ਸ਼ਾਹਕੋਟ ਤਹਿਸੀਲ ਕੰਪਲੈਕਸ ਵਿਖੇ ਬਾਬਾ ਸਾਹਿਬ ਡਾ. ਅੰਬੇਡਕਰ ਦੇ ਬੁੱਤ ਦਾ ਉਦਘਾਟਨ

-ਬੁਲਾਰਿਆਂ ਨੇ ਬਾਬਾ ਸਾਹਿਬ ਦੇ ਦਰਸਾਏ ਮਾਰਗ ’ਤੇ ਚੱਲਣ ਦਾ ਦਿੱਤਾ ਸੱਦਾ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਸ਼ਾਹਕੋਟ ਦੇ ਤਹਿਸੀਲ ਕੰਪਲੈਕਸ ’ਚ ਸਥਾਪਿਤ ਕੀਤੇ ਡਾ. ਅੰਬੇਡਕਰ ਦੇ ਬੁੱਤ ਦਾ ਉਦਘਾਟਨ ਕੀਤਾ ਗਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਸ਼ਰਾਈਨ ਬੋਰਡ ਦੇ ਚੇਅਰਮੈਨ ਬਾਲ ਯੋਗੀ ਬਾਬਾ ਪ੍ਰਗਟ ਨਾਥ ਵੱਲੋਂ ਆਪਣੇ ਕਰ ਕਮਲਾਂ ਨਾਲ ਬੁੱਤ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ’ਚ ਪੁੱਜੀ ਸੰਗਤ ਨੇ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸੰਬੋਧਨ ਕਰਦਿਆਂ ਬਾਬਾ ਪ੍ਰਗਟ ਨਾਥ ਨੇ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਸਮੁੱਚੇ ਦਲਿਤ ਤੇ ਪਛੜੇ ਵਰਗ ਦੇ ਸੱਚੇ ਮਾਰਗ ਦਰਸ਼ਕ ਸਨ। ਉਨ੍ਹਾਂ ਨੇ ਉਸ ਸਮੇਂ ਦੇ ਹੁਕਮਰਾਨਾਂ ਅਤੇ ਜਾਤੀਵਾਦੀ ਸੋਚ ਨਾਲ ਟੱਕਰ ਲੈ ਕੇ ਦੱਬੇ-ਕੁਚਲੇ ਲੋਕਾਂ ਨੂੰ ਬਰਾਬਰਤਾ ਦਾ ਅਧਿਕਾਰ ਤੇ ਉਨ੍ਹਾਂ ਦੇ ਬਣਦੇ ਹੱਕ ਦਿਵਾਏ।
ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਬੱਚਿਆਂ ਨੂੰ ਉੱਚ ਮਿਆਰੀ ਤਾਲੀਮ ਦਿਵਾਉਣ ਨਾਲ ਹੀ ਦਲਿਤਾਂ ਅਤੇ ਗਰੀਬਾਂ ਦੀ ਜ਼ਿੰਦਗੀ ਬਦਲ ਸਕਦੀ ਹੈ, ਜੋ ਕਿ ਬਾਬਾ ਸਾਹਿਬ ਦਾ ਮੁੱਖ ਸੁਪਨਾ ਸੀ। ਪੰਜਾਬ ਇਨਫੋਟੈਕ ਦੇ ਡਾਇਰੈਕਟਰ ਅਤੇ ‘ਆਪ’ ਸਿੱਖਿਆ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬੀਬੀ ਰਣਜੀਤ ਕੌਰ ਕਾਕੜ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਨੇ ਭਾਰਤੀ ਸੰਵਿਧਾਨ ਦਾ ਨਿਰਮਾਣ ਕਰਕੇ ਪੂਰੇ ਸਮਾਜ ਨੂੰ ਗਿਆਨ ਦੇ ਚਾਨਣ ਨਾਲ ਭਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਵੱਲੋਂ ਦਿੱਤੇ ਗਏ ਇਤਿਹਾਸਕ ਨਾਅਰੇ ‘ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ’ ’ਤੇ ਅਮਲ ਕਰਕੇ ਹੀ ਅਸੀਂ ਆਪਣੇ ਅਧਿਕਾਰਾਂ ਦੀ ਰਾਖੀ ਕਰ ਸਕਦੇ ਹਾਂ ਅਤੇ ਇੱਕ ਬਰਾਬਰਤਾ ਵਾਲੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।
ਸਮਾਗਮ ਦੌਰਾਨ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਦੀ ਪਤਨੀ ਚਰਨਜੀਤ ਕੌਰ ਸਰਪੰਚ, ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਬਲਬੀਰ ਸਿੰਘ ਢੰਡੋਵਾਲ, ਜਸਵੀਰ ਜਲਾਲਪੁਰੀ, ਐਡਵੋਕੇਟ ਮਨਜੀਤ ਕੌਰ ਭੱਟੀ, ਰਮੇਸ਼ ਹੰਸ, ਅਮਨਦੀਪ ਸੈਦਪੁਰੀ ਅਤੇ ਪਰਬਤ ਸਿੰਘ ਨੇ ਵੀ ਸੰਬੋਧਨ ਕਰਦਿਆਂ ਬਾਬਾ ਸਾਹਿਬ ਦੀ ਸੋਚ ‘ਤੇ ਪਹਿਰਾ ਦੇਣ ਦਾ ਅਹਿਦ ਲਿਆ ਅਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸਮਾਜਿਕ ਬਰਾਬਰੀ ਦਾ ਸੁਨੇਹਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਖੀ ਮੱਟੂ ਐੱਮਸੀ, ਗੁਰਮੇਜ ਲਾਲ ਹੀਰ, ਮਨਦੀਪ ਸਿੰਘ ਝੀਤਾ, ਹਰਜੀਤ ਸਿੰਘ, ਸੁੱਚਾ ਗਿੱਲ, ਸੋਨੂੰ ਕਾਕੜ, ਲਛਮਣ ਸਿੰਘ ਪੂੰਨੀਆ, ਮਨੋਜ ਅਰੋੜਾ, ਨਿਰੰਜਨ ਸਿੰਘ ਪੂੰਨੀਆ, ਕੇਵਲ ਮੱਟੂ, ਚਰਨਜੀਤ ਕੌਰ, ਬਲਵਿੰਦਰ ਕੌਰ ਹੰਸ, ਸੰਤੋਖ ਸਿੰਘ ਸਰਪੰਚ ਸਿੰਘਪੁਰ, ਰਾਜਨ ਸੱਭਰਵਾਲ, ਜਿੰਦਰਪਾਲ, ਸ਼ਮਸ਼ੇਰ ਸਿੰਘ, ਗੁਰਚਰਨ ਸਿੰਘ ਤਲਵੰਡੀ ਬੂਟੀਆਂ ਆਦਿ ਹਾਜ਼ਰ ਸਨ।