- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲੰਧਰ ਸਿਟੀ ਸਟੇਸ਼ਨ ਦੇ ਨਕਸ਼ੇ ’ਚ ਸੋਧ ਕੀਤੀ ਜਾਏਗੀ ਅਜੇ ਟੈਂਡਰ ਨਹੀਂ ਲੱਗਾ, ਮਹਾਂ ਪ੍ਰਬੰਧਕ ਪਾਂਡੇ

ਉਤਰੀ ਰੇਲਵੇ ਦੇ ਜਨਰਲ ਮੈਨੇਜਰ ਰਾਜੇਸ਼ ਪਾਂਡੇ ਨੇ ਸਟੇਸ਼ਨ ਦਾ ਕੀਤਾ ਮੁਆਇਨਾ, 98 ਕਰੋੜ ਦੇ ਸੁੰਦਰੀਕਰਨ ਪ੍ਰਾਜੈਕਟ ਦਾ ਸੋਧ ਤੋਂ ਬਾਅਦ ਲੱਗੇਗਾ ਟੈਂਡਰ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ : ਉਤਰੀ ਰੇਲਵੇ ਦੇ ਜਨਰਲ ਮੈਨੇਜਰ ਰਾਜੇਸ਼ ਕੁਮਾਰ ਪਾਂਡੇ ਨੇ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਸੁੰਦਰੀਕਰਨ ਦੇ ਮਾਮਲੇ ’ਚ ਬਣਾਏ ਗਏ ਨਕਸ਼ੇ ’ਚ ਸੋਧ ਕਰਨ ਦੀ ਹਦਾਇਤ ਕੀਤੀ ਹੈ ਤੇ ਉਨ੍ਹਾਂ ਨੇ ਕਿਹਾ ਹੈ ਕਿ ਨਕਸ਼ੇ ’ਚ ਸੋਧ ਦੇ ਬਾਅਦ ਹੀ ਇਸ ਦਾ ਟੈਂਡਰ ਲਗਾਇਆ ਜਾਏਗਾ। ਮੰਗਲਵਾਰ ਨੂੰ ਸਿਟੀ ਰੇਲਵੇ ਸਟੇਸ਼ਨ ਦਾ ਮੁਆਇਨਾ ਕਰਨ ਦੇ ਬਾਅਦ ਉਹ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਉਨ੍ਹਾਂ ਨਾਲ ਫਿਰੋਜ਼ਪੁਰ ਰੇਲਵੇ ਮੰਡਲ ਦੇ ਪ੍ਰਬੰਧਕ ਸੰਜੀਵ ਕੁਮਾਰ, ਸਟੇਸ਼ਨ ਸੁਪਰਡੈਂਟ ਹਰੀਦੱਤ ਸ਼ਰਮਾ, ਕੰਸਟ੍ਰਕਸ਼ਨ ਵਿਭਾਗ ਦੇ ਇੰਜੀਨੀਅਰ ਅਤੇ ਹੋਰ ਅਧਿਕਾਰੀ ਮੋਜੂਦ ਸਨ। ਜਨਰਲ ਮੈਨੇਜਰ ਨੇ ਕਿਹਾ ਕਿ ਸਿਟੀ ਰੇਲਵੇ ਸਟੇਸ਼ਨ ਦੇ ਨਕਸ਼ੇ ’ਚ ਸੋਧ ਦੇ ਬੁਾਅਦ ਉਸ ਦੇ ਪਲੇਟ ਫਾਰਮ ਵਧਾਏ ਜਾਣਗੇ ਤੇ ਸਟੇਸ਼ਨ ਦਾ ਸੁੰਦਰੀਕਰਨ ਦਾ ਕੰਮ ਵੀ ਟੈਂਡਰ ਲੱਗਣ ਅਤੇ ਠੇਕਾ ਕੰਪਨੀ ਨੂੰ ਵਰਕ ਆਰਡਰ ਜਾਰੀ ਹੋਣ ਦੇ ਬਾਅਦ ਸ਼ੁਰੂ ਕੀਤਾ ਜਾਏਗਾ।
