--ਫੋਟੋ: ਜਾਸ,

--ਫੋਟੋ:
ਜਾਸ, ਜਲੰਧਰ : ਨੈਸ਼ਨਲ ਹਾਈਵੇ ਦੀ ਸਰਵਿਸ ਰੋਡ ’ਤੇ ਸਰਫੇਸ ਵਾਟਰ ਪ੍ਰੋਜੈਕਟ ਦੀ ਪਾਈਪ ਲਾਈਨ ਪਾਉਣ ਕਾਰਨ ਸਮੱਸਿਆਵਾਂ ਵਧਣ ਲੱਗੀਆਂ ਹਨ। ਇਸ ਦੇ ਨਾਲ ਹੀ ਕੰਮ ਦੀ ਰਫਤਾਰ ਘੱਟ ਹੋਣ ਤੇ ਬੀਤੇ ਦਿਨਾਂ ’ਚ ਬੇਮੌਸਮੇ ਮੀਂਹ ਕਾਰਨ ਕਈ ਦਿਨਾਂ ਤੱਕ ਹਾਈਵੇ ’ਤੇ ਟ੍ਰੈਫਿਕ ਜਾਮ ਦੀ ਸਥਿਤੀ ਬਣੀ ਰਹੀ, ਜਿਸ ਕਾਰਨ ਵਾਹਨਾਂ ਦੀਆਂ ਲੰਬੀਆਂ ਲਾਈਨ ਲੱਗੀਆਂ ਰਹੀਆਂ। ਇਸ ਕਾਰਨ ਹਾਈਵੇ ਦੇ ਨਾਲ ਲੱਗਦੇ ਇਲਾਕਿਆਂ ਦੇ ਲੋਕਾਂ ਨੂੰ ਸ਼ਾਮ ਵੇਲੇ ਵੱਧ ਸਮੱਸਿਆ ਦਾ ਸਾਹਮਣਾ ਕਰਨਾ ਪਿਆ।
ਨੈਸ਼ਨਲ ਹਾਈਵੇ ਦੀ ਸਰਵਿਸ ਰੋਡ ’ਤੇ 17 ਫਰਵਰੀ ਤੋਂ ਪਾਈਪ ਲਾਈਨ ਪਾਉਣ ਦਾ ਕੰਮ ਸ਼ੁਰੂ ਹੋਇਆ ਹੈ। ਉਦੋਂ ਤੋਂ ਇਕ ਸਮੇਂ ’ਤੇ ਦੋ ਥਾਵਾਂ ’ਤੇ ਕੰਮ ਚੱਲ ਰਿਹਾ ਹੈ। ਇਸ ਵਿਚ ਲੰਮਾ ਪਿੰਡ ਚੌਕ ਤੋਂ ਪਠਾਨਕੋਟ ਚੌਕ ਤੱਕ ਪਾਈਪਾਂ ਪਾਉਣੀਆਂ ਹਨ, ਜਦਕਿ ਅੱਗੇ ਪਠਾਨਕੋਟ ਚੌਕ ਤੋਂ ਟ੍ਰਾਂਸਪੋਰਟ ਨਗਰ ਚੌਕ ਤੱਕ ਵੀ ਪਾਈਪਾਂ ਪਾਉਣੀਆਂ ਹਨ। ਦੋਵਾਂ ਹਿੱਸਿਆਂ ਨੂੰ ਮਿਲਾ ਕੇ ਹੁਣ ਤੱਕ ਪਿਛਲੇ ਡੇਢ ਮਹੀਨੇ ’ਚ ਲਗਪਗ ਚਾਰ ਕਿੱਲੋਮੀਟਰ ਲੰਬਾਈ ’ਚ ਪਾਈਪਾਂ ਪਾਈਆਂ ਗਈਆਂ ਹਨ। ਜਦਕਿ ਪ੍ਰੋਜੈਕਟ ਦੀ ਠੇਕਾ ਕੰਪਨੀ ਐੱਲਐਂਡਟੀ ਨੂੰ ਹਾਈਵੇ ’ਤੇ ਕੁੱਲ 14 ਕਿੱਲੋਮੀਟਰ ਲੰਬੀ ਪਾਈਪ ਲਾਈਨ ਪਾਉਣ ਦਾ ਕੰਮ ਕਰਨਾ ਹੈ। ਦੋਵਾਂ ਹਿੱਸਿਆਂ ’ਤੇ ਇਕੱਠਿਆਂ ਕੰਮ ਹੋਣ ਕਾਰਨ ਪਿਛਲੇ ਦਿਨਾਂ ’ਚ ਅਚਾਨਕ ਟ੍ਰੈਫਿਕ ਜਾਮ ਦੀ ਸਮੱਸਿਆ ਬਣ ਗਈ ਸੀ। ਕਾਰਨ ਇਹ ਵੀ ਹੈ ਕਿ ਵੱਖ-ਵੱਖ ਸੂਬਿਆਂ ਤੋਂ ਪੂਰਾ ਦਿਨ ਟ੍ਰਾਂਸਪੋਰਟ ਨਗਰ ’ਚ ਸੈਂਕੜੇ ਵਾਹਨ ਆਉਂਦੇ ਹਨ, ਜੋ ਸਰਵਿਸ ਰੋਡ ਪੁੱਟਣ ਕਾਰਨ ਗਲਤ ਪਾਸਿਓਂ ਆਉਂਦੇ ਹਨ। ਜਦਕਿ ਆਸ-ਪਾਸ ਦੇ ਲੋਕ ਗਲਤ ਪਾਸਿਓਂ ਸਰਵਿਸ ਰੋਡ ਤੋਂ ਮੇਨ ਹਾਈਵੇ 'ਤੇ ਆਉਂਦੇ-ਜਾਂਦੇ ਹਨ। ਇਸ ਵਿਚੋਂ ਬਹੁਤ ਸਾਰੇ ਭਾਰੇ ਵਾਹਨ ਪਠਾਨਕੋਟ ਚੌਕ ’ਤੇ ਜਾਮ ’ਚ ਫਸ ਜਾਂਦੇ ਹਨ, ਜੋ ਲੰਬੇ ਸਮੇਂ ਤੱਕ ਬਣਿਆ ਰਹਿੰਦਾ ਹੈ। ਇਸ ਤੋਂ ਬਾਅਦ ਟ੍ਰੈਫਿਕ ਪੁਲਿਸ ਦੀ ਦਖ਼ਲਅੰਦਾਜ਼ੀ ਮਗਰੋਂ ਠੇਕਾ ਕੰਪਨੀ ਨੇ ਪਠਾਨਕੋਟ ਚੌਕ ਤੋਂ ਟ੍ਰਾਂਸਪੋਰਟ ਨਗਰ ਤੱਕ ਪੁੱਟਣ ਦਾ ਕੰਮ ਦਿਨ ਵੇਲੇ ਬੰਦ ਕਰ ਦਿੱਤਾ ਹੈ, ਜਿੱਥੇ ਹੁਣ ਸਿਰਫ ਰਾਤ ਵੇਲੇ ਪੁੱਟਣ ਦਾ ਕੰਮ ਹੁੰਦਾ ਹੈ।
---
ਪੁੱਟਣ ਦੇ ਨਾਲ ਹੀ ਛਿੜਕਾਇਆ ਜਾ ਰਿਹੈ ਪਾਣੀ
ਸਰਵਿਸ ਰੋਡ ’ਤੇ ਸੜਕ ਪੁੱਟਣ ਦੌਰਾਨ ਅਕਸਰ ਦਿਨ ਭਰ ਹਾਈਵੇ ’ਤੇ ਮਿੱਟੀ ਦਾ ਗੁਬਾਰ ਬਣਿਆ ਰਹਿੰਦਾ ਸੀ। ਇਸ ਨਾਲ ਦੋਪਹੀਆ ਵਾਹਨਾਂ ਦੇ ਨਾਲ ਭਾਰੇ ਵਾਹਨਾਂ ਨਾਲ ਵੀ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਸੀ। ਇਸ ਸਮੱਸਿਆ ਨੂੰ ਦੇਖਦਿਆਂ ਹੁਣ ਠੇਕਾ ਕੰਪਨੀ ਵੱਲੋਂ ਪੁੱਟ-ਪੁਟਾਈ ਦੌਰਾਨ ਸੜਕ ’ਤੇ ਪਾਣੀ ਦੇ ਟੈਂਕਰ ਨਾਲ ਛਿੜਕਾਅ ਕੀਤਾ ਗਿਆ ਹੈ ਤਾਂ ਜੋ ਧੂੜ-ਮਿੱਟੀ ਉੱਡਣ ਦੀ ਸਮੱਸਿਆ ਘੱਟ ਹੋ ਸਕੇ।
---
ਦੋਹਾਂ ਪਾਸੇ ਪਾਈਆਂ ਜਾਣਗੀਆਂ ਪਾਈਪਾਂ
ਟ੍ਰਾਂਸਪੋਰਟ ਨਗਰ ਚੌਕ ਤੋਂ ਭਗਤ ਸਿੰਘ ਕਾਲੋਨੀ ਨਹਿਰ ਤੱਕ ਹਾਈਵੇ ਦੇ ਦੋਵੇਂ ਪਾਸੇ ਦੀ ਸਰਵਿਸ ਲੇਨ ’ਤੇ ਪਾਈਪ ਲਾਈਨ ਪਾਈ ਜਾਣੀ ਹੈ। ਇਸ ਹਿੱਸੇ ’ਚ ਪੁਟਾਈ ਦਾ ਕੰਮ 15 ਦਿਨਾਂ ’ਚ ਸ਼ੁਰੂ ਹੋਣ ਦੀ ਉਮੀਦ ਹੈ। ਇਸ ਦੌਰਾਨ ਹਾਈਵੇ ’ਤੇ ਸਭ ਤੋਂ ਵੱਧ ਟ੍ਰੈਫਿਕ ਜਾਮ ਦੀ ਸਮੱਸਿਆ ਹੋਣ ਵਾਲੀ ਹੈ। ਕਾਰਨ ਇਹ ਹੈ ਕਿ ਉਸ ਵੇਲੇ ਵਾਹਨਾਂ ਦਾ ਸਾਰਾ ਦਬਾਅ ਮੁੱਖ ਹਾਈਵੇ ’ਤੇ ਹੀ ਹੋਵੇਗਾ, ਜਿਸ ’ਚ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਵੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ।
---
ਲੰਮਾ ਪਿੰਡ ਚੌਕ ਤੋਂ ਸੂਰਿਆ ਇਨਕਲੇਵ ਰੋਡ ਵੀ ਪੁੱਟਿਆ
ਲੰਮਾ ਪਿੰਡ ਚੌਕ ਤੋਂ ਸੂਰਿਆ ਇਨਕਲੇਵ ਤੱਕ ਸ਼ਹਿਰ ਦੀ ਵੱਲ ਜਾਣ ਵਾਲੇ ਸਰਵਿਸ ਰੋਡ ਨੂੰ ਪੁੱਟਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਹ ਲਾਈਨ ਸੂਰਿਆ ਇਨਕਲੇਵ ਤੱਕ ਜਾਵੇਗੀ। ਇਸ ਕਾਰਨ ਆਉਣ ਵਾਲੇ ਦਿਨਾਂ ’ਚ ਟ੍ਰੈਫਿਕ ਜਾਮ ਦੀ ਸਮੱਸਿਆ ਵਧਣ ਵਾਲੀ ਹੈ। ਮੌਜੂਦਾ ਸਮੇਂ ’ਚ ਸਰਵਿਸ ਰੋਡ ਦਾ ਟ੍ਰੈਫਿਕ ਗਲਤ ਪਾਸਿਓਂ ਮੇਨ ਹਾਈਵੇ ’ਤੇ ਲੰਘ ਰਿਹਾ ਹੈ।
---
ਮੌਨਸੂਨ ਤੋਂ ਪਹਿਲਾਂ ਪੂਰਾ ਹੋ ਜਾਵੇਗਾ ਕੰਮ : ਐੱਸਡੀਓ
ਪ੍ਰੋਜੈਕਟ ਦੀ ਨੋਡਲ ਏਜੰਸੀ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਐੱਸਡੀਓ ਦਮਨਦੀਪ ਸਿੰਘ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ’ਚ ਤਿੰਨ ਹਿੱਸਿਆਂ ਵਿਚ ਪਾਈਪ ਲਾਈਨ ਪਾਉਣ ਦਾ ਕੰਮ ਚੱਲ ਰਿਹਾ ਹੈ। ਆਉਣ ਵਾਲੇ ਦਿਨਾਂ ’ਚ ਕੰਮ ਵਿਚ ਹੋਰ ਤੇਜ਼ੀ ਲਾਈ ਜਾਵੇਗੀ। ਉਮੀਦ ਹੈ ਕਿ ਆਉਣ ਵਾਲੇ ਮੌਨਸੂਨ ਤੋਂ ਪਹਿਲਾਂ ਪਾਈਪ ਲਾਈਨ ਪਾਉਣ ਦਾ ਕੰਮ ਪੂਰਾ ਕਰ ਲਿਆ ਜਾਵੇਗਾ ਤਾਂ ਜੋ ਮੀਂਹ ਦੇ ਦਿਨਾਂ ’ਚ ਮਿੱਟੀ ਧਸਣ ਮਗਰੋਂ ਸੜਕ ਬਣਾਉਣ ਦਾ ਕੰਮ ਆਸਾਨੀ ਨਾਲ ਕੀਤਾ ਜਾ ਸਕੇ।