ਰਿੰਗ ਰੋਡ ਪ੍ਰੋਜੈਕਟ ਦਾ ਨਿਰੀਖਣ, ਟ੍ਰੈਫਿਕ ਜਾਮ ਤੋਂ ਮਿਲੇਗੀ ਰਾਹਤ : ਸੁਸ਼ੀਲ ਰਿੰਕੂ
ਜਲੰਧਰ ’ਚ ਰਿੰਗ ਰੋਡ ਪ੍ਰੋਜੈਕਟ ਦਾ ਨਿਰੀਖਣ, ਟ੍ਰੈਫਿਕ ਜਾਮ ਤੋਂ ਮਿਲੇਗੀ ਰਾਹਤ: ਸੁਸ਼ੀਲ ਰਿੰਕੂ
Publish Date: Tue, 07 Apr 2026 07:08 PM (IST)
Updated Date: Wed, 08 Apr 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨਾਲ ਮਿਲ ਕੇ ਜਲੰਧਰ ’ਚ ਨਿਰਮਾਣ ਅਧੀਨ ਰਿੰਗ ਰੋਡ ਪ੍ਰੋਜੈਕਟ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪ੍ਰੋਜੈਕਟ ਨੂੰ ਨਿਰਧਾਰਤ ਸਮੇਂ ਤੇ ਉੱਚ ਗੁਣਵੱਤਾ ਨਾਲ ਪੂਰਾ ਕੀਤਾ ਜਾਵੇ। ਰਿੰਕੂ ਨੇ ਕਿਹਾ ਕਿ ਲਗਭਗ 46 ਕਿਲੋਮੀਟਰ ਲੰਬਾ ਇਹ ਰਿੰਗ ਰੋਡ ਜਲੰਧਰ ਦੇ ਨਾਲ-ਨਾਲ ਅੰਮ੍ਰਿਤਸਰ, ਕਪੂਰਥਲਾ, ਜੰਮੂ ਤੇ ਫਗਵਾੜਾ ਜਾਣ ਵਾਲੇ ਯਾਤਰੀਆਂ ਲਈ ਵੱਡੀ ਸਹੂਲਤ ਸਾਬਤ ਹੋਵੇਗਾ। ਇਸ ਨਾਲ ਸ਼ਹਿਰ ਅੰਦਰ ਟ੍ਰੈਫਿਕ ਦਾ ਦਬਾਅ ਘਟੇਗਾ ਤੇ ਜਾਮ ਤੋਂ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਮਨਜ਼ੂਰ ਕੀਤਾ ਗਿਆ ਇਹ ਮਹੱਤਵਪੂਰਨ ਪ੍ਰੋਜੈਕਟ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਪ੍ਰੋਜੈਕਟ ਲਈ ਲੋੜੀਂਦੀ ਜ਼ਮੀਨ ਦੀ ਪ੍ਰਾਪਤੀ ਪੂਰੀ ਹੋ ਚੁੱਕੀ ਹੈ, ਜਿਸ ਨਾਲ ਨਿਰਮਾਣ ਕਾਰਜ ’ਚ ਕੋਈ ਵੱਡੀ ਰੁਕਾਵਟ ਨਹੀਂ ਰਹੀ। ਕੁੱਲ ਪ੍ਰੋਜੈਕਟ ਦੀ ਲਾਗਤ ਲਗਭਗ 2,167 ਕਰੋੜ ਹੈ, ਜਿਸ ’ਚੋਂ ਕਰੀਬ 1,365 ਕਰੋੜ ਨਿਰਮਾਣ ਤੇ ਲਗਭਗ 790 ਕਰੋੜ ਜ਼ਮੀਨ ਪ੍ਰਾਪਤੀ ਲਈ ਨਿਰਧਾਰਤ ਕੀਤੇ ਗਏ ਹਨ। ਰਿੰਕੂ ਨੇ ਹੋਰ ਦੱਸਿਆ ਕਿ ਰਿੰਗ ਰੋਡ ’ਤੇ ਛੇ ਮੁੱਖ ਐਕਸੈੱਸ ਪੁਆਇੰਟ ਬਣਾਏ ਜਾ ਰਹੇ ਹਨ, ਜਿਨ੍ਹਾਂ ’ਚ ਸਰਾਏ ਖਾਸ, ਈਸਟ ਵੁੱਡ ਵਿਲੇਜ, ਕੰਗ ਸਾਬੂ, ਜਲੰਧਰ-ਅੰਮ੍ਰਿਤਸਰ ਰੋਡ ’ਤੇ ਫੋਲਡੀਵਾਲ, ਪਠਾਨਕੋਟ ਰੋਡ ’ਤੇ ਰਾਏਪੁਰ ਰਸੂਲਪੁਰ ਤੇ ਹੁਸ਼ਿਆਰਪੁਰ ਰੋਡ ’ਤੇ ਮਦਾਰਾ ਸ਼ਾਮਲ ਹਨ। ਇਹ ਪੁਆਇੰਟ ਆਵਾਜਾਈ ਨੂੰ ਹੋਰ ਸੁਚਾਰੂ ਬਣਾਉਣ ’ਚ ਮਦਦਗਾਰ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਜਲੰਧਰ ਦੇ ਵਿਕਾਸ ’ਚ ਇਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਵੇਗਾ ਤੇ ਭਵਿੱਖ ’ਚ ਲੋਕਾਂ ਨੂੰ ਟ੍ਰੈਫਿਕ ਸਮੱਸਿਆਵਾਂ ਤੋਂ ਵੱਡੀ ਰਾਹਤ ਮਿਲੇਗੀ। ਇਸ ਮੌਕੇ ਐੱਨਐੱਚਏਆਈ ਦੇ ਅਧਿਕਾਰੀ ਸ਼ਾਂਤਨੂ ਉਪਾਧਿਆਏ, ਨਸੀਬ ਠਾਕੁਰ, ਰਾਜ ਕੁਮਾਰ ਤਿਆਗੀ ਸਮੇਤ ਹੋਰ ਸਾਥੀ ਵੀ ਮੌਜੂਦ ਸਨ।