- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੌਮਾਂਤਰੀ ਮਾਂ ਬੋਲੀ ਦਿਵਸ ਦੇ ਮੌਕੇ ’ਤੇ ਨੀਵਰਸਿਟੀ ਕਾਲਜ ’ਚ ਅੰਤਰ ਕਾਲਜ਼ ਮੁਕਾਬਲੇ ਕਰਵਾਏ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਲਾਡੋਵਾਲੀ ਰੋਡ ਦੇ ਭਾਸ਼ਾ ਮੰਚ ਵੱਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਮੌਕੇ ’ਤੇ ਅੰਤਰ ਕਾਲਜੀ ਕਵਿਤਾ ਪਾਠ, ਪੋਸਟਰ ਮੇਕਿੰਗ ਤੇ ਭਾਸ਼ਣ ਕਲਾ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦਾ ਉਦੇਸ਼ ਵਿਦਿਆਰਥੀਆਂ ’ਚ ਮਾਂ ਬੋਲੀ ਪ੍ਰਤੀ ਪਿਆਰ, ਸਨਮਾਨ ਤੇ ਸੱਭਿਆਚਾਰਕ ਜਾਗਰੂਕਤਾ ਨੂੰ ਉਤਸ਼ਾਹਤ ਕਰਨਾ ਸੀ। ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਰਚਨਾਤਮਕ ਯੋਗਤਾ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਇਸ ਮੌਕੇ ’ਤੇ ਰੀਜਨਲ ਕੈਂਪਸ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾ. ਸੁਖਵਿੰਦਰ ਸਿੰਘ ਸੰਘਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਕਾਲਜ ਦੇ ਇੰਚਾਰਜ ਡਾ. ਅਸ਼ੀਸ਼ ਅਰੋੜਾ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਮਾਂ ਬੋਲੀ ਸਾਡੀ ਅਸਲੀ ਪਛਾਣ ਹੈ ਤੇ ਇਹ ਸਾਡੇ ਸੰਸਕਾਰਾਂ, ਸੱਭਿਆਚਾਰ ਤੇ ਵਿਰਾਸਤ ਦੀ ਸੰਭਾਲਕ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬੀ ਭਾਸ਼ਾ ਨੂੰ ਸਿਰਫ ਪਾਠਕ੍ਰਮ ਤੱਕ ਸੀਮਿਤ ਨਾ ਰੱਖਣ, ਸਗੋਂ ਇਸਨੂੰ ਆਪਣੇ ਰੋਜ਼ਾਨਾ ਜੀਵਨ ਦਾ ਅਟੂਟ ਹਿੱਸਾ ਬਣਾਉਣ। ਮੁੱਖ ਮਹਿਮਾਨ ਡਾ. ਸੁਖਵਿੰਦਰ ਸਿੰਘ ਸੰਘਾ ਨੇ ਆਪਣੇ ਸੰਬੋਧਨ ’ਚ ਮਾਂ ਬੋਲੀ ਦਿਵਸ ਦੇ ਇਤਿਹਾਸ ਤੇ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਭਾਸ਼ਾ ਕਿਸੇ ਵੀ ਕੌਮ ਦੀ ਆਤਮਾ ਹੁੰਦੀ ਹੈ ਤੇ ਇਸਦੀ ਸੁਰੱਖਿਆ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਭਾਸ਼ਾ ਮੰਚ ਦੇ ਇੰਚਾਰਜ ਡਾ. ਲਖਵੀਰ ਸਿੰਘ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ’ਚ ਆਤਮ ਵਿਸ਼ਵਾਸ ਤੇ ਅਭਿਵਿਅਕਤੀ ਦੀ ਕਲਾ ਨੂੰ ਨਿਖਾਰਦੀਆਂ ਹਨ ਤੇ ਉਨ੍ਹਾਂ ਨੂੰ ਭਵਿੱਖ ’ਚ ਵੀ ਇਨ੍ਹਾਂ ਮੁਕਾਬਲਿਆਂ ’ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।