ਜਾਂਚ ਟੀਮਾਂ ਫੀਲਡ ’ਚ, ਫਿਰ ਵੀ ਦੁਕਾਨਾਂ ’ਚ ਮਹਿੰਗੇ ਭਾਅ ’ਤੇ ਭਰੇ ਜਾ ਰਹੇ ਛੋਟੇ ਗੈਸ ਸਿਲੰਡਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਰਸੋਈ ਗੈਸ ਦੀ ਸਪਲਾਈ ਯਕੀਨੀ ਬਣਾਉਣ ਅਤੇ ਕਾਲਾ ਬਾਜ਼ਾਰੀ ਤੇ ਜਮ੍ਹਾਂਖੋਰੀ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਂਚ ਟੀਮਾਂ ਬਣਾਈਆਂ ਗਈਆਂ ਹਨ ਪਰ ਇਸ ਦੇ ਬਾਵਜੂਦ ਸ਼ਹਿਰ ਦੇ ਕੁਝ ਇਲਾਕਿਆਂ ’ਚ ਘਰੇਲੂ ਗੈਸ ਸਿਲੰਡਰਾਂ ਤੋਂ ਛੋਟੇ ਸਿਲੰਡਰ ਮਹਿੰਗੇ ਭਾਅ ’ਤੇ ਭਰੇ ਜਾ ਰਹੇ ਹਨ। ਕਮਰਸ਼ੀਅਲ ਗੈਸ ਸਿਲੰਡਰਾਂ ਦੀ ਸਪਲਾਈ ’ਤੇ ਲੱਗੀ ਰੋਕ ਤੋਂ ਬਾਅਦ ਗੈਸ ਦਾ ਗੈਰ-ਕਾਨੂੰਨੀ ਕਾਰੋਬਾਰ ਘਰੇਲੂ ਸਿਲੰਡਰਾਂ ਰਾਹੀਂ ਚਲਾਇਆ ਜਾ ਰਿਹਾ ਹੈ। ਗੜ੍ਹਾ, ਮਕਦੂਮਪੁਰਾ ਤੇ ਸ਼ਹਿਰ ਦੀਆਂ ਕੁਝ ਬਸਤੀਆਂ ’ਚ ਚੱਲ ਰਹੇ ਇਸ ਗੈਰ-ਕਾਨੂੰਨੀ ਧੰਦੇ ਬਾਰੇ ਕੋਈ ਵੀ ਸ਼ਿਕਾਇਤ ਨਹੀਂ ਕਰ ਰਿਹਾ। ਜ਼ਿਲ੍ਹਾ ਖਾਦ ਤੇ ਸਪਲਾਈ ਅਧਿਕਾਰੀ ਨਰਿੰਦਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜਾਂਚ ਲਈ ਟੀਮਾਂ ਦਾ ਗਠਨ ਕੀਤਾ ਹੈ। ਗੜ੍ਹਾ ਇਲਾਕੇ ’ਚ ਕੀਤੇ ਗਏ ਨਿਰੀਖਣ ਦੌਰਾਨ ਪਤਾ ਲੱਗਿਆ ਕਿ ਬਰਤਨਾਂ ਦੀਆਂ ਦੁਕਾਨਾਂ ਦੇ ਨਾਲ ਹੀ ਐੱਲਪੀਜੀ ਭਰਨ ਲਈ ਵੱਖਰੇ ਗੁਦਾਮ ਬਣਾਏ ਹੋਏ ਹਨ। ਇਹ ਨਵੇਂ ਨਹੀਂ ਹਨ ਤੇ ਕਾਫੀ ਸਮੇਂ ਤੋਂ ਚੱਲ ਰਹੇ ਹਨ ਪਰ ਗੈਸ ਦੀ ਕਮੀ ਦੇ ਹਾਲਾਤ ’ਚ ਵੀ ਇਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਹੋਈ। ਸ਼ਹਿਰ ਦੇ ਕਈ ਇਲਾਕਿਆਂ ’ਚ ਗੈਸ ਚੁੱਲ੍ਹੇ ਤੇ ਰਸੋਈ ਸਾਮਾਨ ਵੇਚਣ ਵਾਲੇ ਵਪਾਰੀ ਨਵੇਂ ਛੋਟੇ ਐੱਲਪੀਜੀ ਸਿਲੰਡਰ ਵੇਚਣ ਦੇ ਨਾਲ-ਨਾਲ ਪੁਰਾਣੇ ਸਿਲੰਡਰਾਂ ’ਚ ਗੈਸ ਵੀ ਭਰ ਰਹੇ ਹਨ। ਗੈਸ ਸਿਰਫ਼ ਆਪਣੇ ਵਿਸ਼ਵਾਸਯੋਗ ਗਾਹਕਾਂ ਨੂੰ ਹੀ ਦਿੱਤੀ ਜਾ ਰਹੀ ਹੈ। ਨਵੇਂ ਗਾਹਕ ਆਉਣ ’ਤੇ ਪਹਿਲਾਂ ਉਨ੍ਹਾਂ ਨੂੰ ਮਨ੍ਹਾ ਕਰ ਦਿੱਤਾ ਜਾਂਦਾ ਹੈ ਪਰ ਜ਼ਿਆਦਾ ਜ਼ੋਰ ਦੇਣ ’ਤੇ ਕੁਝ ਘੰਟਿਆਂ ਬਾਅਦ ਆਉਣ ਲਈ ਕਿਹਾ ਜਾਂਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਈਆਂ ਗਈਆਂ ਜਾਂਚ ਟੀਮਾਂ ’ਚ ਪੁੱਡਾ ਦੇ ਵਧੀਕ ਮੁੱਖ ਪ੍ਰਸ਼ਾਸਕ, ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ, ਏਸੀਪੀ ਹੈੱਡਕੁਆਰਟਰ ਤੇ ਜ਼ਿਲ੍ਹਾ ਅਬਕਾਰੀ ਤੇ ਕਰ ਕਮਿਸ਼ਨਰ ਜਲੰਧਰ ਨੂੰ ਮੈਂਬਰ ਬਣਾਇਆ ਗਿਆ ਹੈ, ਜਦਕਿ ਟੀਮਾਂ ਦੇ ਕੋਆਰਡੀਨੇਟਰ ਜ਼ਿਲ੍ਹਾ ਖਾਦ ਤੇ ਸਪਲਾਈ ਅਧਿਕਾਰੀ ਹਨ। ਨਰਿੰਦਰ ਸਿੰਘ ਨੇ ਕਿਹਾ ਕਿ ਜੋ ਵੀ ਗੈਸ ਦੀ ਕਾਲਾ ਬਾਜ਼ਾਰੀ ਜਾਂ ਗੈਰ-ਕਾਨੂੰਨੀ ਸਟੋਰ ਕਰਦਾ ਮਿਲੇਗਾ, ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਲੋਕ ਵੀ ਬਿਨਾਂ ਡਰ ਦੇ ਇਸ ਬਾਰੇ ਪ੍ਰਸ਼ਾਸਨ ਨੂੰ ਸੂਚਨਾ ਦੇ ਸਕਦੇ ਹਨ।