ਉਨ੍ਹਾਂ ਕਿਹਾ ਕਿ ਇਹ 98 ਕਰੋੜ ਦਾ ਪ੍ਰਾਜੈਕਟ ਤੇ ਅਤੇ ਪਹਿਲੇ ਪੜਾਅ ਦਾ ਕੰਮ ਫੁੱਟਓਵਰ ਬ੍ਰਿਜ\ ਐੱਫਓਬੀ ਵਾਲੇ ਪਾਸੇ ਤੋਂ ਸ਼ੁਰੂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ੳਨ੍ਹਾਂ ਵਲੋਂ ਉੱਤਰੀ ਰੇਲਵੇ ਦੇ ਮਹਾ ਪ੍ਰਬੰਧਕ ਦਾ ਅਹੁਦਾ ਸੰਭਾਲਣ ਦੇ ਬਾਅਦ ਜਲੰਧਰ ਦਾ ਪਹਿਲਾ ਮੁਆਇਨਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਅੰਮ੍ਰਿਤਸਰ ਅਤੇ ਬਿਆਸ ਰੇਲਵੇ ਸਟੇਸ਼ਨਾਂ ਦਾ ਵੀ ਮੁਆਇਨਾ ਕੀਤਾ ਤੇ ਹੁਣ ਜਲੰਧਰ ਦਾ ਮੁਆਇਨਾ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਸਿਟੀ ਰੇਲਵੇ ਸਟੇਸ਼ਨ ਦਾ ਪਹਿਲੇ ਪੜਾਅ ਦਾ 98 ਕਰੋੜ ਦਾ ਪ੍ਰਾਜੈਕਟ ਤੇ ਇਸ ਦੇ ਪੂਰਾ ਹੋਣ ਦੇ ਬਾਅਦ ਦੂਜੇ ਪੜਾਅ ਦਾ ਕੰਮ ਸ਼ੁਰੂ ਕੀਤਾ ਜਾਏਗਾ ਤੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ੳਸਦੇ ਨਕਸ਼ੇ ਦੀ ਸਮੀਖਿਆ ਕੀਤੀ ਜਾਏਗੀ।
ਸੈਕਿੰਡ ਐਂਟਰੀ ਲਈ ਥਾਂ ਵਧਾਈ ਜਾਏਗੀ
ਉੱਤਰੀ ਰੇਲਵੇ ਦੇ ਮਹਾ ਪ੍ਰਬੰਧਕ ਨੇ ਕਿਹਾ ਕਿ ਜਲੰਧਰ ਸਿਟੀ ਸਟੇਸ਼ਨ ਦੀ ਸੈਕਿੰਡ ਐਂਟਰੀ ਲਈ ਜ਼ਮੀਨੀ ਰਕਬਾ ਵਧਾਇਆ ਜਾਏਗਾ ਤੇ ਇਸ ਲਈ ਗੁਡਜ਼ ਸੈੱਡ ਨੂੰ ਉਥੋ ਤਬਦੀਲ ਕੀਤਾ ਜਾਏਗਾ ਤੇ ਇਸ ਦੇ ਬਾਅਦ ਹੀ ਸੈਕਿੰਡ ਐਂਟਰੀ ਦਾ ਕੰਮ ਸ਼ੁਰੂ ਹੋ ਸਕੇਗਾ। ਗੁਡਜ਼ ਸੈੱਡ ਸੁੱਚੀ ਪਿੰਡ ਤੇ ਕਰਤਾਰਪੁਰ ਬਣਾਇਆ ਜਾ ਸਕਦਾ ਹੈ ਤੇ ਸੁੱਚੀ ਪਿੰਡ ’ਚ ਰੇਲਵੇ ਨੂੰ ਜ਼ਮੀਨ ਖਰੀਦਣੀ ਹੋਵੇਗੀ, ਜਦੋਂਕਿ ਕਰਤਾਰਪੁਰ ’ਚ ਰੇਲਵੇ ਪਾਸ ਜ਼ਮੀਨ ਹੈ। ਉੁਨ੍ਹਾਂ ਕਿਹਾ ਕਿ ਐਂਟਰੀ ਦਾ ਕੰਮ ਸਿਟੀ ਸਟੇਸ਼ਨ ਦੇ ਦੂਜੇ ਪੜਾਅ ਦੇ ਪ੍ਰਾਜੈਕਟ ਦੌਰਾਨ ਸ਼ੁਰੂ ਕੀਤਾ ਜਾਏਗਾ।
100 ਵੰਦੇ ਭਾਰਤ ਰੇਲ ਗੱਡੀਆਂ ਚੱਲੀਆਂ
