ਉਦਯੋਗਾਂ ’ਤੇ ਦਬਾਅ ਵਧਣ ਦੀ ਸੰਭਾਵਨਾ ਬਣੀ : ਸ਼ਰਮਾ
ਇੰਡਸਟਰੀਅਲ ਡੀਜ਼ਲ ਦੀ ਕੀਮਤ ਵਾਧੇ ਨਾਲ ਉਦਯੋਗਾਂ ’ਤੇ ਦਬਾਅ ਵਧਣ ਦੀ ਸੰਭਾਵਨਾ: ਸੁਨੀਲ ਸ਼ਰਮਾ
Publish Date: Sat, 21 Mar 2026 07:28 PM (IST)
Updated Date: Sat, 21 Mar 2026 07:31 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਇੰਡਸਟਰੀਅਲ ਡੀਜ਼ਲ ਦੀਆਂ ਕੀਮਤਾਂ ’ਚ ਹਾਲੀਆ ਵਾਧੇ ਕਾਰਨ ਪੰਜਾਬ ਦੇ ਉਦਯੋਗਿਕ ਖੇਤਰ ’ਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਇੰਜੀਨੀਅਰਿੰਗ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਤੇ ਫੈਡਰੇਸ਼ਨ ਆਫ ਇੰਡਸਟਰੀ ਐਂਡ ਟ੍ਰੇਡ ਦੇ ਕਨਵੀਨਰ ਸੁਨੀਲ ਸ਼ਰਮਾ ਨੇ ਕਿਹਾ ਕਿ ਇਸ ਵਾਧੇ ਦਾ ਸਿੱਧਾ ਅਸਰ ਉਤਪਾਦਨ ਲਾਗਤ ਤੇ ਟਰਾਂਸਪੋਰਟ ਖਰਚ ’ਤੇ ਪਵੇਗਾ, ਜਿਸ ਨਾਲ ਉਦਯੋਗਾਂ ’ਤੇ ਆਰਥਿਕ ਬੋਝ ਵਧੇਗਾ। ਉਨ੍ਹਾਂ ਦੱਸਿਆ ਕਿ ਡੀਜ਼ਲ ਮਹਿੰਗਾ ਹੋਣ ਨਾਲ ਜਨਰੇਟਰ ਚਲਾਉਣ ਦੀ ਲਾਗਤ ’ਚ ਵਾਧਾ ਹੋਵੇਗਾ, ਖਾਸ ਕਰਕੇ ਉਨ੍ਹਾਂ ਇਲਾਕਿਆਂ ’ਚ ਜਿੱਥੇ ਬਿਜਲੀ ਕੱਟ ਵੱਧ ਹੁੰਦੇ ਹਨ। ਗਰਮੀ ਦੇ ਮੌਸਮ ’ਚ ਜਨਰੇਟਰਾਂ ’ਤੇ ਨਿਰਭਰਤਾ ਹੋਰ ਵਧਣ ਦੀ ਸੰਭਾਵਨਾ ਹੈ। ਸੁਨੀਲ ਸ਼ਰਮਾ ਨੇ ਕਿਹਾ ਕਿ ਟਰਾਂਸਪੋਰਟ ਤੇ ਲਾਜਿਸਟਿਕਸ ਖਰਚਾ ਵਧਣ ਨਾਲ ਤਿਆਰ ਮਾਲ ਦੀ ਕੀਮਤ ਵੀ ਵਧੇਗੀ। ਇਸ ਦਾ ਸਭ ਤੋਂ ਵੱਧ ਅਸਰ ਐੱਮਐੱਸਐੱਮਈ ਸੈਕਟਰ ’ਤੇ ਪਵੇਗਾ, ਜੋ ਪਹਿਲਾਂ ਹੀ ਗੈਸ ਦੀ ਕਮੀ, ਈਂਧਨ ਦੀਆਂ ਵਧਦੀਆਂ ਕੀਮਤਾਂ ਤੇ ਮੁਕਾਬਲੇ ਦੇ ਦਬਾਅ ਨਾਲ ਜੂਝ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗੈਸ ਦੀ ਲਗਾਤਾਰ ਕਮੀ ਕਾਰਨ ਕਈ ਉਦਯੋਗ ਪਹਿਲਾਂ ਹੀ ਬੰਦ ਹੋਣ ਕੰਢੇ ਹਨ। ਇਸ ਕਾਰਨ ਕਈ ਇਕਾਈਆਂ ਨੂੰ ਮਜਬੂਰੀ ’ਚ ਵੱਡਾ ਖਰਚ ਕਰਕੇ ਆਇਲ ਫਾਇਰਡ ਭੱਠੀਆਂ ਲਾਉਣੀਆਂ ਪਈਆਂ ਹਨ। ਹੁਣ ਡੀਜ਼ਲ ਮਹਿੰਗਾ ਹੋਣ ਨਾਲ ਉਦਯੋਗਾਂ ’ਤੇ ਦੋਹਰਾ ਅਸਰ ਪੈ ਰਿਹਾ ਹੈ, ਜਿਸਨੂੰ ਲੰਬੇ ਸਮੇਂ ਤੱਕ ਝੱਲਣਾ ਮੁਸ਼ਕਲ ਹੋਵੇਗਾ। ਉਨ੍ਹਾਂ ਕਿਹਾ ਕਿ ਵਧ ਰਹੀ ਇਨਪੁਟ ਲਾਗਤ ਕਾਰਨ ਉਦਯੋਗਾਂ ਦੀ ਮੂਨਾਫ਼ਾਖੋਰੀ ਤੇ ਟਿਕਾਊਪਣ ਪ੍ਰਭਾਵਿਤ ਹੋ ਰਿਹਾ ਹੈ, ਜਿਸ ਨਾਲ ਉਤਪਾਦਨ ਤੇ ਰੁਜ਼ਗਾਰ ’ਤੇ ਵੀ ਨਕਾਰਾਤਮਕ ਅਸਰ ਪੈ ਸਕਦਾ ਹੈ। ਅੰਤ ’ਚ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇੰਡਸਟਰੀਅਲ ਡੀਜ਼ਲ ਦੀਆਂ ਕੀਮਤਾਂ ’ਤੇ ਮੁੜ ਵਿਚਾਰ ਕੀਤਾ ਜਾਵੇ ਤੇ ਉਦਯੋਗਾਂ ਨੂੰ ਰਾਹਤ ਦੇਣ ਲਈ ਤੁਰੰਤ ਰਾਹਤ ਪੈਕੇਜ ਦਾ ਐਲਾਨ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਲਾਗਤ ਦਾ ਦਬਾਅ ਤੇ ਬੇਭਰੋਸਗੀ ਜਾਰੀ ਰਹੀ ਤਾਂ ਇਸਦਾ ਵੱਡਾ ਅਸਰ ਉਦਯੋਗਿਕ ਵਿਕਾਸ ’ਤੇ ਪਵੇਗਾ।