ਫੈਕਟਰੀ ਸਬੰਧੀ ਸੌਦੇ ਤੋਂ ਪਹਿਲਾਂ ਜਾਸੂਸ ਤੋਂ ਕਰਵਾਈ ਜਾਂਚ, ਪਾਰਟਨਰ ਨਿਕਲਿਆ ਦਿਵਾਲੀਆ
ਫੈਕਟਰੀ ਡੀਲ ਤੋਂ ਪਹਿਲਾਂ ਡਿਟੈਕਟਿਵ ਨਾਲ ਕਰਵਾਈ ਜਾਂਚ, ਪਾਰਟਨਰ ਨਿਕਲਿਆ ਦਿਵਾਲੀਆ
Publish Date: Tue, 17 Mar 2026 09:00 PM (IST)
Updated Date: Tue, 17 Mar 2026 09:04 PM (IST)

-ਮੁਕਾਬਲਾ, ਧੋਖਾਧੜੀ ਦਾ ਡਰ ਤੇ ਮੁਨਾਫ਼ੇ ਦੀ ਦੌੜ, ਹੁਣ ਕਾਰੋਬਾਰੀ ਪਾਰਟਨਰ ਤੇ ਮੁਕਾਬਲੇਬਾਜ਼ਾਂ ’ਤੇ ਰੱਖਵਾ ਰਹੇ ਹਨ ਨਜ਼ਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਇਕ ਕਾਰੋਬਾਰੀ ਨੇ ਨਵੀਂ ਫੈਕਟਰੀ ਲਗਾਉਣ ਲਈ ਇਕ ਵਿਅਕਤੀ ਨਾਲ ਸਾਂਝੇਦਾਰੀ ਕਰਨ ਦੀ ਯੋਜਨਾ ਬਣਾਈ। ਨਿਵੇਸ਼ ਤੋਂ ਪਹਿਲਾਂ ਉਸਨੇ ਜਾਸੂਸੀ ਏਜੰਸੀ ਤੋਂ ਜਾਂਚ ਕਰਵਾਈ। ਪਤਾ ਲੱਗਾ ਕਿ ਪਾਰਟਨਰ ਪਹਿਲਾਂ ਵੀ ਦੋ ਵਾਰ ਦਿਵਾਲੀਆ ਹੋ ਚੁੱਕਾ ਹੈ ਤੇ ਉਸ ’ਤੇ ਕਈ ਕੇਸ ਚੱਲ ਰਹੇ ਹਨ। ਸਮੇਂ ਸਿਰ ਸੌਦਾ ਰੱਦ ਕਰ ਦਿੱਤਾ ਗਿਆ। ਜਲੰਧਰ ’ਚ ਕਾਰੋਬਾਰ ਦਾ ਰੂਪ ਤੇਜ਼ੀ ਨਾਲ ਬਦਲ ਰਿਹਾ ਹੈ। ਜਿੱਥੇ ਪਹਿਲਾਂ ਭਰੋਸੇ ਤੇ ਸਬੰਧਾਂ ’ਤੇ ਕਾਰੋਬਾਰ ਚੱਲਦਾ ਸੀ, ਉੱਥੇ ਹੁਣ ਬਿਜ਼ਨਸ ਇੰਟੈਲੀਜੈਂਸ ਤੇ ਜਾਸੂਸੀ ਦਾ ਦੌਰ ਸ਼ੁਰੂ ਹੋ ਗਿਆ ਹੈ। ਸ਼ਹਿਰ ਦੇ ਕਈ ਕਾਰੋਬਾਰੀ ਹੁਣ ਕਿਸੇ ਵੀ ਨਵੇਂ ਸੌਦੇ, ਸਾਂਝੇਦਾਰੀ ਜਾਂ ਨਿਵੇਸ਼ ਤੋਂ ਪਹਿਲਾਂ ਨਿੱਜੀ ਜਾਸੂਸਾਂ (ਜਾਸੂਸੀ ਏਜੰਸੀਆਂ) ਦੀ ਮਦਦ ਲੈ ਰਹੇ ਹਨ। ਇਹ ਰੁਝਾਨ ਹੌਲੀ-ਹੌਲੀ ਵੱਧ ਰਿਹਾ ਹੈ ਤੇ ਖਾਸ ਕਰਕੇ ਵੱਡੇ ਲੈਣ-ਦੇਣ ਵਾਲੇ ਕਾਰੋਬਾਰਾਂ ’ਚ ਆਮ ਬਣਦਾ ਜਾ ਰਿਹਾ ਹੈ। ਜਲੰਧਰ ’ਚ ਵਧਦੀ ਕਾਰੋਬਾਰੀ ਜਾਸੂਸੀ ਹੁਣ ਇਕ ਰਣਨੀਤਿਕ ਖੇਡ ਬਣ ਚੁੱਕੀ ਹੈ। ਭਰੋਸੇ ਦੀ ਥਾਂ ਹੁਣ ਵੈਰੀਫਿਕੇਸ਼ਨ ਨੇ ਲੈ ਲਈ ਹੈ। ਆਉਣ ਵਾਲੇ ਸਮੇਂ ’ਚ ਇਹ ਟ੍ਰੈਂਡ ਹੋਰ ਵੀ ਵਧ ਸਕਦਾ ਹੈ, ਕਿਉਂਕਿ ਖਤਰੇ ਵੀ ਵਧ ਰਹੇ ਹਨ ਤੇ ਮੁਕਾਬਲਾ ਵੀ ਤੇਜ਼ ਹੋ ਰਿਹਾ ਹੈ। ਕਾਰੋਬਾਰੀਆਂ ਦਾ ਮੰਨਣਾ ਹੈ ਕਿ ਅੱਜ ਦੇ ਸਮੇਂ ’ਚ ਜਾਣਕਾਰੀ ਸਭ ਤੋਂ ਵੱਡੀ ਤਾਕਤ ਹੈ। ਜਿਸ ਕੋਲ ਸਹੀ ਤੇ ਵੱਧ ਜਾਣਕਾਰੀ ਹੁੰਦੀ ਹੈ, ਉਹ ਹੀ ਬਜ਼ਾਰ ’ਚ ਟਿਕਦਾ ਹੈ। ----------------------------- ਕਿਉਂ ਵਧ ਰਹੀ ਹੈ ਕਾਰੋਬਾਰੀ ਜਾਸੂਸੀ? ਕਾਰੋਬਾਰ ’ਚ ਜਾਸੂਸੀ ਵਧਣ ਦਾ ਸਭ ਤੋਂ ਵੱਡਾ ਕਾਰਨ ਹੈ ਬਾਜ਼ਾਰ ’ਚ ਵਧਦੀ ਮੁਕਾਬਲੇਬਾਜ਼ੀ। ਹਰ ਕਾਰੋਬਾਰੀ ਚਾਹੁੰਦਾ ਹੈ ਕਿ ਉਹ ਆਪਣੇ ਮੁਕਾਬਲੇਬਾਜ਼ ਤੋਂ ਇਕ ਕਦਮ ਅੱਗੇ ਰਹੇ। ਇਸ ਤੋਂ ਇਲਾਵਾ ਧੋਖਾਧੜੀ ਦੇ ਮਾਮਲਿਆਂ ’ਚ ਵੀ ਵਾਧਾ ਹੋਇਆ ਹੈ, ਜਿਸ ਕਰਕੇ ਲੋਕ ਹੁਣ ਅੰਨ੍ਹੇ ਭਰੋਸੇ ਤੋਂ ਬਚ ਰਹੇ ਹਨ। ਦੂਜਾ ਮਹੱਤਵਪੂਰਨ ਕਾਰਨ ਹੈ ਆਰਥਿਕ ਸੁਰੱਖਿਆ। ਕਈ ਵਾਰ ਭਾਈਵਾਲੀ ’ਚ ਕਰੋੜਾਂ ਰੁਪਏ ਦਾ ਨਿਵੇਸ਼ ਹੁੰਦਾ ਹੈ। ਅਜਿਹੇ ’ਚ ਜੇ ਪਾਰਟਨਰ ਦੀ ਨੀਅਤ ਜਾਂ ਵਿੱਤੀ ਹਾਲਤ ਸ਼ੱਕੀ ਹੋਵੇ ਤਾਂ ਨੁਕਸਾਨ ਵੱਡਾ ਹੋ ਸਕਦਾ ਹੈ। ਇਸ ਲਈ ਪਹਿਲਾਂ ਹੀ ਜਾਂਚ ਕਰਵਾਉਣਾ ਇਕ ਸੁਰੱਖਿਆ ਕਵਚ ਬਣ ਗਿਆ ਹੈ। ਤੀਜਾ ਕਾਰਨ ਹੈ ਡਿਜ਼ੀਟਲ ਯੁੱਗ ’ਚ ਵਧੀ ਜਾਣਕਾਰੀ ਦੀ ਉਪਲੱਬਧਤਾ। ਅੱਜ ਡਿਟੈਕਟਿਵ ਏਜੰਸੀਆਂ ਸੋਸ਼ਲ ਮੀਡੀਆ, ਬੈਂਕਿੰਗ ਪੈਟਰਨ, ਮਾਰਕੀਟ ਨੈੱਟਵਰਕ ਤੇ ਮੁਲਾਜ਼ਮਾਂ ਰਾਹੀਂ ਕਾਫ਼ੀ ਜਾਣਕਾਰੀ ਇਕੱਠੀ ਕਰ ਲੈਂਦੀਆਂ ਹਨ, ਜਿਸ ਨਾਲ ਕਾਰੋਬਾਰੀਆਂ ਨੂੰ ਸਹੀ ਇਨਪੁੱਟ ਮਿਲਦਾ ਹੈ। ------------------------- ਇਨ੍ਹਾਂ ਖੇਤਰਾਂ ’ਚ ਵੱਧ ਰਿਹਾ ਹੈ ਇਹ ਰੁਝਾਨ ਰੀਅਲ ਐਸਟੇਟ ਤੇ ਪ੍ਰਾਪਰਟੀ ਡੀਲਿੰਗ : ਇੱਥੇ ਵੱਡੇ ਨਿਵੇਸ਼ ਹੁੰਦੇ ਹਨ, ਇਸ ਲਈ ਭਾਈਵਾਲ ਤੇ ਜ਼ਮੀਨ ਦੀ ਸੱਚਾਈ ਜਾਣਨ ਲਈ ਜਾਂਚ ਕਰਵਾਈ ਜਾਂਦੀ ਹੈ। ਇੰਪੋਰਟ-ਐਕਸਪੋਰਟ ਬਿਜ਼ਨਸ : ਵਿਦੇਸ਼ੀ ਸੌਦਿਆਂ ’ਚ ਧੋਖਾਧੜੀ ਦਾ ਖਤਰਾ ਵੱਧ ਹੁੰਦਾ ਹੈ। ਮੈਨੂਫੈਕਚਰਿੰਗ ਤੇ ਇੰਡਸਟ੍ਰੀਅਲ ਯੂਨਿਟਸ : ਇੱਥੇ ਮੁਕਾਬਲੇਬਾਜ਼ ਕੰਪਨੀਆਂ ਦੀ ਰਣਨੀਤੀ ਜਾਣਨ ਲਈ ਨਿਗਰਾਨੀ ਕੀਤੀ ਜਾਂਦੀ ਹੈ। ਹੋਲਸੇਲ ਟ੍ਰੇਡਿੰਗ : ਵੱਡੇ ਆਰਡਰ ਤੇ ਕ੍ਰੈਡਿਟ ਸਿਸਟਮ ਕਾਰਨ ਕਾਰੋਬਾਰੀ ਪਹਿਲਾਂ ਬੈਕਗ੍ਰਾਊਂਡ ਚੈੱਕ ਕਰਵਾਉਂਦੇ ਹਨ। -------------------------- ਕਿਵੇਂ ਕੰਮ ਕਰਦੀ ਹੈ ਇਹ ‘ਬਿਜ਼ਨਸ ਜਾਸੂਸੀ’? ਨਿੱਜੀ ਜਾਸੂਸ ਜਾਂ ਏਜੰਸੀਆਂ ਕਈ ਤਰੀਕਿਆਂ ਨਾਲ ਜਾਣਕਾਰੀ ਇਕੱਠੀ ਕਰਦੀਆਂ ਹਨ, ਜਿਵੇਂ ਕਿ ਕਿਸੇ ਵਿਅਕਤੀ ਦੀ ਆਰਥਿਕ ਹਾਲਾਤ, ਕਰਜ਼ੇ ਤੇ ਜਾਇਦਾਦ ਬਾਰੇ ਜਾਣਕਾਰੀ ਲੈਣਾ, ਉਸ ਦੇ ਪੁਰਾਣੇ ਕਾਰੋਬਾਰੀ ਰਿਕਾਰਡ ਤੇ ਵਿਵਾਦਾਂ ਦੀ ਜਾਂਚ ਕਰਨਾ, ਮੁਕਾਬਲੇਬਾਜ਼ ਦੀ ਮਾਰਕੀਟ ਰਣਨੀਤੀ ਤੇ ਸਪਲਾਈ ਚੇਨ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਤੇ ਮੁਲਾਜ਼ਮਾਂ ਰਾਹੀਂ ਅੰਦਰੂਨੀ ਗਤੀਵਿਧੀਆਂ ’ਤੇ ਨਜ਼ਰ ਰੱਖਣਾ। ------------------------- ਕੇਸ 1: