ਇੰਦਰਾਂ ਕਾਲੋਨੀ ਵਾਸੀਆਂ ਨੇ ਪੁਲਿਸ ਨੂੰ ਦਿਖਾਈ ਆਪਣੀ ਹੋਂਦ ਲੁੱਟ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਲੁੱਟ ਖੋਹ ਦੇ ਮਾਮਲੇ ’ਚ ਇੰਦਰਾ ਕਾਲੋਨੀ ਵਾਸੀਆਂ ਵੱਲੋਂ ਆਪਣੀ ਹੋਂਦ ਦਿਖਾਉਂਦਿਆਂ ਹੋਇਆਂ ਜਲੰਧਰ-ਅੰਮ੍ਰਿਤਸਰ ਮਾਰਗ ’ਤੇ ਪੈਂਦੇ ਵੇਰਕਾ ਮਿਲਕ ਪਲਾਂਟ ਦੇ ਨਜ਼ਦੀਕ ਸਥਿਤ ਇੰਦਰਾ ਕਾਲੋਨੀ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਕੇ ਰੋਸ ਪ੍ਰਗਟਾਇਆ ਗਿਆ। ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਹੋਇਆਂ ਲੋਕਾਂ ਵੱਲੋਂ ਦੋਸ਼ ਲਾਇਆ ਗਿਆ ਕਿ ਸ਼ਾਮ ਪੰਜ ਵਜ ਕੇ 45 ਮਿੰਟ ’ਤੇ ਇੰਦਰਾ ਕਾਲੋਨੀ ਦੇ ਬਾਹਰ ਪੈਦਲ ਜਾ ਰਹੇ ਟੋਨੂੰ ਕਲਿਆਣ ਵਾਸੀ ਇੰਦਰਾ ਕਾਲੋਨੀ ਨੂੰ ਕੁਝ ਸਕੂਟਰ ਸਵਾਰ ਵਿਅਕਤੀਆਂ ਵੱਲੋਂ ਘੇਰ ਕੇ ਅਸਲਾ ਦਿਖਾ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਤੇ ਜਦੋਂ ਉਸ ਵੱਲੋਂ ਵਿਰੋਧ ਕੀਤਾ ਗਿਆ ਤਾਂ ਉਸ ਦੀ ਰੱਜ ਕੇ ਮਾਰ ਕੁਟਾਈ ਕੀਤੀ ਗਈ, ਜਿਸ ਦੌਰਾਨ ਉਹ ਜ਼ਖ਼ਮੀ ਹੋ ਗਿਆ ਤੇ ਲੁਟੇਰੇ ਉਸ ਨੂੰ ਲੁੱਟ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਜਾਂਦੇ ਹੋਏ ਉਨ੍ਹਾਂ ਲੁਟੇਰਿਆਂ ਦੀ ਲੋਕਾਂ ਵੱਲੋਂ ਵੀਡੀਓ ਵੀ ਬਣਾਈ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਟੋਨੂੰ ਕਲਿਆਣ ਕੋਲੋਂ ਲੁਟੇਰੇ ਤਕਰੀਬਨ 10 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਫਰਾਰ ਹੋ ਗਏ ਹਨ ਤੇ ਸੂਚਨਾ ਮਿਲਣ ’ਤੇ ਉਨ੍ਹਾਂ ਵੱਲੋਂ ਮੌਕੇ ’ਤੇ ਪੁੱਜ ਕੇ ਟੋਨੂੰ ਕਲਿਆਣ ਨੂੰ ਸਿਵਲ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾਇਆ ਤੇ ਇਸ ਦੇ ਨਾਲ ਹੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਪਰ ਪੁਲਿਸ ਤਕਰੀਬਨ ਇਕ ਘੰਟਾ ਦੇਰੀ ਨਾਲ ਪੁੱਜੀ। ਲੋਕਾਂ ਵੱਲੋਂ ਰੋਸ ਪ੍ਰਗਟਾਇਆ ਗਿਆ ਕਿ ਜੇ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਦੇਣ ਦੇ ਬਾਵਜੂਦ ਪੁਲਿਸ ਮੌਕੇ ’ਤੇ ਸਮੇਂ ਸਿਰ ਨਹੀਂ ਪੁੱਜਦੀ ਤਾਂ ਉਹ ਕਾਰਵਾਈ ਕਰਨ ’ਚ ਆਨਾਕਾਨੀ ਵੀ ਕਰਨਗੇ। ਰੋਸ ਪ੍ਰਗਟ ਕਰਨ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਮੌਕੇ ’ਤੇ ਪੁੱਜ ਕੇ ਲੋਕਾਂ ਦੇ ਗੁੱਸਾ ਨੂੰ ਸ਼ਾਂਤ ਕੀਤਾ। ਤਕਰੀਬਨ ਦੋ ਘੰਟੇ ਬਾਅਦ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਭਰੋਸਾ ਦੇਣ ’ਤੇ ਧਰਨਾ ਪ੍ਰਦਰਸ਼ਨ ਸਮਾਪਤ ਕੀਤਾ ਗਿਆ। ਧਰਨਾ ਪ੍ਰਦਰਸ਼ਨ ਦੌਰਾਨ ਜਲੰਧਰ- ਅੰਮ੍ਰਿਤਸਰ ਮਾਰਗ ’ਤੇ ਜਾਮ ਲੱਗ ਗਿਆ। ਲੋਕਾਂ ਦਾ ਕਹਿਣਾ ਹੈ ਕਿ ਇਹ ਲੁਟੇਰੇ ਪਿੰਡ ਨੁਸੀ, ਪਿੰਡ ਲਿੱਧੜਾਂ ਤੇ ਪਿੰਡ ਬਿਧੀਪੁਰ ਦੇ ਵਾਸੀ ਹਨ।
-----------------------
ਦੋ ਦਿਨ ਪਹਿਲਾਂ ਵੀ ਲੁੱਟਿਆ ਸੀ ਮੋਟਰਸਾਈਕਲ
ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਵੀ ਇੰਦਰਾ ਕਾਲੋਨੀ ਵਾਸੀ ਇਕ ਵਿਅਕਤੀ ਦਾ ਇਹ ਹੀ ਲੁਟੇਰੇ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਏ ਸਨ, ਜਿਸ ਸਬੰਧੀ ਉਨ੍ਹਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਦੇਣ ਦੇ ਬਾਵਜੂਦ ਅਜੇ ਤੱਕ ਮੋਟਰਸਾਈਕਲ ਦਾ ਕੋਈ ਵੀ ਸੁਰਾਗ ਨਹੀਂ ਮਿਲਿਆ।
--------------------
ਲੁਟੇਰਿਆਂ ਦੀ ਕੀਤੀ ਜਾ ਰਹੀ ਹੈ ਭਾਲ
ਲੋਕਾਂ ਦਾ ਗੁੱਸਾ ਸ਼ਾਂਤ ਕਰਨ ਲਈ ਮੌਕੇ ’ਤੇ ਪੁੱਜੇ ਥਾਣਾ-1 ਦੇ ਮੁਖੀ ਐੱਸਆਈ ਰਕੇਸ਼ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ। ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ। ਲੋਕਾਂ ਦਾ ਕਹਿਣਾ ਹੈ ਕਿ ਜਾਂਦੇ ਹੋਏ ਲੁਟੇਰੇ ਬਿਧੀਪੁਰ ਵੱਲ ਫਰਾਰ ਹੋਏ ਹਨ।