ਇੰਡੀਅਨ ਏਅਰ ਫੋਰਸ ਨੇ ਪੈਟਰੋਲੀਅਮ ਸਪੋਰਟਸ ਕੰਟਰੋਲ ਬੋਰਡ ਨੂੰ 2-1 ਨਾਲ ਹਰਾ ਕੇ ਮਰਦਾਂ ਦੇ ਵਰਗ ਦਾ ਖਿਤਾਬ ਜਿੱਤਿਆ
- ਰਾਊਂਡ ਗਲਾਸ ਹਾਕੀ ਅਕੈਡਮੀ ਨੇ ਔਰਤਾਂ ਦੇ ਵਰਗ ਦਾ ਖਿਤਾਬ ਜਿੱਤਿਆ - ਫਾਈਨਲ ’ਚ ਗੁਰੂ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਨੂੰ 5-1 ਦੇ ਵੱਡੇ ਫਰਕ ਨਾਲ ਮਾਤ ਦਿੱਤੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਇੰਡੀਅਨ ਏਅਰ ਫੋਰਸ ਨੇ ਪੈਟ੍ਰੋਲੀਅਮ ਸਪੋਰਟਸ ਕੰਟਰੋਲ ਬੋਰਡ ਨੂੰ 2-1 ਦੇ ਫਰਕ ਨਾਲ ਹਰਾ ਕੇ ਭੁਲੱਥ ਹਾਕੀ ਕੱਪ ਦੇ ਮਰਦਾਂ ਦੇ ਵਰਗ ਦਾ ਖਿਤਾਬ ਆਪਣੇ ਨਾਂ ਕੀਤਾ। ਰਾਊਂਡ ਗਲਾਸ ਹਾਕੀ ਅਕੈਡਮੀ ਮੋਹਾਲੀ ਨੇ ਗੁਰੂ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਦੀ ਟੀਮ ਨੂੰ 5-1 ਦੇ ਵੱਡੇ ਫਰਕ ਨਾਲ ਹਰਾ ਕੇ ਭੁਲੱਥ ਹਾਕੀ ਕੱਪ 2026 ਦੇ ਔਰਤਾਂ ਦੇ ਵਰਗ ਦਾ ਖਿਤਾਬ ਜਿੱਤ ਲਿਆ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ’ਚ ਮੋਹਨਬੀਰ ਸਿੰਘ ਬੱਲ (ਬੱਲ ਇਨਕਾਰਪੋਰੇਸ਼ਨ ਆਸਟ੍ਰੇਲੀਆ), ਗੁਰਜੀਤ ਸਿੰਘ ਪੱਟੀ ਆਸਟ੍ਰੇਲੀਆ ਤੇ ਪਰਮਿੰਦਰ ਸੰਧੂ ਤੇ ਟੀਮ ਵੱਲੋਂ ਕਰਵਾਏ ਗਏ ਟੂਰਨਾਮੈਂਟ ’ਚ ਰਾਊਂਡ ਗਲਾਸ ਹਾਕੀ ਅਕੈਡਮੀ ਦੀ ਕਪਤਾਨ ਬਲਜੀਤ ਕੌਰ ਅੰਤਰਰਾਸ਼ਟਰੀ ਖਿਡਾਰਣ ਨੇ ਫਾਈਨਲ ’ਚ ਹੈਟ੍ਰਿਕ ਕੀਤੀ ਤੇ ਉਸ ਦਾ ਪ੍ਰਬੰਧਕਾਂ ਵੱਲੋਂ ਬੁਲਟ ਮੋਟਰਸਾਈਕਲ ਨਾਲ ਸਨਮਾਨ ਕੀਤਾ ਗਿਆ। ਜੇਤੂ ਟੀਮ ਨੂੰ ਪੰਜ ਲੱਖ ਰੁਪਏ ਨਕਦ ਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਜਦਕਿ ਉਪ ਜੇਤੂ ਟੀਮ ਨੂੰ 2 ਲੱਖ ਰੁਪਏ ਨਕਦ ਅਤੇ ਉਪ ਜੇਤੂ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ 2001 