ਮਹਾ ਪ੍ਰਬੰਧਕ ਰਾਕੇਸ਼ ਪਾਂਡੇ ਨੇ ਕਿਹਾ ਕਿ ਉੱਤਰੀ ਰੇਲਵੇ ਨੇ ਪਿਛਲੇ ਸਮੇਂ ਦੌਰਾਨ ਵਧੇਰੇ ਕੰਮ ਕੀਤਾ ਤੇ ਉਸ ਨੇ ਵੱਖ-ਵੱਖ ਸਟੇਸ਼ਨਾਂ ਤੋਂ ਲਗਪਗ 100 ਵੰਦੇ ਭਾਰਤ ਰੇਲ ਗੱਡੀਆਂ ਚਲਾਈਆਂ, ਜਿਨ੍ਹਾਂ ਨਾਲ ਜੰਮੂ-ਕਸ਼ਮੀਰ ਨੂੰ ਰੇਲਾਂ ਰਾਹੀਂ ਸਾਰੇ ਦੇਸ਼ ਨਾਲ ਜੋੜਿਆ ਗਿਆ ਹੈ। ਉਥੇ ਅਜੇ ਹੋਰ ਵੀ ਵਿਕਾਸ ਕੰਮ ਕੀਤੇ ਜਾ ਰਹੇ ਹਨ।
ਅਧਿਕਾਰੀਆਂ ਨਾਲ ਮੀਟਿੰਗ
ਰੇਲਵੇ ਸਟੇਸ਼ਨ ਦਾ ਮੁਆਇਨਾ ਕਰਨ ਦੇ ਬਾਅਦ ਜਨਰਲ ਮੈਨੇਜਰ ਨੇ ਸਟੇਸ਼ਨ ਸੁਪਰਡੈਂਟ ਦੇ ਵੀਆਈਪੀ ਰੂਮ ’ਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੇ ਇਸ ਤੋਂ ਪਹਿਲਾਂ ਉਨ੍ਹਾਂ ਨੇ ਜਲੰਧਰ ਰੇਲਵੇ ਸਟੇਸ਼ਨ ਦੇ ਸੁੰਦਰੀਕਰਨ ਦਾ ਬੋਰਡ ਤੇ ਲੱਗਾ ਨਕਸ਼ਾ ਵੀ ਦੇਖਿਆ। ਮੀਟਿੰਗ ਦੌਰਾਨ ਰੇਲ ਅਧਿਕਾਰੀਆਂ ਅਤੇ ਕੰਸਟ੍ਰੱਕਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਕੁਝ ਹਦਾਇਤਾਂ ਕੀਤੀਆਂ ਤੇ ਜਲੰਧਰ ਸਿਟੀ ਦੇ ਸੁੰਦਰੀਕਰਨ ਦੇ ਨਕਸ਼ੇ ’ਚ ਸੋਧ ਕਰ ਕੇ ਉਨ੍ਹਾ ਨੂੰ ਭੇਜਣ ਲਈ ਕਿਹਾ। ਨਕਸ਼ੇ ’ਚ ਸੋਧ ਦੇ ਬਾਅਦ ਹੀ ਸਿਟੀ ਰੇਲਵੇ ਸਟੇਸ਼ਨ ਦਾ ਟੈਂਡਰ ਲਾਇਆ ਜਾਏਗਾ। ਇਸ ਦੌਰਾਨ ਆਲ ਇੰਡੀਆ ਰਿਟਾਇਰਡ ਰੇਲਵੇ ਮੈਨਜ਼ ਫੈੱਡਰੇਸ਼ਨ ਦੇ ਜਾਂਇੰਟ ਸਕੱਤਰ ਸੁਭਾਸ਼ ਦੱਤਾ ਨੇ ਜਨਰਲ ਮੈਨੇਜਰ ਨੂੰ ਆਪਣੀਆਂ ਮੰਗਾਂ ਸਬੰਧੀ ਇਕ ਮੰਗ ਪੱਤਰ ਵੀ ਦਿੱਤਾ। ਇਸ ਦੌਰਾਨ ਯੂਨੀਅਨ ਆਗੂ ਰਮੇਸ਼ ਭੱਲਾ ਤੇ ਬਲਰਾਜ ਵੀ ਉਨ੍ਹਾਂ ਨਾਲ ਮੌਜੂਦ ਸਨ। ਜਨਰਲ ਮੈਨੇਜਰ ਨੇ ਉਨ੍ਹਾਂ ਦੀਆਂ ਮੰਗਾਂ ’ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ।