ਐੱਲਕੇਸੀ ਫਾਰ ਵੂਮੈਨ ’ਚ ਉੱਦਮਤਾ ’ਤੇ ਪ੍ਰੇਰਨਾਦਾਇਕ ਭਾਸ਼ਣ ਕਰਵਾਇਆ
ਲਾਇਲਪੁਰ ਖ਼ਾਲਸਾ ਕਾਲਜ ਫਾਰ ਵੂਮੈਨ ’ਚ ਉੱਦਮਤਾ ’ਤੇ ਪ੍ਰੇਰਨਾਦਾਇਕ ਭਾਸ਼ਣ ਕਰਵਾਇਆ
Publish Date: Tue, 03 Feb 2026 08:27 PM (IST)
Updated Date: Wed, 04 Feb 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਫਾਰ ਵੂਮੈਨ ਦੇ ਫੈਸ਼ਨ ਡਿਜ਼ਾਈਨਿੰਗ ਦੇ ਪੋਸਟ ਗ੍ਰੈਜੂਏਸ਼ਨ ਵਿਭਾਗ ਵੱਲੋਂ 3 ਫਰਵਰੀ 2026 ਨੂੰ “ਦ੍ਰਿਸ਼ਟੀ ਤੋਂ ਉੱਦਮ ਤੱਕ ਇਕ ਉੱਦਮੀ ਦੀ ਕਹਾਣੀ” ਵਿਸ਼ੇ ’ਤੇ ਇਕ ਪ੍ਰੇਰਨਾਦਾਇਕ ਭਾਸ਼ਣ ਕਰਵਾਇਆ। ਇਸ ਭਾਸ਼ਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉੱਦਮਤਾ ਤੇ ਸਟਾਰਟਅੱਪ ਸੱਭਿਆਚਾਰ ਨੂੰ ਇਕ ਵਿਹਾਰਕ ਤੇ ਪ੍ਰਭਾਵਸ਼ਾਲੀ ਕਰੀਅਰ ਵਿਕਲਪ ਵਜੋਂ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ। ਇਸ ਮੌਕੇ ਮਹਿਮਾਨ ਬੁਲਾਰੇ ਵਜੋਂ ਪ੍ਰਸਿੱਧ ਉੱਦਮੀ ਤੇ ਖੋਜ ਵਿਦਵਾਨ ਸੁਮਨਜੀਤ ਕੌਰ ਚੱਠਾ ਹਾਜ਼ਰ ਹੋਏ। ਉਨ੍ਹਾਂ ਨੇ ਆਪਣੇ ਉੱਦਮੀ ਸਫ਼ਰ ਦੌਰਾਨ ਆਈਆਂ ਚੁਣੌਤੀਆਂ, ਅਨੁਭਵਾਂ ਤੇ ਸਫ਼ਲਤਾ ਦੀਆਂ ਕਹਾਣੀਆਂ ਸਾਂਝੀਆਂ ਕਰਦਿਆਂ ਵਿਦਿਆਰਥੀਆਂ ਨੂੰ ਆਪਣੇ ਵਿਚਾਰਾਂ ਨੂੰ ਅਰਥਪੂਰਨ ਉੱਦਮਾਂ ’ਚ ਬਦਲਣ ਲਈ ਉਤਸ਼ਾਹਿਤ ਕੀਤਾ। 60 ਤੋਂ ਵੱਧ ਉਮਰ ’ਚ ਪੀਐੱਚਡੀ ਕਰ ਰਹੀ ਚੱਠਾ ਨੇ ਜੀਵਨ ਭਰ ਸਿੱਖਣ, ਦ੍ਰਿੜਤਾ ਤੇ ਨਵੀਨਤਾ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ। ਕਾਲਜ ਦੀ ਪ੍ਰਿੰਸੀਪਲ ਡਾ. ਸਰਬਜੀਤ ਕੌਰ ਰਾਏ ਨੇ ਇਸ ਪ੍ਰੇਰਨਾਦਾਇਕ ਸਮਾਗਮ ਨੂੰ ਸਫਲ ਕਰਵਾਉਣ ਲਈ ਫੈਸ਼ਨ ਡਿਜ਼ਾਈਨਿੰਗ ਦੇ ਪੀਜੀ ਵਿਭਾਗ ਦੀ ਮੁਖੀ ਮਨਜੀਤ ਕੌਰ ਤੇ ਵਿਭਾਗੀ ਟੀਮ ਦੀ ਸ਼ਲਾਘਾ ਕੀਤੀ।