ਨਬਾਲਗਾ ਨੂੰ ਵਰਗਲਾਉਣ ਦੇ ਮਾਮਲੇ ’ਚ ਪੋਸਕੋ ਐਕਟ ਲਾਉਣ ਦੀ ਮੰਗ
ਨਬਾਲਗਾ ਨੂੰ ਵਰਗਲਾਉਣ ਦੇ ਮਾਮਲੇ ’ਚ ਪੋਸਕੋ ਐਕਟ ਲਾਉਣ ਦੀ ਕੀਤੀ ਮੰਗ
Publish Date: Sat, 10 Jan 2026 08:19 PM (IST)
Updated Date: Sun, 11 Jan 2026 04:12 AM (IST)

- ਪਿਤਾ ਨੇ ਮਜ਼ਦੂਰ ਯੂਨੀਅਨ ਆਗੂਆਂ ਸਮੇਤ ਐੱਸਐੱਸਪੀ ਨੂੰ ਮਿਲ ਕੇ ਦਿੱਤੀ ਅਰਜ਼ੀ - ਕਿਹਾ, ਨੌਜਵਾਨਾਂ ਦੇ ਪਰਿਵਾਰ ਵਾਲੇ ਉਸ ਦੀ ਧੀ ਦਾ ਧੱਕੇ ਨਾਲ ਕਰ ਸਕਦੇ ਨੇ ਵਿਆਹ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬਜੂਹਾ ਖੁਰਦ ਭੱਠੇ ’ਤੇ ਕੰਮ ਕਰਦੇ ਮਜ਼ਦੂਰ ਦੀ 14 ਸਾਲਾ ਧੀ ਨੂੰ ਉਥੇ ਹੀ ਕੰਮ ਕਰਨ ਵਾਲੇ ਦੋ ਨੌਜਵਾਨਾਂ ਵੱਲੋਂ ਵਰਗਲਾ ਕੇ ਲਿਜਾਣ ਦੇ ਮਾਮਲੇ ’ਚ ਨਾਬਾਲਗਾ ਦੇ ਪਿਤਾ ਨੇ ਮਜ਼ਦੂਰ ਯੂਨੀਅਨ ਆਗੂਆਂ ਸਮੇਤ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੂੰ ਮੁਲਜ਼ਮਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਸਬੰਧੀ ਗੱਲਬਾਤ ਕਰਦਿਆ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਤਰਸੇਮ ਪੀਟਰ ਨੇ ਦੱਸਿਆ ਕਿ ਪਿੰਡ ਬਜੂਹਾ ਖੁਰਦ ’ਚ ਭੱਠਾ ਮਜ਼ਦੂਰ ਮੂਲ ਵਾਸੀ ਯੂਪੀ ਦੀ 14 ਸਾਲ ਦੀ ਧੀ ਨੂੰ ਭੱਠੇ ’ਤੇ ਰਹਿੰਦੇ ਦੋ ਸਕੇ ਭਰਾ ਉਸ ਸਮੇਂ ਵਰਗਲਾ ਕੇ ਲੈ ਗਏ, ਜਦੋਂ ਉਕਤ ਮਜ਼ਦੂਰ ਯੂਪੀ ਸਥਿਤ ਆਪਣੇ ਪਿੰਡ ਜਾ ਰਿਹਾ ਸੀ। ਮਜ਼ਦੂਰ ਆਗੂ ਨੇ ਦੱਸਿਆ ਕਿ ਬੇਸ਼ੱਕ ਉਕਤ ਮਾਮਲੇ ’ਚ ਪੀੜਤ ਦੀ ਸ਼ਿਕਾਇਤ ’ਤੇ ਸਦਰ ਥਾਣਾ ਨਕੋਦਰ ’ਚ 6 ਜਨਵਰੀ ਨੂੰ ਮੁਲਜ਼ਮਾਂ ਵਿਰੁੱਧ ਬੀਐੱਨਐੱਸ ਦੀ ਧਾਰਾ 137 (2), 96, 61 (2) ਅਧੀਨ ਕੇਸ ਦਰਜ ਕਰ ਲਿਆ ਗਿਆ ਸੀ ਪਰ ਮੁਲਜ਼ਮ ਅਜੇ ਤੱਕ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ। ਪ੍ਰਧਾਨ ਤਰਸੇਮ ਪੀਟਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਤੇ ਭੱਠਾ ਮਜ਼ਦੂਰ ਦੀ ਨਾਬਾਲਗ ਬੱਚੀ ਉਸ ਦੇ ਹਵਾਲੇ ਕਰਨ ਦੀ ਮੰਗ ਨੂੰ ਲੈ ਕੇ ਉਹ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪਬਵਾਂ, ਇਕਬਾਲ ਅਟਵਾਲ ਸਾਬਕਾ ਸਰਪੰਚ ਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਗੁਰਕਮਲ ਸਿੰਘ, ਸੁਰਿੰਦਰ ਸਿੰਘ ਕੰਦੋਲਾ ਸਮੇਤ ਐੱਸਐੱਸਪੀ ਦਿਹਾਤੀ ਹਰਵਿੰਦਰ ਸਿੰਘ ਵਿਰਕ ਨੂੰ ਮਿਲੇ ਅਤੇ ਲਿਖਤੀ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਜੁਰਮ ’ਚ ਪੋਸਕੋ ਐਕਟ ਦੀ ਧਾਰਾ ਦਾ ਵਾਧਾ ਕਰਨ ਦੀ ਮੰਗ ਵੀ ਕੀਤੀ। ਹੰਸ ਰਾਜ ਪਬਵਾਂ ਨੇ ਕਿਹਾ ਕਿ ਮੁਲਜ਼ਮਾਂ ਦਾ ਪਰਿਵਾਰ ਭੱਠੇ ’ਤੇ ਕੰਮ ਕਰ ਰਿਹਾ ਹੈ ਤੇ ਪੀੜਤ ਪਰਿਵਾਰ ਨੂੰ ਧਮਕੀਆਂ ਦੇ ਕੇ ਕਹਿ ਰਿਹਾ ਹੈ ਕਿ ਉਹ ਆਪਣੀ ਨਬਾਲਗ ਧੀ ਦਾ ਵਿਆਹ ਉਨ੍ਹਾਂ ਮੁੰਡੇ ਨਾਲ ਕਰ ਦੇਣ। ਉਨ੍ਹਾਂ ਕਿਹਾ ਕਿ ਕਈ ਦਿਨ ਬੀਤਣ ਦੇ ਬਾਵਜੂਦ ਪੁਲਿਸ ਨੇ ਅਜੇ ਤੱਕ ਮੁਲਜ਼ਮਾਂ ਦੇ ਪਰਿਵਾਰ ਕੋਲੋਂ ਕੋਈ ਪੁੱਛਗਿੱਛ ਨਹੀਂ ਕੀਤੀ। ਜੇਕਰ ਪੁਲਿਸ ਮੁਲਜ਼ਮਾਂ ਦੇ ਪਰਿਵਾਰ ਕੋਲੋਂ ਪੁੱਛਗਿੱਛ ਕਰੇ ਤਾਂ ਮੁਲਜ਼ਮਾਂ ਦੇ ਲੁਕਣ ਦੇ ਟਿਕਾਣੇ ਦਾ ਪਤਾ ਕੀਤਾ ਜਾ ਸਕਦਾ ਹੈ।