ਕੋਹਲੀ ਨੇ ਰਿਆਜ਼ਪੁਰਾ ਮੁਹੱਲਾ ਵਾਸੀਆਂ ਦੀਆਂ ਦਿੱਕਤਾਂ ਸੁਣੀਆਂ
ਰਿਆਜ਼ਪੁਰਾ ਮੁਹੱਲੇ ’ਚ ਪੀਣਯੋਗ ਪਾਣੀ ਦੀ ਸਮੱਸਿਆ ’ਤੇ ਤੁਰੰਤ ਕਦਮ
Publish Date: Thu, 26 Feb 2026 07:32 PM (IST)
Updated Date: Thu, 26 Feb 2026 07:34 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਿਤਿਨ ਕੋਹਲੀ, ਜਲੰਧਰ ਸੈਂਟਰਲ ਹਲਕਾ ਇੰਚਾਰਜ, ਆਮ ਆਦਮੀ ਪਾਰਟੀ ਵੱਲੋਂ ਜਲੰਧਰ ਸੈਂਟਰਲ ਹਲਕੇ ਦੇ ਵਾਰਡ ਨੰਬਰ 25 ਅਧੀਨ ਰਿਆਜ਼ਪੁਰਾ ਮੁਹੱਲੇ ’ਚ ਪਿਛਲੇ ਕਾਫ਼ੀ ਸਮੇਂ ਤੋਂ ਪੀਣ ਵਾਲੇ ਪਾਣੀ ਦੇ ਗੰਦਾ ਆਉਣ ਦੀ ਗੰਭੀਰ ਸਮੱਸਿਆ ਕਾਰਨ ਇਲਾਕਾ ਵਾਸੀਆਂ ਨੂੰ ਆ ਰਹੀਆਂ ਦਿੱਕਤਾਂ ਦਾ ਤੁਰੰਤ ਨੋਟਿਸ ਲਿਆ ਗਿਆ। ਨਲਕਿਆਂ ਰਾਹੀਂ ਆ ਰਿਹਾ ਪਾਣੀ ਪੀਣਯੋਗ ਨਾ ਹੋਣ ਕਰਕੇ ਲੋਕਾਂ ’ਚ ਸਿਹਤ ਸਬੰਧੀ ਚਿੰਤਾ ਵਧ ਰਹੀ ਸੀ ਤੇ ਘਰਾਂ ’ਚ ਬੱਚਿਆਂ ਤੇ ਬਜ਼ੁਰਗਾਂ ਲਈ ਖ਼ਾਸ ਪਰੇਸ਼ਾਨੀਆਂ ਪੈਦਾ ਹੋ ਰਹੀਆਂ ਸਨ। ਜਾਣਕਾਰੀ ਮਿਲਦਿਆਂ ਹੀ ਨਿਤਿਨ ਕੋਹਲੀ ਮੌਕੇ ’ਤੇ ਪਹੁੰਚੇ ਤੇ ਸਥਿਤੀ ਦਾ ਵਿਸਥਾਰ ਨਾਲ ਜਾਇਜ਼ਾ ਲਿਆ। ਉਨ੍ਹਾਂ ਨੇ ਪਾਣੀ ਸਪਲਾਈ ਪ੍ਰਣਾਲੀ ਦੀ ਜਾਂਚ ਕੀਤੀ ਤੇ ਇਲਾਕਾ ਵਾਸੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ। ਮੌਕੇ ’ਤੇ ਹੀ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਨਿਰਦੇਸ਼ ਦਿੱਤੇ ਗਏ ਕਿ ਇਸ ਮਸਲੇ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ ਤੇ ਸਾਫ਼ ਪੀਣਯੋਗ ਪਾਣੀ ਮੁਹੱਈਆ ਕਰਵਾਉਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਕੱਲ੍ਹ ਤੋਂ ਪਾਣੀ ਦੀਆਂ ਲਾਈਨਾਂ ਦੀ ਜਾਂਚ, ਸਫ਼ਾਈ ਤੇ ਜਿੱਥੇ ਲੋੜ ਹੋਵੇ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਜਾਵੇਗਾ, ਤਾਂ ਜੋ ਰਿਆਜ਼ਪੁਰਾ ਦੇ ਵਸਨੀਕਾਂ ਨੂੰ ਜਲਦ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਸਰਕਾਰ ਲੋਕਾਂ ਦੀਆਂ ਬੁਨਿਆਦੀ ਸੁਵਿਧਾਵਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ ਤੇ ਹਰ ਇਲਾਕੇ ਦੀ ਸਮੱਸਿਆ ਦਾ ਸਮੇਂ ਸਿਰ ਨਿਬੇੜਾ ਕੀਤਾ ਜਾ ਰਿਹਾ ਹੈ। ਰਿਆਜ਼ਪੁਰਾ ਦੇ ਨਿਵਾਸੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲੈਣ ਤੇ ਤੁਰੰਤ ਕਾਰਵਾਈ ਕਰਨ ਲਈ ਨਿਤਿਨ ਕੋਹਲੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦੇ ਹਨ ਤੇ ਤੁਰੰਤ ਹੱਲ ਲਈ ਕਦਮ ਚੁੱਕਦੇ ਹਨ। ਇਸ ਮੌਕੇ ਵਾਰਡ ਇੰਚਾਰਜ ਕਾਰਤਿਕ ਸਾਹੋਤਾ, ਗੋਲਡੀ ਮਰਵਾਹਾ ਤੇ ਸੰਜੀਵ ਤ੍ਰੇਹਨ ਵੀ ਹਾਜ਼ਰ ਸਨ।