ਇੰਦਰਾਪੁਰਮ ਫਲੈਟਾਂ ਦੇ ਦੋ ਹੋਰ ਕੇਸ ਹਾਰਿਆ ਇੰਪਰੂਵਮੈਂਟ ਟਰੱਸਟ
ਇੰਦਿਰਾਪੁਰਮ ਫਲੈਟਾਂ ਦੇ ਦੋ ਹੋਰ ਕੇਸ ਹਾਰਿਆ ਇੰਪਰੂਵਮੈਂਟ ਟਰੱਸਟ, ਦੇਣਦਾਰੀ ਵੱਧ ਕੇ 85 ਕਰੋੜ ਹੋਈ
Publish Date: Thu, 12 Mar 2026 10:43 PM (IST)
Updated Date: Thu, 12 Mar 2026 10:45 PM (IST)

-ਭੁਗਤਾਨ ਨਾ ਕਰਨ ’ਤੇ 9 ਕਰੋੜ ਸਾਲਾਨਾ ਵਿਆਜ ਵੀ ਦੇਣਾ ਪਵੇਗਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਇੰਦਰਾਪੁਰਮ-ਮਾਸਟਰ ਗੁਰਬੰਤਾ ਸਿੰਘ ਐਨਕਲੇਵ ਦੇ ਫਲੈਟ ਅਲਾਟਮੈਂਟ ਮਾਮਲੇ ’ਚ ਇੰਪਰੂਵਮੈਂਟ ਟਰੱਸਟ ਨੂੰ ਦੋ ਹੋਰ ਕੇਸਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਨ੍ਹਾਂ ਦੋਵਾਂ ਮਾਮਲਿਆਂ ’ਚ ਟਰੱਸਟ ਨੂੰ ਅਲਾਟੀਆਂ ਨੂੰ ਲਗਭਗ 28 ਲੱਖ ਰੁਪਏ ਵਾਪਸ ਕਰਨੇ ਪੈਣਗੇ। ਇਸ ਨਾਲ ਉਪਭੋਗਤਾ ਕਮਿਸ਼ਨ ’ਚ ਹਾਰੇ ਕੇਸਾਂ ਕਾਰਨ ਇੰਪ੍ਰੂਵਮੈਂਟ ਟਰੱਸਟ ’ਤੇ ਕੁੱਲ ਦੇਣਦਾਰੀ ਵੱਧ ਕੇ 85 ਕਰੋੜ ਰੁਪਏ ਹੋ ਗਈ ਹੈ। ਜੇ ਟਰੱਸਟ ਇਹ ਰਕਮ ਅਦਾ ਨਹੀਂ ਕਰਦਾ ਤਾਂ ਇਸ ਨੂੰ ਸਾਲਾਨਾ 9 ਕਰੋੜ ਰੁਪਏ ਵਿਆਜ ਵੀ ਦੇਣਾ ਪਵੇਗਾ। ਜਿਨ੍ਹਾਂ ਦੋ ਮਾਮਲਿਆਂ ’ਚ ਟਰੱਸਟ ਨੂੰ ਹਾਰ ਮਿਲੀ ਹੈ, ਉਨ੍ਹਾਂ ’ਚ ਪਹਿਲੇ ਕੇਸ ’ਚ ਜਲੰਧਰ ਦੀ ਦਰਸ਼ਨਾ ਰਾਣੀ ਨੇ 4 ਨਵੰਬਰ 2008 ਨੂੰ ਇੰਦਰਾਪੁਰਮ ’ਚ ਫਲੈਟ ਲਿਆ ਸੀ। ਦਸਤਾਵੇਜ਼ਾਂ ’ਚ ਫਲੈਟ ਦਾ ਕਬਜ਼ਾ ਦੇ ਦਿੱਤਾ ਗਿਆ ਸੀ ਪਰ ਇੱਥੇ ਕੋਈ ਵੀ ਸਹੂਲਤ ਮੌਜੂਦ ਨਹੀਂ ਸੀ। ਸਾਲ 2012 ਤੱਕ ਨਾ ਤਾਂ ਬਿਜਲੀ ਦੀ ਸਪਲਾਈ ਸੀ ਤੇ ਨਾ ਹੀ ਹੋਰ ਬੁਨਿਆਦੀ ਸਹੂਲਤਾਂ ਦਿੱਤੀਆਂ ਗਈਆਂ। ਇਸ ਕਾਰਨ ਦਰਸ਼ਨਾ ਰਾਣੀ ਨੇ ਸਾਲ 2023 ’ਚ ਡਿਸਟ੍ਰਿਕਟ ਕੰਜ਼ਿਊਮਰ ਡਿਸਪਿਊਟ ਰੀਡਰੈੱਸਲ ਕਮਿਸ਼ਨ ’ਚ ਕੇਸ ਦਾਇਰ ਕਰ ਦਿੱਤਾ। ਕੰਜ਼ਿਊਮਰ ਕਮਿਸ਼ਨ ਨੇ ਹੁਕਮ ਦਿੱਤਾ ਹੈ ਕਿ ਦਰਸ਼ਨਾ ਰਾਣੀ ਨੂੰ ਉਸ ਦੀ ਮੁੱਢਲੀ ਰਕਮ 3.71 ਲੱਖ ਰੁਪਏ 9 ਫ਼ੀਸਦੀ ਵਿਆਜ ਸਮੇਤ 45 ਦਿਨਾਂ ’ਚ ਵਾਪਸ ਕੀਤੀ ਜਾਵੇ। ਜੇ ਇਹ ਰਕਮ ਸਮੇਂ ’ਤੇ ਨਾ ਦਿੱਤੀ ਗਈ ਤਾਂ ਵਿਆਜ ’ਚ 3 ਫੀਸਦੀ ਵਾਧਾ ਕੀਤਾ ਜਾਵੇਗਾ। ਇਸ ਤੋਂ ਇਲਾਵਾ 30,000 ਰੁਪਏ ਮੁਆਵਜ਼ਾ ਤੇ 10,000 ਰੁਪਏ ਕਾਨੂੰਨੀ ਖਰਚੇ ਦੇਣ ਦੇ ਹੁਕਮ ਵੀ ਦਿੱਤੇ ਗਏ ਹਨ। ਕੁੱਲ ਮਿਲਾ ਕੇ ਇਹ ਰਕਮ ਲਗਭਗ 13 ਲੱਖ ਰੁਪਏ ਬਣਦੀ ਹੈ। ਦੂਜੇ ਮਾਮਲੇ ’ਚ ਸੁਲਤਾਨਪੁਰ ਲੋਧੀ ਦੇ ਸੋਹਨ ਲਾਲ ਅਰੋੜਾ ਨੇ 4 ਨਵੰਬਰ 2008 ਨੂੰ ਫਲੈਟ ਲਿਆ ਸੀ ਤੇ ਇਸ ਲਈ 4.70 ਲੱਖ ਰੁਪਏ ਦਾ ਭੁਗਤਾਨ ਕੀਤਾ ਸੀ। ਉਨ੍ਹਾਂ ਨੂੰ 2009 ’ਚ ਕਬਜ਼ਾ ਤਾਂ ਮਿਲ ਗਿਆ ਸੀ ਪਰ ਇੱਥੇ ਵੀ ਕੋਈ ਸਹੂਲਤ ਨਹੀਂ ਸੀ। ਇਸ ਕਾਰਨ ਉਨ੍ਹਾਂ ਨੇ ਵੀ ਕੇਸ ਕਰ ਦਿੱਤਾ। ਹੁਣ ਇਸ ਮਾਮਲੇ ’ਚ ਵੀ ਫੈਸਲਾ ਆ ਗਿਆ ਹੈ ਤੇ ਉਨ੍ਹਾਂ ਨੂੰ ਵੀ ਮੁੱਢਲੀ ਰਕਮ ਸਮੇਤ 9 ਫੀਸਦੀ ਵਿਆਜ ਦੇ ਨਾਲ ਰਕਮ ਵਾਪਸ ਕਰਨ ਦੇ ਹੁਕਮ ਦਿੱਤੇ ਗਏ ਹਨ। ਵਿਆਜ, ਮੁਆਵਜ਼ਾ ਤੇ ਕਾਨੂੰਨੀ ਫੀਸ ਸਮੇਤ ਇਹ ਕੁੱਲ ਰਕਮ ਲਗਭਗ 15 ਲੱਖ ਰੁਪਏ ਬਣਦੀ ਹੈ।