ਕੈਬਨਿਟ ਮੰਤਰੀ ਤੇ ਮੇਅਰ ਵੱਲੋਂ ਵਿਕਾਸ ਕਾਰਜਾਂ ਦਾ ਉਦਘਾਟਨ
ਕੈਬਨਿਟ ਮੰਤਰੀ ਤੇ ਮੇਅਰ ਵੱਲੋਂ 40 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ
Publish Date: Thu, 01 Jan 2026 07:10 PM (IST)
Updated Date: Fri, 02 Jan 2026 04:11 AM (IST)

-ਰਾਜ ਨਗਰ ਦੀਆਂ ਗਲੀਆਂ ਤੇ ਮਧੂਬਨ ਕਾਲੋਨੀ ਦਾ ਪਾਰਕ ਹੋਵੇਗਾ ਵਿਕਸਿਤ ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਵਾਰਡ ਨੰਬਰ 62 ਅਧੀਨ ਆਉਂਦੇ ਰਾਜ ਨਗਰ ਇਲਾਕੇ ਦੀਆਂ ਗਲੀਆਂ ਤੇ ਮਧੂਬਨ ਕਾਲੋਨੀ ’ਚ ਸਥਿਤ ਪਾਰਕ ਦੇ ਨਵੀਨੀਕਰਨ ਤੇ ਵਿਕਾਸ ਕਾਰਜਾਂ ਦਾ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਤੇ ਜਲੰਧਰ ਦੇ ਮੇਅਰ ਵਿਨੀਤ ਧੀਰ ਵੱਲੋਂ ਬੁੱਧਵਾਰ ਨੂੰ ਸਾਂਝੇ ਤੌਰ ’ਤੇ ਸ਼ੁੱਭ-ਆਰੰਭ ਕੀਤਾ ਗਿਆ। ਇਨ੍ਹਾਂ ਵਿਕਾਸ ਕਾਰਜਾਂ ’ਤੇ ਕੁੱਲ 40 ਲੱਖ ਰੁਪਏ ਦੀ ਲਾਗਤ ਆਵੇਗੀ। ਇਸ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹਿਰੀ ਇਲਾਕਿਆਂ ’ਚ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਗਲੀਆਂ ਦੇ ਨਿਰਮਾਣ ਤੇ ਪਾਰਕਾਂ ਦੇ ਨਵੀਨੀਕਰਨ ਨਾਲ ਲੋਕਾਂ ਨੂੰ ਬਿਹਤਰ ਸਹੂਲਤਾਂ ਮਿਲਣਗੀਆਂ ਤੇ ਇਲਾਕੇ ਦੀ ਸੁੰਦਰਤਾ ਤੇ ਸਫ਼ਾਈ ’ਚ ਵੀ ਸੁਧਾਰ ਆਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਲੋੜਾਂ ਨੂੰ ਧਿਆਨ ’ਚ ਰੱਖਦਿਆਂ ਵਿਕਾਸ ਕਾਰਜ ਪਹਿਲ ਦੇ ਆਧਾਰ ’ਤੇ ਕੀਤੇ ਜਾ ਰਹੇ ਹਨ। ਮੇਅਰ ਵਿਨੀਤ ਧੀਰ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਨਗਰ ਨਿਗਮ ਸ਼ਹਿਰ ਦੇ ਹਰ ਵਾਰਡ ’ਚ ਸੰਤੁਲਿਤ ਵਿਕਾਸ ਯਕੀਨੀ ਬਣਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ। ਰਾਜ ਨਗਰ ਦੀਆਂ ਗਲੀਆਂ ਦੇ ਪੱਕੇ ਨਿਰਮਾਣ ਨਾਲ ਆਵਾਜਾਈ ਸੁਗਮ ਹੋਵੇਗੀ, ਜਦਕਿ ਮਧੂਬਨ ਕਾਲੋਨੀ ਦੇ ਪਾਰਕ ਦੇ ਨਵੀਨੀਕਰਨ ਨਾਲ ਬੱਚਿਆਂ, ਬਜ਼ੁਰਗਾਂ ਤੇ ਸਥਾਨਕ ਨਿਵਾਸੀਆਂ ਨੂੰ ਬਿਹਤਰ ਵਾਤਾਵਰਣ ਮਿਲੇਗਾ। ਉਨ੍ਹਾਂ ਯਕੀਨ ਦਿਵਾਇਆ ਕਿ ਵਿਕਾਸ ਕਾਰਜਾਂ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਇਸ ਮੌਕੇ ਜੋਗਿੰਦਰ ਭਗਤ, ਨਰਿੰਦਰ ਸਿੰਘ, ਮੁਕੇਸ਼ ਸਾਰੰਗਲ, ਬਲਵਿੰਦਰ ਕੁਮਾਰ, ਸੀਮਾ ਕੁਮਾਰੀ, ਓਮ ਪ੍ਰਕਾਸ਼ ਸਮੇਤ ਵੱਡੀ ਗਿਣਤੀ ’ਚ ਇਲਾਕਾ ਵਾਸੀ ਮੌਜੂਦ ਸਨ।