ਵਿਦਿਆਰਥੀਆਂ ਦੇ ਰੂਬਰੂ ਹੋਏ ਪਰਵਾਸੀ ਪੰਜਾਬੀ ਲੇਖਕ ਸੱਗੂ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Mon, 23 Feb 2026 07:13 PM (IST)
Updated Date: Mon, 23 Feb 2026 07:16 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਿੱਖਿਆ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਨਵੀਆਂ ਪੈੜਾਂ ਸਿਰਜਣ ਵਾਲੀ ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਨਾਮਵਰ ਪ੍ਰਵਾਸੀ ਪੰਜਾਬੀ ਲੇਖਕ ਗੁਰਚਰਨ ਸੱਗੂ ਨਾਲ ਰੂਬਰੂ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ’ ਆਖਦਿਆਂ ਕਿਹਾ ਕਿ ਲੇਖਕਾਂ ਦੀਆਂ ਲਿਖਤਾਂ ਸਮਾਜ ਨੂੰ ਸੇਧ ਦੇਣ ਦੇ ਨਾਲ ਸਮਾਜ ਵਿੱਚ ਨਵੀਂ ਊਰਜਾ ਭਰਦੀਆਂ ਹਨ। ਇਸ ਮੌਕੇ ਗੁਰਚਰਨ ਸੱਗੂ ਦੇ ਨਵੇਂ ਨਾਵਲ 'ਲੱਜੋ' ਦੀ ਘੁੰਡ ਚੁਕਾਈ ਵੀ ਕੀਤੀ ਗਈ। ਪੰਜਾਬੀ ਦੇ ਪ੍ਰਸਿੱਧ ਸ਼ਾਇਰ ਅਤੇ ਸਾਹਿਤਕ ਰਸਾਲੇ 'ਮੰਤਵ' ਦੇ ਸੰਪਾਦਕ ਵਿਸ਼ਾਲ ਨੇ ਉਨ੍ਹਾਂ ਦੀ ਪੁਸਤਕ ਉੱਪਰ ਵਿਚਾਰ ਚਰਚਾ ਕਰਦਿਆਂ ਕਿਹਾ ਕਿ ਹਰੇਕ ਲੇਖਕ ਦੀ ਸਿਰਜਣਾ ਉਸ ਦੀ ਅੰਦਰਲੀ ਟੁੱਟ ਭੱਜ ਵਿੱਚੋਂ ਪੈਦਾ ਹੁੰਦੀ ਹੈ। ਲੇਖਕ ਕੁਝ ਸਿਰਜਣ ਲਈ ਪਹਿਲਾਂ ਖੁਦ ਦਾ ਵਿਨਾਸ਼ ਕਰਦਾ ਹੈ ਤੇ ਉਹਦੇ ਵਿੱਚੋਂ ਹੀ ਉਸ ਦੀ ਸਾਹਿਤਕ ਕਿਰਤ ਸਾਕਾਰ ਹੁੰਦੀ ਹੈ।
ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮੁਖਾਤਿਬ ਹੁੰਦਿਆਂ ਗੁਰਚਰਨ ਸੱਗੂ ਨੇ ਆਪਣੇ ਜੀਵਨ ਆਪਣੇ ਸਾਹਿਤਕ ਸਫਰ ਅਤੇ ਮੁੰਬਈ ਵਿਖੇ ਫਿਲਮ ਨਿਰਮਾਣ ਦੇ ਆਪਣੇ ਕੌੜੇ-ਮਿੱਠੇ ਤਜਰਬੇ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਇਸ ਗੱਲ ਲਈ ਪ੍ਰੇਰਿਆ ਕਿ ਜ਼ਿੰਦਗੀ ਵਿੱਚ ਕਿੰਨੀਆਂ ਵੀ ਮੁਸੀਬਤਾਂ ਆ ਜਾਣ ਇਨਸਾਨ ਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ। ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਜਿੰਦਰ ਸਿੰਘ ਸੇਖੋਂ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰਚਰਨ ਸੱਗੂ ਵਰਗੀ ਸ਼ਖਸੀਅਤ ਦਾ ਸਾਡੇ ਰੂਬਰੂ ਹੋਣਾ ਸਾਡੇ ਲਈ ਮਾਣ ਵਾਲੀ ਗੱਲ ਹੈ ਤੇ ਇਨ੍ਹਾਂ ਦੀਆਂ ਲਿਖਤਾਂ ਅਤੇ ਕਹੇ ਗਏ ਸ਼ਬਦ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਬਣਨਗੇ। ਸਮਾਗਮ ਵਿੱਚ ਮੰਚ ਸੰਚਾਲਕ ਦੀ ਭੂਮਿਕਾ ਪ੍ਰੋ. ਸੰਦੀਪ ਸਿੰਘ ਨੇ ਸ਼ਾਇਰਾਨਾ ਅਤੇ ਸਾਹਿਤਕ ਅੰਦਾਜ਼ ਵਿੱਚ ਨਿਭਾਈ। ਇਸ ਸਮੇਂ ਡਾ. ਹਰਜੀਤ ਸਿੰਘ, ਡਾ. ਜਸਵੰਤ ਕੌਰ, ਸੱਗੂ ਦੀ ਸ਼ਰੀਕੇ-ਹਯਾਤ ਮਨਜੀਤ ਕੌਰ, ਵੱਖ ਵੱਖ ਵਿਭਾਗਾਂ ਦੇ ਮੁਖੀ ਤੇ ਪ੍ਰੋਫੈਸਰ, ਪੰਜਾਬੀ ਵਿਭਾਗ ਦੇ ਸਮੂਹ ਪ੍ਰੋਫੈਸਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।