45 ਦਿਨਾਂ ’ਚ ਜਲੰਧਰ ਦੇ 500 ਘਰਾਂ ਨੂੰ ਮਿਲੇਗੀ ਪੀਐੱਨਜੀ, ਐੱਲਪੀਜੀ ’ਤੇ ਘਟੇਗੀ ਨਿਰਭਰਤਾ
45 ਦਿਨਾਂ ’ਚ ਜਲੰਧਰ ਦੇ 500 ਘਰਾਂ ਦੀ ਰਸੋਈ ਪੀਐੱਨਜੀ ਨਾਲ ਚੱਲੇਗੀ, ਐੱਲਪੀਜੀ ’ਤੇ ਨਿਰਭਰਤਾ ਘਟੇਗੀ
Publish Date: Wed, 01 Apr 2026 09:15 PM (IST)
Updated Date: Wed, 01 Apr 2026 09:19 PM (IST)

-ਹੁਣ ਸ਼ਹਿਰ ਦੇ ਅੰਦਰੂਨੀ ਇਲਾਕਿਆਂ ’ਚ ਪਾਈਪ ਪਾਉਣ ਦਾ ਕੰਮ ਸ਼ੁਰੂ ਹੋਵੇਗਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮਹਾਨਗਰ ਲਈ ਮਹੱਤਵਪੂਰਨ ਪਾਈਪਡ ਨੈਚੂਰਲ ਗੈਸ (ਪੀਐੱਨਜੀ) ਪ੍ਰੋਜੈਕਟ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ। ਅਗਲੇ ਛੇ ਮਹੀਨਿਆਂ ’ਚ ਸ਼ਹਿਰ ਦੇ ਘਰਾਂ ਤੇ ਉਦਯੋਗਾਂ ਨੂੰ ਨੈਚੂਰਲ ਗੈਸ ਪਾਈਪਲਾਈਨ ਰਾਹੀਂ ਮਿਲਣੀ ਸ਼ੁਰੂ ਹੋ ਜਾਵੇਗੀ। ਮਾਰਚ ਤੱਕ 2000 ਘਰਾਂ ਨੂੰ ਪੀਐੱਨਜੀ ਦੇਣ ਦਾ ਟੀਚਾ ਸੀ, ਜੋ ਨਿਗਮ ਦੇ ਦਖਲ ਕਾਰਨ ਪੂਰਾ ਨਹੀਂ ਹੋ ਸਕਿਆ। ਕੇਂਦਰ ਸਰਕਾਰ ਦੇ ਨੋਟੀਫਿਕੇਸ਼ਨ ਤੋਂ ਬਾਅਦ ਅਧਿਕਾਰੀਆਂ ਨੇ ਇਸ ਪ੍ਰੋਜੈਕਟ ਨੂੰ ਮੁੜ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਹੁਣ 45 ਦਿਨਾਂ ’ਚ ਜਲੰਧਰ ਦੇ 500 ਘਰਾਂ ਨੂੰ ਪੀਐੱਨਜੀ ਮਿਲੇਗੀ। ਜਲੰਧਰ ਦੇ ਅਰਬਨ ਅਸਟੇਟ ਫੇਜ਼-2, ਈਸ਼ਰਪੁਰੀ, ਨਿਊ ਈਸ਼ਰਪੁਰੀ, ਕਲਗੀਧਰ, ਰਣਜੀਤ ਇਨਕਲੇਵ, ਆਫਿਸਰ ਇਨਕਲੇਵ, ਜਲੰਧਰ ਹਾਈਟਸ, ਹੈਮਿਲਟਨ, ਮਿੱਠਾਪੁਰ, ਦਸਮੇਸ਼ ਐਵਿਨਿਊ, ਫ੍ਰੈਂਡਸ ਐਵੀਨਿਊ ਦੇ ਘਰਾਂ ਦੀ ਰਸੋਈ ਹੁਣ ਪੀਐੱਨਜੀ ਨਾਲ ਚੱਲੇਗੀ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਮੀਟਿੰਗ ਤੋਂ ਬਾਅਦ ਕੰਪਨੀ ਨੂੰ ਸ਼ਹਿਰ ਦੇ ਅੰਦਰੂਨੀ ਇਲਾਕਿਆਂ ’ਚ ਪਾਈਪ ਪਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਜਲੰਧਰ ’ਚ ਪਾਈਪਡ ਨੈਚੂਰਲ ਗੈਸ ਪ੍ਰੋਜੈਕਟ ਨੂੰ ਲੈ ਕੇ ਵਿਰੋਧ ਸੀ, ਜਿਸ ਦਾ ਹੱਲ ਸੂਬੇ ਦੇ ਬਿਜਲੀ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸੰਜੀਵ ਅਰੋੜਾ ਨੇ ਕੀਤਾ। ਲੁਧਿਆਣਾ ਅਤੇ ਜਲੰਧਰ ’ਚ ਪੀਐੱਨਜੀ ਸ਼ੁਰੂ ਕਰਨ ਦੇ ਫੈਸਲੇ ਤੋਂ ਬਾਅਦ ਇਹ ਰੁਕਿਆ ਪ੍ਰੋਜੈਕਟ ਦੁਬਾਰਾ ਸ਼ੁਰੂ ਹੋਇਆ। ਐੱਲਪੀਜੀ ਸੰਕਟ ਤੋਂ ਲੋਕਾਂ ਨੂੰ ਰਾਹਤ ਦੇਣ ਲਈ ਸੂਬੇ ਦੇ ਮੁੱਖ ਸਕੱਤਰ ਕੇਪੀ ਸਿਨਹਾ ਵੀ ਗੈਸ ਪਾਈਪਲਾਈਨ ਪ੍ਰੋਜੈਕਟ ਕੰਪਨੀਆਂ ਨਾਲ ਮੀਟਿੰਗ ਕਰ ਚੁੱਕੇ ਹਨ। --------------------------- ਪਿੰਡ ਹਮੀਰਾ ਖੇੜਾ ’ਚ ਸਿਟੀ ਗੈਸ ਸਟੇਸ਼ਨ ਤਿਆਰ ਜਲੰਧਰ ਸ਼ਹਿਰ ’ਚ 60 ਕਿੱਲੋਮੀਟਰ ਲੰਬੀ ਪਾਈਪਲਾਈਨ ਰਾਹੀਂ ਇਕ ਲੱਖ 82 ਹਜ਼ਾਰ ਘਰਾਂ ਤੱਕ ਪੀਐੱਨਜੀ ਸਪਲਾਈ ਹੋਣੀ ਹੈ। ਪਿੰਡ ਹਮੀਰ ਖੇੜਾ ’ਚ ਸਿਟੀ ਗੈਸ ਸਟੇਸ਼ਨ ਤਿਆਰ ਹੋ ਚੁੱਕਾ ਹੈ ਤੇ ਅਰਬਨ ਅਸਟੇਟ ਫੇਜ਼-2, ਈਸ਼ਰਪੁਰੀ, ਨਿਊ ਈਸ਼ਰਪੁਰੀ, ਕਲਗੀਧਰ, ਰਣਜੀਤ ਇਨਕਲੇਵ, ਅਫਸਰ ਇਨਕਲੇਵ, ਜਲੰਧਰ ਹਾਈਟਸ, ਹੈਮਿਲਟਨ, ਮਿੱਠਾਪੁਰ, ਦਸਮੇਸ਼ ਐਵਿਨਿਊ, ਫ੍ਰੈਂਡਸ ਐਵਿਨਿਊ ਦੇ 500 ਘਰਾਂ ’ਚ ਮੀਟਰ ਵੀ ਲੱਗ ਚੁੱਕੇ ਹਨ। ਸ਼ਹਿਰ ਦੇ ਬਾਹਰੀ ਇਲਾਕਿਆਂ ’ਚ ਪਾਈਪਲਾਈਨ ਪਾਈ ਜਾ ਚੁੱਕੀ ਹੈ। ਕੰਪਨੀ ਦਾ ਜਲੰਧਰ ਤੇ ਆਸ-ਪਾਸ ਦੇ ਇਲਾਕਿਆਂ ’ਚ 155 ਕਿੱਲੋਮੀਟਰ ਗੈਸ ਪਾਈਪਲਾਈਨ ਵਿਛਾਉਣ ਦਾ ਪ੍ਰੋਜੈਕਟ ਹੈ। ----------------------------- ਜਨਵਰੀ ’ਚ ਬੰਦ ਹੋਇਆ ਸੀ ਪ੍ਰੋਜੈਕਟ ਜੂਨ 2024 ’ਚ ਜਲੰਧਰ ’ਚ ਪਾਈਪਲਾਈਨ ਪਾਉਣ ਦਾ ਕੰਮ ਸ਼ੁਰੂ ਹੋਇਆ ਸੀ, ਜੋ 2025 ’ਚ ਹੜ੍ਹ ਕਾਰਨ ਰੁਕ ਗਿਆ ਤੇ ਅਕਤੂਬਰ ’ਚ ਮੁੜ ਸ਼ੁਰੂ ਹੋਇਆ। ਸੜਕਾਂ ਨੂੰ ਨੁਕਸਾਨ ਪੁੱਜਣ ਕਾਰਨ ਜਨਵਰੀ 2026 ’ਚ ਇਸ ਪ੍ਰੋਜੈਕਟ ਨੂੰ ਮੁੜ ਰੋਕ ਦਿੱਤਾ ਗਿਆ। ਨਗਰ ਨਿਗਮ ਨੇ ਸੜਕਾਂ ਦੀ ਮੁਰੰਮਤ ਦਾ ਹਵਾਲਾ ਦਿੱਤਾ ਸੀ। ਪੀਐੱਨਜੀ ਪ੍ਰੋਜੈਕਟ ਅਧੀਨ ਸ਼ਹਿਰ ਦੇ ਇਕ ਲੱਖ 82 ਹਜ਼ਾਰ ਘਰਾਂ ਨੂੰ ਨੈਚੂਰਲ ਗੈਸ ਦੇਣ ਦਾ ਟੀਚਾ ਹੈ। ਪ੍ਰਸਤਾਵ ਮੁਤਾਬਕ ਮਾਰਚ 2026 ਤੱਕ 2000 ਘਰਾਂ ਤੱਕ ਗੈਸ ਪਹੁੰਚਾਉਣ ਦੀ ਯੋਜਨਾ ਸੀ।