ਜੂਨੀਅਰ ਵਿਸ਼ਵ ਕੱਪ ਜੇਤੂ ਟੀਮ ਦੇ ਖਿਡਾਰੀਆਂ ਦਾ ਸੋਨੇ ਦੇ ਸਿੱਕਿਆਂ ਨਾਲ ਸਨਮਾਨ ਕੀਤਾ ਗਿਆ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਨਾਥ ਨੇ ਕੀਤੀ। ਮਰਦਾਂ ਦੇ ਵਰਗ ਦੀ ਜੇਤੂ ਟੀਮ ਨੂੰ ਜੇਤੂ ਟਰਾਫੀ ਦੇ ਨਾਲ 15 ਲੱਖ ਰੁਪਏ ਨਕਦ ਦਾ ਇਨਾਮ ਦਿੱਤਾ ਗਿਆ, ਜਦਕਿ ਦੂਜੇ ਸਥਾਨ ਵਾਲੀ ਟੀਮ ਨੂੰ ਉਪ ਜੇਤੂ ਟਰਾਫੀ ਦੇ ਨਾਲ 10 ਲੱਖ ਰੁਪਏ ਨਕਦ ਦਾ ਇਨਾਮ ਦਿੱਤਾ ਗਿਆ। ਤੀਜੇ ਸਥਾਨ ’ਤੇ ਰਹਿਣ ਵਾਲੀ ਭਾਰਤੀ ਨੇਵੀ ਦੀ ਟੀਮ ਨੂੰ 5 ਲੱਖ ਰੁਪਏ ਨਕਦ ਦਾ ਇਨਾਮ ਦਿੱਤਾ ਗਿਆ। ਬੈਸਟ ਗੋਲਕੀਪਰ ਏਅਰ ਫੋਰਸ ਦੇ ਪੋਨਨਾ, ਬੈਸਟ ਫੁਲ ਬੈਕ ਯੋਗੇਸ਼ ਸਿੰਘ ਭਾਰਤੀ ਨੇਵੀ, ਬੈਸਟ ਹਾਫ ਬੈਕ ਬਲਵਿੰਦਰ ਸਿੰਘ ਪੰਜਾਬ ਪੁਲਿਸ, ਬੈਸਟ ਫਾਰਵਰਡ ਦਿਲਰਾਜ ਸਿੰਘ ਪੈਟਰੋਲੀਅਮ ਬੋਰਡ ਐਲਾਨਿਆ ਗਿਆ। ਇਨ੍ਹਾਂ ਸਾਰਿਆਂ ਨੂੰ 50 ਹਜ਼ਾਰ-50 ਹਜ਼ਾਰ ਰੁਪਏ ਨਕਦ ਦਿੱਤੇ ਗਏ। ਟੂਰਨਾਮੈਂਟ ਦਾ ਬੈਸਟ ਖਿਡਾਰੀ ਹਰਜੀਤ ਸਿੰਘ ਪੈਟਰੋਲੀਅਮ ਬੋਰਡ ਨੂੰ 3 ਲੱਖ ਰੁਪਏ ਨਕਦ ਦਿੱਤੇ ਗਏ। ਬੈਸਟ ਪਲੇਅਰ ਆਫ ਫਾਈਨਲ ਮੈਚ ਅੰਮ੍ਰਿਤ ਟਿਰਕੀ ਭਾਰਤੀ ਏਅਰ ਫੋਰਸ ਨੂੰ ਹਾਰਲੇ ਡੇਵਿਡਸਨ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ। ਔਰਤਾਂ ਦੇ ਵਰਗ ’ਚ ਟੂਰਨਾਮੈਂਟ ਦੀ ਬਿਹਤਰੀਨ ਖਿਡਾਰਨ ਸੁਖਬੀਰ ਕੌਰ ਰਾਊਂਡ ਗਲਾਸ ਰਹੀ, ਉਸ ਨੂੰ ਇਲੈਕਟ੍ਰਿਕ ਸਕੂਟਰ ਨਾਲ ਸਨਮਾਨਿਆ ਗਿਆ। ਓਲੰਪਿਕ ’ਚ ਕਾਂਸੀ ਦਾ ਤਮਗਾ ਜਿੱਤਣ ਵਾਲੇ ਪੰਜਾਬੀ ਖਿਡਾਰੀਆਂ ਨੂੰ ਬੁਲੇਟ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ। ਸਨਮਾਨਿਤ ਹੋਣ ਵਾਲਿਆਂ ’ਚ ਹਰਮਨਪ੍ਰੀਤ ਸਿੰਘ, ਜਰਮਨਪ੍ਰੀਤ ਸਿੰਘ, ਕ੍ਰਿਸ਼ਨਾ ਬਹਾਦੁਰ ਪਾਠਕ, ਜੁਗਰਾਜ ਸਿੰਘ, ਮਨਦੀਪ ਸਿੰਘ, ਸੁਖਜੀਤ ਸਿੰਘ, ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਰੁਪਿੰਦਰਪਾਲ ਸਿੰਘ, ਗੁਰਜੰਟ ਸਿੰਘ, ਸਿਮਰਨਜੀਤ ਸਿੰਘ ਵਿਸ਼ੇਸ਼ ਹਨ। ਮਰਦਾਂ ਦੇ ਵਰਗ ਦਾ ਫਾਇਨਲ ਰੋਮਾਂਚਕ ਰਿਹਾ। ਖੇਡ ਦੇ 8ਵੇਂ ਮਿੰਟ ’ਚ ਏਅਰ ਫੋਰਸ ਦੇ ਅਮ੍ਰਿਤ ਟਿਰਕੀ ਨੇ ਗੋਲ ਕਰ ਕੇ ਸਕੋਰ 1-0 ਕੀਤਾ। ਖੇਡ ਦੇ 35ਵੇਂ ਮਿੰਟ ’ਚ ਪੈਟਰੋਲੀਅਮ ਦੇ ਗੁਰਜਿੰਦਰ ਸਿੰਘ ਨੇ ਗੋਲ ਕਰਕੇ ਸਕੋਰ 1-1 ਬਰਾਬਰ ਕੀਤਾ। ਖੇਡ ਦੇ 50ਵੇਂ ਮਿੰਟ ’ਚ ਏਅਰ ਫੋਰਸ ਦੇ ਜੇ ਨਚੱਪਾ ਨੇ ਗੋਲ ਕਰਕੇ ਸਕੋਰ 2-1 ਕੀਤਾ। ਔਰਤਾਂ ਦੇ ਵਰਗ ਦੇ ਫਾਈਨਲ ਮੈਚ ਦੌਰਾਨ ਖੇਡ ਦੇ 8ਵੇਂ ਮਿੰਟ ’ਚ ਕਪਤਾਨ ਬਲਜੀਤ ਕੌਰ ਨੇ ਗੋਲ ਕਰਕੇ ਸਕੋਰ 1-0 ਕੀਤਾ। ਖੇਡ ਦੇ 19ਵੇਂ ਮਿੰਟ ’ਚ ਬਲਜੀਤ ਕੌਰ ਨੇ ਇਕ ਹੋਰ ਗੋਲ ਕਰਕੇ ਸਕੋਰ 2-0 ਕੀਤਾ। ਖੇਡ ਦੇ 36ਵੇਂ ਮਿੰਟ ’ਚ ਬਲਜੀਤ ਕੌਰ ਨੇ ਗੋਲ ਕਰਕੇ ਸਕੋਰ 3-0 ਕੀਤਾ। ਖੇਡ ਦੇ 42ਵੇਂ ਮਿੰਟ ’ਚ ਰਾਊਂਡ ਗਲਾਸ ਵੱਲੋਂ ਸੁਖਪ੍ਰੀਤ ਕੌਰ ਨੇ ਗੋਲ ਕਰਕੇ ਸਕੋਰ 4-0 ਕੀਤਾ। ਖੇਡ ਦੇ 45ਵੇਂ ਮਿੰਟ ’ਚ ਰਾਜਵਿੰਦਰ ਕੌਰ ਨੇ ਗੋਲ ਕਰ ਕੇ ਸਕੋਰ 5-0 ਕਰ ਦਿੱਤਾ। ਖੇਡ ਦੇ 49ਵੇਂ ਮਿੰਟ ’ਚ ਜੀਐਨਡੀਯੂ ਵੱਲੋਂ ਮੋਨੂ ਨੇ ਗੋਲ ਕਰਕੇ ਸਕੋਰ 1-5 ਕੀਤਾ। ਮਰਦਾਂ ਦੇ ਵਰਗ ’ਚ ਤੀਸਰਾ ਸਥਾਨ ਭਾਰਤੀ ਨੇਵੀ ਮੁੰਬਈ ਨੇ ਹਾਸਲ ਕੀਤਾ। ਉਸ ਨੇ ਪੰਜਾਬ ਪੁਲਿਸ ਜਲੰਧਰ ਨੂੰ 4-1 ਨਾਲ ਮਾਤ ਦਿੱਤੀ। ਭਾਰਤੀ ਨੇਵੀ ਵੱਲੋਂ ਯੋਗੇਸ਼ ਸਿੰਘ ਨੇ ਦੋ, ਅਜਿੰਕਾ ਸਾਧੇ ਅੇ ਸਿਲਵਾਰਾਜ ਨੇ ਇਕ ਇਕ ਗੋਲ ਕੀਤਾ। ਜਦਕਿ ਪੁਲਿਸ ਵੱਲੋਂ ਇਕੋ ਇਕ ਗੋਲ ਪਵਨਦੀਪ ਸਿੰਘ ਨੇ ਗੋਲ ਕੀਤਾ। ਇਸ ਮੌਕੇ ਓਲੰਪੀਅਨ ਅਕਾਸ਼ਦੀਪ ਸਿੰਘ ਅਤੇ ਓਲੰਪੀਅਨ ਰਮਨਦੀਪ ਸਿੰਘ ਦਾ ਪ੍ਰਬੰਧਕਾਂ ਵੱਲੋਂ ਬੁਲਟ ਮੋਟਰ ਸਾਈਕਲਾਂ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ 2001 ਦੇ ਜੂਨੀਅਰ ਵਿਸ਼ਵ ਕੱਪ ਜੇਤੂ ਟੀਮ ਤੇ ਪੰਜਾਬ ਇਲੈਵਨ ਦਰਮਿਆਨ ਮੈਚ ਖੇਡਿਆ ਗਿਆ, ਜਿਸ ’ਚ ਵਿਸ਼ਵ ਕੱਪ ਜੇਤੂ ਟੀਮ ਨੇ ਪੰਜਾਬ ਇਲੈਵਨ ਨੂੰ 3-1 ਦੇ ਫਰਕ ਨਾਲ ਹਰਾਇਆ। ਇਸ ਟੀਮ ਵੱਲੋਂ ਓਲੰਪੀਅਨ ਗਗਨਅਜੀਤ ਸਿੰਘ, ਓਲੰਪੀਅਨ ਪ੍ਰਭਜੋਤ ਸਿੰਘ, ਓਲੰਪੀਅਨ ਰਾਜਪਾਲ ਸਿੰਘ, ਓਲੰਪੀਅਨ ਕੰਵਲਪ੍ਰੀਤ ਸਿੰਘ, ਓਲੰਪੀਅਨ ਦੀਪਕ ਠਾਕੁਰ, ਜੁਗਰਾਜ ਸਿੰਘ, ਤੇਜਬੀਰ ਸਿੰਘ ਹੁੰਦਲ, ਇੰਦਰਜੀਤ ਚੱਢਾ, ਬਿਕਰਮਜੀਤ ਸਿੰਘ, ਗੁਰਜੀਤ ਸਿੰਘ ਨੇ ਹਿੱਸਾ ਲਿਆ। ਮੈਚਾਂ ਦੇ ਮੁੱਖ ਮਹਿਮਾਨ ਨਿਤਿਨ ਕੋਹਲੀ ਪ੍ਰਧਾਨ ਹਾਕੀ ਪੰਜਾਬ, ਓਲੰਪੀਅਨ ਰਜਿੰਦਰ ਸਿੰਘ ਜੂਨੀਅਰ, ਨਰਿੰਦਰ ਸਿੰਘ ਸੋਢੀ, ਸੁਰਿੰਦਰ ਸਿੰਘ ਭਾਪਾ, ਅਮਰੀਕ ਸਿੰਘ ਪੁਆਰ ਜਨਰਲ ਸਕੱਤਰ ਹਾਕੀ ਪੰਜਾਬ, ਓਲੰਪੀਅਨ ਰਜਿੰਦਰ ਸਿੰਘ ਸੀਨੀਅਰ, ਸੁਖਬੀਰ ਸਿੰਘ ਗਰੇਵਾਲ, ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ, ਸੁਖਜੀਤ ਕੌਰ, ਓਲੰਪੀਅਨ ਪ੍ਰਭਜੋਤ ਸਿੰਘ ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ। ਇਸ ਮੌਕੇ ਪ੍ਰਬੰਧਕ ਮੋਹਨਬੀਰ ਸਿੰਘ ਬੱਲ, ਗੁਰਜੀਤ ਸਿੰਘ ਪੱਟੀ, ਪਰਮਿੰਦਰ ਸਿੰਘ ਸੰਧੂ, ਉਪਿੰਦਰ ਜੀਤ ਸਿੰਘ ਘੁੰਮਣ, ਜਗਦੀਪ ਸਿੰਘ ਗਿੱਲ, ਇਕਬਾਲ ਸਿੰਘ ਸ਼ੰਧੂ, ਕੁਲਬੀਰ ਸਿੰਘ, ਹਰਿੰਦਰ ਸੰਘਾ, ਜੀਐੱਸ ਸੰਘਾ, ਕਮਲ ਮੁਲਤਾਨੀ, ਗੁਰਨੀਤ ਸਿੰਘ, ਬੱਬੂ ਮਲੀ, ਜੱਸਾ ਮੁੱਧੜ, ਅਖਿਲ ਸ਼ਰਮਾ, ਰਾਜਾ ਸੰਘਾ, ਦਿਲਬਾਗ ਸਿੰਘ ਬਾਜਵਾ, ਕ੍ਰਿਪਾਲ ਸਿੰਘ ਔਲਖ, ਚਰਨਜੀਤ ਸਿੰਘ, ਜੇਐੱਸ ਗਿੱਲ, ਸੂਰਜ ਸ਼ਰਮਾ, ਸੰਨੀ ਗੋਰਾਆ, ਨਗਿੰਦਰਜੀਤ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।