ਖ਼ਾਲਸਾ ਕਾਲਜ ’ਚ ਇੰਟਰਵਿਊ ਦੀਆਂ ਤਕਨੀਕਾਂ ਦੱਸੀਆਂ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Fri, 27 Feb 2026 06:38 PM (IST)
Updated Date: Fri, 27 Feb 2026 06:40 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਦੇ ਜਨ ਸੰਚਾਰ ਅਤੇ ਪੱਤਰਕਾਰਤਾ ਵਿਭਾਗ ਵੱਲੋਂ ਵਿਦਿਆਰਥੀਆਂ ਲਈ “ਇੰਟਰਵਿਊ ਸਕਿੱਲਜ਼” ਵਿਸ਼ੇ 'ਤੇ ਇੱਕ ਪ੍ਰਭਾਵਸ਼ਾਲੀ ਇੰਟਰਐਕਟਿਵ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਇੰਡੋਜ਼ ਟੀਵੀ, ਆਸਟ੍ਰੇਲੀਆ ਦੇ ਪ੍ਰਸਿੱਧ ਨਿਊਜ਼ ਐਂਕਰ ਦਲਜੀਤ ਸਿੰਘ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਇੰਟਰਵਿਊ ਦੀਆਂ ਤਕਨੀਕਾਂ ਬਾਰੇ ਵਿਹਾਰਕ ਜਾਣਕਾਰੀ ਦੇਣਾ, ਉਨ੍ਹਾਂ ਦੇ ਸੰਚਾਰ ਹੁਨਰ ਨੂੰ ਨਿਖਾਰਨਾ ਅਤੇ ਮੀਡੀਆ ਇੰਡਸਟਰੀ ਦੇ ਪੇਸ਼ੇਵਰ ਵਿਵਹਾਰ ਤੋਂ ਜਾਣੂ ਕਰਵਾਉਣਾ ਸੀ। ਸਮਾਗਮ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ।
ਮੁੱਖ ਮਹਿਮਾਨ ਦਾ ਸਵਾਗਤ ਪ੍ਰਿੰਸੀਪਲ ਡਾ. ਸੰਧੂ ਸਮੇਤ ਡਾ. ਹਰਜੀਤ ਸਿੰਘ (ਮੁਖੀ, ਗਣਿਤ ਵਿਭਾਗ), ਡਾ. ਬਲਰਾਜ (ਮੁਖੀ, ਅੰਗਰੇਜ਼ੀ ਵਿਭਾਗ), ਡਾ. ਹਰੀ ਓਮ (ਆਈ.ਕਿਊ.ਏ.ਸੀ. ਕੋਆਰਡੀਨੇਟਰ) ਅਤੇ ਪ੍ਰੋ. ਆਹੂਜਾ ਸੰਦੀਪ (ਇੰਚਾਰਜ, ਜੇ.ਐਮ.ਸੀ. ਵਿਭਾਗ) ਨੇ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਕੀਤਾ। ਆਪਣੇ ਸੰਬੋਧਨ ਵਿੱਚ ਪ੍ਰਿੰਸੀਪਲ ਡਾ. ਰਸ਼ਪਾਲ ਸਿੰਘ ਸੰਧੂ ਨੇ ਅੱਜ ਦੇ ਮੁਕਾਬਲੇਬਾਜ਼ੀ ਵਾਲੇ ਦੌਰ ਵਿੱਚ ਸੰਚਾਰ ਹੁਨਰ, ਆਤਮ-ਵਿਸ਼ਵਾਸ ਅਤੇ ਨੈਤਿਕ ਪੱਤਰਕਾਰੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਾਲਜ ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਅਤੇ ਉਦਯੋਗਿਕ ਲੋੜਾਂ ਵਿਚਕਾਰ ਪਾੜੇ ਨੂੰ ਖਤਮ ਕਰਨ ਲਈ ਅਜਿਹੇ ਮੰਚ ਪ੍ਰਦਾਨ ਕਰਨ ਲਈ ਵਚਨਬੱਧ ਹੈ। ਦਲਜੀਤ ਸਿੰਘ ਨੇ ਆਪਣੇ ਵਿਸ਼ਾਲ ਤਜ਼ਰਬੇ ਰਾਹੀਂ ਵਿਦਿਆਰਥੀਆਂ ਨੂੰ ਖ਼ਬਰਾਂ ਪੇਸ਼ ਕਰਨ ਦੇ ਤਰੀਕੇ, ਸਰੀਰਕ ਭਾਸ਼ਾ ਅਤੇ ਸਵਾਲ ਪੁੱਛਣ ਦੀਆਂ ਰਣਨੀਤੀਆਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। ਸਮਾਗਮ ਦੇ ਅਖੀਰ ਵਿੱਚ ਇੱਕ ਸਵਾਲ-ਜਵਾਬ ਸੈਸ਼ਨ ਵੀ ਹੋਇਆ, ਜਿਸ ਵਿੱਚ ਵਿਦਿਆਰਥੀਆਂ ਨੇ ਮੀਡੀਆ ਨੈਤਿਕਤਾ ਅਤੇ ਕਰੀਅਰ ਦੇ ਮੌਕਿਆਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ।
ਇਸ ਦੌਰਾਨ ਦਲਜੀਤ ਸਿੰਘ ਨੇ ਆਸਟ੍ਰੇਲੀਆਈ ਮੀਡੀਆ ਸੰਸਥਾਵਾਂ ਅਤੇ ਲਾਇਲਪੁਰ ਖਾਲਸਾ ਕਾਲਜ ਵਿਚਕਾਰ ਅੰਤਰਰਾਸ਼ਟਰੀ ਸਹਿਯੋਗ ਦਾ ਪ੍ਰਸਤਾਵ ਵੀ ਰੱਖਿਆ। ਪ੍ਰਿੰਸੀਪਲ ਡਾ. ਸੰਧੂ ਨੇ ਇਸ ਪਹਿਲਕਦਮੀ ਦਾ ਸਵਾਗਤ ਕਰਦਿਆਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਤਾਂ ਜੋ ਵਿਦਿਆਰਥੀਆਂ ਨੂੰ ਗਲੋਬਲ ਇੰਟਰਨਸ਼ਿਪ ਅਤੇ ਐਕਸਚੇਂਜ ਪ੍ਰੋਗਰਾਮਾਂ ਦੇ ਮੌਕੇ ਮਿਲ ਸਕਣ। ਅੰਤ ’ਚ ਵਿਭਾਗ ਦੇ ਇੰਚਾਰਜ ਪ੍ਰੋ. ਆਹੂਜਾ ਸੰਦੀਪ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਜਰਨਲਿਜ਼ਮ ਵਿਭਾਗ ਤੋਂ ਪ੍ਰੋ. ਰਜਤ ਕੌਰ, ਪ੍ਰੋ. ਅੰਜਲੀ ਭਾਰਦਵਾਜ, ਪ੍ਰੋ. ਮੋਨਿਕਾ ਅਤੇ ਅੰਗਰੇਜ਼ੀ ਵਿਭਾਗ ਤੋਂ ਡਾ. ਚਰਨਜੀਤ ਸਿੰਘ ਵੀ ਮੌਜੂਦ ਸਨ। ਮੰਚ ਦਾ ਸੰਚਾਲਨ ਵਿਦਿਆਰਥਣਾਂ ਵੰਸ਼ਿਕਾ ਤੇ ਕੋਮਲਪ੍ਰੀਤ ਕੌਰ ਨੇ ਬਾਖੂਬੀ ਨਿਭਾਇਆ।