- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਰਾਨ ਵਿੱਚਲੇ ਇਤਿਹਾਸਕ ਗੁਰੂਧਾਮਾਂ ਦੀ ਸੁਰੱਖਿਆ ਲਈ ਭਾਰਤ ਸਰਕਾਰ ਦਖ਼ਲ ਦੇਵੇ- ਸੰਤ ਸੀਚੇਵਾਲ

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਰਾਜ ਸਭਾ ਮੈਂਬਰ ਤੇ ਪ੍ਰਸਿੱਧ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੀ 13 ਦਿਨਾਂ ਦੀ ਫਿਲਪੀਨ ਫੇਰੀ ਦੌਰਾਨ ਦੇਸ਼ ਰਵਾਨਾ ਹੋਣ ਤੋਂ ਪਹਿਲਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸੰਤ ਸੀਚੇਵਾਲ ਨੇ ਅਮਰੀਕਾ ਅਤੇ ਇਜ਼ਰਾਇਲ ਵੱਲੋਂ ਇਰਾਨ ’ਤੇ ਕੀਤੇ ਜਾ ਰਹੇ ਤਿੱਖੇ ਹਮਲਿਆਂ ‘ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਇਰਾਨ ‘ਤੇ ਹੋ ਰਹੇ ਹਮਲਿਆਂ ਨਾਲ ਜਿੱਥੇ ਸਕੂਲੀ ਬੱਚਿਆਂ ਅਤੇ ਹੋਰ ਜਨਤਕ ਥਾਵਾਂ ‘ਤੇ ਹੋਏ ਹਮਲਿਆਂ ਨਾਲ ਬੇਕਸੂਰ ਲੋਕਾਂ ਦੀਆਂ ਜਾਨਾਂ ਗਈਆਂ ਹਨ, ਉਥੇ ਸਿੱਖਾਂ ਦੇ ਇਤਿਹਾਸਕ ਗੁਰੂਧਾਮ ਵੀ ਇਨ੍ਹਾਂ ਮਿਜ਼ਾਇਲਾਂ, ਡਰੋਨਾਂ ਅਤੇ ਬੰਬਾਂ ਦੀ ਮਾਰ ਹੇਠ ਆਏ ਹੋਏ ਹਨ। ਜ਼ਿਕਰਯੋਗ ਹੈ ਕਿ ਸੰਤ ਸੀਚੇਵਾਲ ਦੀ ਫਿਲਪੀਨ ਦੀ ਫੇਰੀ ਦੇ 6ਵੇਂ ਦਿਨ ਹੀ ਜੰਗ ਛਿੜ ਗਈ ਸੀ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਜੰਗ ਵਿੱਚ ਤੁਰੰਤ ਦਖ਼ਲ ਦੇਵੇ ਤਾਂ ਜੋ ‘ਸਰਬੱਤ ਦੇ ਭਲੇ ਦੇ ਪ੍ਰਤੀਕ’ ਸਿੱਖ ਧਰਮ ਦੇ ਦੋਵੇਂ ਗੁਰੂ ਘਰ ਸੁਰੱਖਿਅਤ ਰਹਿ ਸਕਣ।
ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਰੁਤਬੇ ਦੀ ਵਰਤੋਂ ਕਰਦਿਆਂ ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚੌਥੀ ਉਦਾਸੀ ਨਾਲ ਸੰਬਧਿਤ ਗੁਰੂ ਘਰਾਂ ਦੀ ਸੁਰੱਖਿਆ ਯਾਕੀਨੀ ਬਣਾਉਣ ਵਿੱਚ ਆਪਣੀ ਕੂੰਜੀਵਤ ਭੂਮਿਕਾ ਨਿਭਾਉਣ। ਉਨ੍ਹਾਂ ਨੇ ਕੌਮਾਂਤਰੀ ਸੰਸਥਾਵਾਂ ਅਤੇ ਖ਼ਾਸ ਕਰਕੇ ਯੂਐੱਨਓ ਨੂੰ ਵੀ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਦੁਨੀਆਂ ਨੂੰ ਅਮਨ ਸ਼ਾਂਤੀ ਦਾ ਰਾਹ ਦਿਖਾਉਣ ਵਾਲੇ ਰਹਿਬਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਸਥਾਨਾਂ ਨੂੰ ਇਨ੍ਹਾਂ ਵਰ੍ਹਦੀਆਂ ਮਿਜ਼ਾਇਲਾਂ ਅਤੇ ਬੰਬਾਂ ਦੀ ਮਾਰ ਨਾਲ ਹੋਣ ਵਾਲੀ ਤਬਾਹੀ ਤੋਂ ਬਚਾਉਣ ਲਈ ਅੱਗੇ ਆਉਣ। ਉਨ੍ਹਾਂ ਜੀ-20 ਮੁਲਕਾਂ ਦੇ ਮੁਖੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਿੱਖ ਕੌਮ ਦੇ ਧਾਰਮਿਕ ਅਸਥਾਨਾਂ ਨੂੰ ਬਚਾਉਣ ਲਈ ਆਪਣੇ ਪ੍ਰਭਾਵ ਦੀ ਤੁਰੰਤ ਵਰਤੋਂ ਕਰਨ।
ਜ਼ਿਕਰਯੋਗ ਹੈ ਕਿ 2003 ਤੋਂ 2011 ਤੱਕ ਚੱਲੀ ਇਰਾਕ ਜੰਗ ਦੌਰਾਨ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਗੁਰੂ ਘਰਾਂ ਦਾ ਭਾਰੀ ਨੁਕਸਾਨ ਹੋਇਆ ਸੀ। ਸੰਤ ਸੀਚੇਵਾਲ ਨੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਚੌਥੀ ਤੇ ਆਖਰੀ ਉਦਾਸੀ ਦੌਰਾਨ ਅਰਬ ਦੇਸ਼ਾਂ ਦਾ ਦੌਰਾ ਕੀਤਾ ਸੀ। ਇਸੇ ਉਦਾਸੀ ਦੌਰਾਨ ਗੁਰੂ ਸਾਹਿਬ ਨੇ ਇਰਾਨ ਵਿੱਚੋਂ ਦੀ ਲੰਘਦਿਆ ਦੇਸ਼ ਦੀ ਮੌਜੂਦਾ ਰਾਜਧਾਨੀ ਤਹਿਰਾਨ ਵਿੱਚ ਇੱਕ ਪੜਾਅ ਕੀਤਾ ਸੀ ਅਤੇ ਦੂਜਾ ਪੜਾਅ ਜ਼ਾਹੇਦਾਨ ਸ਼ਹਿਰ ਵਿੱਚ ਕੀਤਾ ਸੀ। ਉਨ੍ਹਾਂ ਕਿਹਾ ਕਿ ਇਤਿਹਾਸਕ ਅਸਥਾਨਾਂ ਦੀ ਮਹੱਤਤਾ ਉਦੋਂ ਹੀ ਰਹਿੰਦੀ ਹੈ ਜਦੋਂ ਉਹ ਸੰਕਟਾਂ ਦੌਰਾਨ ਵੀ ਕਾਇਮ ਰਹਿੰਦੇ ਹਨ।
---
ਜਨਤਕ ਥਾਵਾਂ ਨੂੰ ਨਿਸ਼ਾਨਾ ਬਣਾਉਣਾ ਕਾਇਰਤਾ
ਸੰਤ ਸੀਚੇਵਾਲ ਨੇ ਕਿਹਾ ਕਿ ਇਸ ਭਿਆਨਕ ਜੰਗ ਦੌਰਾਨ ਕੌਮਾਂਤਰੀ ਨਿਯਮਾਂ ਦਾ ਰੱਤੀ ਭਰ ਖਿਆਲ ਨਹੀਂ ਰੱਖਿਆ ਜਾ ਰਿਹਾ ਹੈ। ਜੰਗਾਂ ਵਿੱਚ ਵੀ ਅਕਸਰ ਨਿਯਮਾਂ ਅਤੇ ਮਰਿਆਦਾਵਾਂ ਦੀ ਪਾਲਣਾਂ ਕੀਤੀ ਜਾਂਦੀ ਹੈ ਪਰ ਇਸ ਜੰਗ ਵਿੱਚ ਤਾਂ ਕਿਸੇ ਵੀ ਨਿਯਮ ਦੀ ਪ੍ਰਵਾਹ ਤੱਕ ਨਹੀਂ ਕੀਤੀ ਜਾ ਰਹੀ। ਸਕੂਲਾਂ, ਹਸਪਤਾਲਾਂ ਅਤੇ ਹੋਰ ਜਨਤਕ ਥਾਵਾਂ ਨੂੰ ਨਿਸ਼ਾਨਾ ਬਣਾਉਣਾ ਕੋਈ ਬਹਾਦਰੀ ਨਹੀਂ ਸਗੋਂ ਕਾਇਰਤਾ ਹੈ।