ਵਿਦਿਆਰਥੀਆਂ ਨੂੰ ਪੁਲਿਸ ਸਹਾਇਤਾ ਕੇਂਦਰ ਬਾਰੇ ਦੱਸਿਆ
ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਤੇ ਪੁਲਿਸ ਸਹਾਇਤਾ ਕੇਂਦਰ ਦੀ ਦਿੱਤੀ ਜਾਣਕਾਰੀ
Publish Date: Tue, 21 Apr 2026 06:43 PM (IST)
Updated Date: Tue, 21 Apr 2026 07:37 PM (IST)
-ਜਾਨ ਮਾਲ ਲਈ ਵੱਡਾ ਖਤਰਾ ਬਣਦੀ ਤੇਜ਼ ਰਫ਼ਤਾਰ
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਟ੍ਰੈਫਿਕ ਪੁਲਿਸ ਵੱਲੋਂ ਸੜਕ ਸੁਰੱਖਿਆ ਤੇ ਕਾਨੂੰਨੀ ਜਾਗਰੂਕਤਾ ਮੁਹਿੰਮ ਤਹਿਤ ਜ਼ੋਨ ਤਿੰਨ ਦੇ ਇੰਚਾਰਜ ਕੁਲਦੀਪ ਸਿੰਘ ਸਮੇਤ ਪੁਲਿਸ ਮੁਲਾਜ਼ਮਾਂ ਵੱਲੋਂ ਵੱਖ-ਵੱਖ ਸਕੂਲਾਂ ਦੀਆਂ ਵਿਦਿਆਰਥਣਾਂ ਤੇ ਵਿਦਿਆਰਥੀਆਂ ਨੂੰ ਐਮਰਜੈਂਸੀ ਹਾਲਾਤਾਂ ’ਚ ਵਰਤੇ ਜਾਣ ਵਾਲੇ ਪੁਲਿਸ ਸਹਾਇਤਾ ਕੇਂਦਰ ਦੇ 112 ਨੰਬਰ ’ਤੇ ਕਾਲ ਕਰਕੇ ਸੂਚਨਾ ਦੇਣ ਦੀ ਜਾਣਕਾਰੀ ਦਿੱਤੀ ਗਈ। ਟ੍ਰੈਫਿਕ ਪੁਲਿਸ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਕਿਸੇ ਵੀ ਐਮਰਜੈਂਸੀ, ਹਾਦਸੇ, ਸ਼ੱਕੀ ਗਤੀਵਿਧੀ ਜਾਂ ਮਦਦ ਦੀ ਲੋੜ ਪੈਣ ਦੀ ਸਥਿਤੀ ’ਚ 112 ਨੰਬਰ 'ਤੇ ਤੁਰੰਤ ਸੂਚਿਤ ਕਰਨ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਨਾਲ ਹੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ। ਜਾਗਰੂਕਤਾ ਸੈਸ਼ਨ ਦੌਰਾਨ ਅਧਿਕਾਰੀਆਂ ਵੱਲੋਂ ਅਧੂਰੀ ਉਮਰ ’ਚ ਵਾਹਨ ਚਲਾਉਣ, ਬਿਨਾਂ ਹੈਲਮੈਟ ਤੋਂ ਦੋ ਪਹੀਆ ਵਾਹਨ ਚਲਾਉਣ, ਦੋ ਪਹੀਆ ਵਾਹਨ ਤੇ ਤਿੰਨ ਸਵਾਰੀਆਂ ਬਿਠਾ ਕੇ ਸਫਰ ਕਰਨ, ਤੇਜ਼ ਰਫ਼ਤਾਰੀ ਤੇ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਵਰਗੀਆਂ ਖਤਰਨਾਕ ਆਦਤਾਂ ਦੇ ਨੁਕਸਾਨਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਾ ਸਿਰਫ ਕਾਨੂੰਨੀ ਕਾਰਵਾਈ ਨੂੰ ਸੱਦਾ ਦਿੰਦੀ ਹੈ, ਸਗੋਂ ਜਾਨ ਮਾਲ ਲਈ ਵੀ ਵੱਡਾ ਖਤਰਾ ਬਣਦੀ ਹੈ। ਪੁਲਿਸ ਅਧਿਕਾਰੀਆਂ ਨੇ ਵਿਦਿਆਰਥਣਾਂ ਨੂੰ ਇਹ ਸੰਦੇਸ਼ ਵੀ ਦਿੱਤਾ ਕਿ ਉਹ ਆਪਣੇ ਪਰਿਵਾਰਾਂ ਤੇ ਆਸ-ਪਾਸ ਦੇ ਲੋਕਾਂ ਨੂੰ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਨ ਤਾਂ ਜੋ ਸੜਕ ਹਾਦਸਿਆਂ ’ਚ ਕਮੀ ਲਿਆਂਦੀ ਜਾ ਸਕੇ। ਸਕੂਲ ਪ੍ਰਬੰਧਕਾਂ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਬੱਚਿਆਂ ’ਚ ਜ਼ਿੰਮੇਵਾਰ ਨਾਗਰਿਕਤਾ ਦੀ ਭਾਵਨਾ ਪੈਦਾ ਕਰਦੇ ਹਨ। ਇਸ ਮੌਕੇ ਵਿਦਿਆਰਥਣਾਂ ਤੇ ਵਿਦਿਆਰਥੀਆਂ ਨੇ ਵੀ ਜਾਣਕਾਰੀ ਪ੍ਰਾਪਤ ਕਰਕੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਸੰਕਲਪ ਲਿਆ।