ਮੁਕਾਬਲੇਬਾਜ਼ ਦੀ ਰਣਨੀਤੀ ਜਾਣਨਾ ਇਕ ਹੋਲਸੇਲ ਕੱਪੜਾ ਵਪਾਰੀ ਨੇ ਆਪਣੇ ਮੁਕਾਬਲੇਬਾਜ਼ ਦੀ ਵਿਕਰੀ ਰਣਨੀਤੀ ਜਾਣਨ ਲਈ ਜਾਸੂਸਾਂ ਦੀ ਮਦਦ ਲਈ। ਜਾਂਚ ’ਚ ਸਾਹਮਣੇ ਆਇਆ ਕਿ ਮੁਕਾਬਲੇਬਾਜ਼ ਘੱਟ ਕੀਮਤ ’ਤੇ ਮਾਲ ਵੇਚ ਕੇ ਤੇ ਪ੍ਰਚਾਰ ਰਾਹੀਂ ਬਜ਼ਾਰ ’ਤੇ ਕਬਜ਼ਾ ਕਰ ਰਿਹਾ ਹੈ। ਇਸ ਤੋਂ ਬਾਅਦ ਵਪਾਰੀ ਨੇ ਆਪਣੀ ਕੀਮਤ ਤੇ ਮਾਰਕੀਟਿੰਗ ਰਣਨੀਤੀ ਬਦਲ ਲਈ। --------------------------- ਕੇਸ 2: ਮੁਲਾਜ਼ਮ ਰਾਹੀਂ ਲੀਕ ਹੋ ਰਹੀ ਜਾਣਕਾਰੀ ਇਕ ਇੰਡਸਟ੍ਰੀਅਲ ਯੂਨਿਟ ਦੇ ਮਾਲਕ ਨੂੰ ਸ਼ੱਕ ਸੀ ਕਿ ਉਸ ਦੀ ਕੰਪਨੀ ਦੀ ਅੰਦਰੂਨੀ ਜਾਣਕਾਰੀ ਬਾਹਰ ਜਾ ਰਹੀ ਹੈ। ਉਸ ਨੇ ਜਾਸੂਸੀ ਏਜੰਸੀ ਦੀ ਮਦਦ ਲਈ। ਜਾਂਚ ’ਚ ਸਾਹਮਣੇ ਆਇਆ ਕਿ ਇਕ ਮੁਲਾਜ਼ਮ ਮੁਕਾਬਲੇਬਾਜ਼ ਕੰਪਨੀ ਨੂੰ ਗੁਪਤ ਜਾਣਕਾਰੀ ਦੇ ਰਿਹਾ ਸੀ। ਉਸਨੂੰ ਤੁਰੰਤ ਨੌਕਰੀ ਤੋਂ ਹਟਾ ਦਿੱਤਾ ਗਿਆ। --------------------------- ਕੇਸ 3: ਫਰਜ਼ੀ ਕੰਪਨੀ ਤੋਂ ਬਚਾਅ ਇੰਪੋਰਟ-ਐਕਸਪੋਰਟ ਨਾਲ ਜੁੜੇ ਇਕ ਕਾਰੋਬਾਰੀ ਨੂੰ ਵਿਦੇਸ਼ ਤੋਂ ਵੱਡਾ ਆਰਡਰ ਮਿਲਿਆ। ਸ਼ੱਕ ਹੋਣ ’ਤੇ ਉਸ ਨੇ ਡਿਟੈਕਟਿਵ ਕੰਪਨੀ ਤੋਂ ਜਾਂਚ ਕਰਵਾਈ, ਜਿਸ ’ਚ ਪਤਾ ਲੱਗਾ ਕਿ ਉਹ ਕੰਪਨੀ ਫਰਜ਼ੀ ਹੈ ਤੇ ਪਹਿਲਾਂ ਵੀ ਕਈ ਲੋਕਾਂ ਨਾਲ ਠੱਗੀ ਕਰ ਚੁੱਕੀ ਹੈ। ------------------------------ ਆਖਰ ਕਿਉਂ ਕਰਵਾਈ ਜਾਂਦੀ ਹੈ ਜਾਸੂਸੀ ਧੋਖਾਧੜੀ ਤੋਂ ਬਚਾਅ ਨਿਵੇਸ਼ ਨੂੰ ਸੁਰੱਖਿਅਤ ਬਣਾਉਣਾ ਮੁਕਾਬਲੇ ’ਚ ਅੱਗੇ ਰਹਿਣਾ ਸਹੀ ਫੈਸਲੇ ਲਈ ਸਹੀ ਜਾਣਕਾਰੀ ਪ੍ਰਾਪਤ ਕਰਨਾ।