ਲੱਕੀ ਖਾਲਸਾ ਨੂੰ ਬਣਾਇਆ ਜ਼ਿਲ੍ਹਾ ਪ੍ਰਧਾਨ
ਜਲੰਧਰ ’ਚ ਇੰਟਕ ਫੈਡਰੇਸ਼ਨ ਦੀ ਮੀਟਿੰਗ, ਲੱਕੀ ਖਾਲਸਾ ਜ਼ਿਲ੍ਹਾ ਪ੍ਰਧਾਨ ਨਿਯੁਕਤ
Publish Date: Mon, 20 Apr 2026 09:47 PM (IST)
Updated Date: Mon, 20 Apr 2026 09:48 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਥਾਨਕ ਬਸਤੀ ਮਿੱਠੂ ਵਿਖੇ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ (ਇੰਟਕ) ਫੈਡਰੇਸ਼ਨ ਦੀ ਇਕ ਮਹੱਤਵਪੂਰਨ ਮੀਟਿੰਗ ਸੀਨੀਅਰ ਕਾਂਗਰਸੀ ਆਗੂ ਹਰਭਜਨ ਸਿੰਘ ਦੇ ਗ੍ਰਹਿ ਵਿਖੇ ਹੋਈ। ਇਸ ਮੀਟਿੰਗ ’ਚ ਇੰਟਕ ਪੰਜਾਬ ਪ੍ਰਧਾਨ ਡਾ. ਮਨੋਹਰ ਸਿੰਘ (ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ) ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਹਲਕਾ ਵੈਸਟ ਇੰਚਾਰਜ ਬੀਬੀ ਸੁਰਿੰਦਰ ਕੌਰ, ਗੀਤ ਰਤਨ ਖਹਿਰਾ (ਸਕੱਤਰ, ਪੀਪੀਸੀਸੀ) ਤੇ ਹੋਰ ਕਾਂਗਰਸੀ ਆਗੂ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਇੰਟਕ ਤੇ ਕਾਂਗਰਸ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ’ਚ ਲੱਕੀ ਖਾਲਸਾ ਨੂੰ ਇੰਟਕ ਫੈਡਰੇਸ਼ਨ ਜਲੰਧਰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਹ ਨਿਯੁਕਤੀ ਪਾਰਟੀ ਆਗੂਆਂ ਦੀ ਸਹਿਮਤੀ ਨਾਲ ਕੀਤੀ ਗਈ।
ਇਸ ਮੌਕੇ ਡਾ. ਮਨੋਹਰ ਸਿੰਘ ਨੇ ਕਿਹਾ ਕਿ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਤੇ ਕਾਂਗਰਸ ਹਮੇਸ਼ਾ ਵਰਕਰਾਂ ਨੂੰ ਮਾਣ-ਸਨਮਾਨ ਦਿੰਦੀ ਹੈ। ਉਨ੍ਹਾਂ ਕਿਹਾ ਕਿ ਲੱਕੀ ਖਾਲਸਾ ਦੀ ਨਿਯੁਕਤੀ ਪਾਰਟੀ ਨੂੰ ਮਜ਼ਬੂਤੀ ਦੇਵੇਗੀ। ਬੀਬੀ ਸੁਰਿੰਦਰ ਕੌਰ, ਗੀਤ ਰਤਨ ਖਹਿਰਾ ਤੇ ਅਸ਼ਵਨੀ ਜੰਗਰਾਲ ਨੇ ਕਿਹਾ ਕਿ ਪਾਰਟੀ ਇਕਜੁੱਟਤਾ ਨਾਲ ਕੰਮ ਕਰਕੇ ਕਾਂਗਰਸ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇਗਾ ਤੇ ਆਉਣ ਵਾਲੀਆਂ ਚੋਣਾਂ ’ਚ ਵੱਡੀ ਜਿੱਤ ਹਾਸਲ ਕੀਤੀ ਜਾਵੇਗੀ। ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਲੱਕੀ ਖਾਲਸਾ ਨੇ ਆਪਣੀ ਨਿਯੁਕਤੀ ਲਈ ਪਾਰਟੀ ਹਾਈਕਮਾਨ ਤੇ ਸਾਰੇ ਆਗੂਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਪੂਰੀ ਨਿਸ਼ਠਾ ਨਾਲ ਜ਼ਿੰਮੇਵਾਰੀ ਨਿਭਾਉਣਗੇ ਤੇ ਜ਼ਿਲ੍ਹੇ ’ਚ ਸੰਗਠਨ ਨੂੰ ਮਜ਼ਬੂਤ ਕਰਨਗੇ। ਇਸ ਮੌਕੇ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।