗਰੋਂ ਫਾਈਨਲ ਰਿਪੋਰਟ ਨਿਗਮ ਦੇ ਐੱਸਈ ਰਾਹੁਲ ਧਵਨ ਜ਼ਰੀਏ ਸੀਐੱਮ ਫੀਲਡ ਅਫਸਰ ਨੂੰ ਭੇਜ ਦਿੱਤੀ ਜਾਵੇਗੀ। ਇਸੇ ਰਿਪੋਰਟ 'ਤੇ ਡੀਸੀ ਅੱਗੇ ਦਾ ਫੈਸਲਾ ਲੈਣਗੇ।