ਜਲੰਧਰ ਕੈਂਟ ’ਚ ਗੈਰ-ਕਾਨੂੰਨੀ ਮਾਈਨਿੰਗ ਜ਼ੋਰਾਂ 'ਤੇ : ਸੰਘਾ
ਜਲੰਧਰ ਕੈਂਟ ’ਚ ਗੈਰ-ਕਾਨੂੰਨੀ ਮਾਈਨਿੰਗ ਜ਼ੋਰਾਂ 'ਤੇ - ਹਰਜਾਪ ਸਿੰਘ ਸੰਘਾ
Publish Date: Tue, 07 Apr 2026 08:26 PM (IST)
Updated Date: Wed, 08 Apr 2026 04:14 AM (IST)

---ਆਪ ਸਰਕਾਰ ਚਲਾ ਰਹੀ ‘ਕੈਸ਼ ਫ਼ੋਰ ਪੈਟਰੋਨੇਜ’ ਮਾਡਲ ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਸ਼੍ਰੋਮਣੀ ਅਕਾਲੀ ਦਲ ਤੋਂ ਹਲਕਾ ਜਲੰਧਰ ਕੈਂਟ ਦੇ ਇੰਚਾਰਜ ਹਰਜਾਪ ਸਿੰਘ ਸੰਘਾ ਨੇ ਹਲਕੇ ’ਚ ਤੇਜ਼ੀ ਨਾਲ ਵੱਧ ਰਹੀ ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ਸਰਕਾਰ ਤੇ ਪ੍ਰਸ਼ਾਸਨ ’ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਲਾਕੇ ’ਚ ਬਿਨਾਂ ਕਿਸੇ ਡਰ ਦੇ ਹੋ ਰਹੀ ਖਣਨ ਗਤੀਵਿਧੀਆਂ ਸਿਰਫ਼ ਪ੍ਰਸ਼ਾਸਨੀ ਲਾਪਰਵਾਹੀ ਨਹੀਂ, ਸਗੋਂ ਇੱਕ ਪਰਫੈਕਟ ਰੈਕਟ ਵਾਂਗ ਚੱਲ ਰਹੀਆਂ ਹਨ। ਸੰਘਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੇਠ ਇਹ ਮਾਮਲਾ ‘ਕੈਸ਼ ਫ਼ੋਰ ਪੈਟਰੋਨੇਜ’ ਦੇ ਮਾਡਲ ’ਚ ਤਬਦੀਲ ਹੋ ਚੁੱਕਾ ਹੈ, ਜਿੱਥੇ ਕੁਝ ਚੁਣਿੰਦਾ ਲੋਕਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਕਾਨੂੰਨ ਦੀ ਖੁੱਲ੍ਹੀ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਅਧਿਕਾਰੀ ਇਸ ਨੂੰ ਰੋਕਣ ਲਈ ਜ਼ਿੰਮੇਵਾਰ ਹਨ, ਉਹ ਜਾਂ ਤਾਂ ਮੂਕ ਦਰਸ਼ਕ ਬਣੇ ਹੋਏ ਹਨ ਜਾਂ ਇਸ ਗਲਤ ਕੰਮ ਨੂੰ ਸਹਿਯੋਗ ਦੇ ਰਹੇ ਹਨ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਇਸ ਬੇਲਗਾਮ ਮਾਈਨਿੰਗ ਕਾਰਨ ਜਲੰਧਰ ਕੈਂਟ ਦੀ ਉਪਜਾਊ ਖੇਤੀਬਾੜੀ ਜ਼ਮੀਨ ਨੂੰ ਭਾਰੀ ਤੇ ਕਦੇ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਮਿੱਟੀ ਦੀ ਗੁਣਵੱਤਾ ਖਰਾਬ ਹੋ ਰਹੀ ਹੈ, ਜਲ ਪੱਧਰ ‘ਤੇ ਅਸਰ ਪੈ ਰਿਹਾ ਹੈ ਤੇ ਪਿੰਡਾਂ ਦੇ ਵਾਤਾਵਰਣ ‘ਚ ਵੀ ਗੰਭੀਰ ਬਦਲਾਅ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅੱਜ ਹੀ ਇਸ ਨੂੰ ਨਹੀਂ ਰੋਕਿਆ ਗਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ। ਹਰਜਾਪ ਸਿੰਘ ਸੰਘਾ ਨੇ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤੇ ਜਿੰਨ੍ਹਾਂ ਲੋਕਾਂ ਦੀ ਸ਼ਮੂਲੀਅਤ ਹੈ, ਚਾਹੇ ਉਹ ਕਿਸੇ ਵੀ ਅਹੁਦੇ ’ਤੇ ਹੋਣ, ਉਨ੍ਹਾਂ ਨੂੰ ਬੇਨਕਾਬ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਮੈਦਾਨ ’ਚ ਉਤਰ ਕੇ ਇਸ ਗੈਰ-ਕਾਨੂੰਨੀ ਗਤੀਵਿਧੀ ਨੂੰ ਰੋਕਣਾ ਚਾਹੀਦਾ ਹੈ, ਨਹੀਂ ਤਾਂ ਲੋਕਾਂ ਦਾ ਭਰੋਸਾ ਪੂਰੀ ਤਰ੍ਹਾਂ ਟੁੱਟ ਜਾਵੇਗਾ। ਸੰਘਾ ਨੇ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ’ਤੇ ਚੁੱਪ ਨਹੀਂ ਬੈਠੇਗਾ ਤੇ ਜ਼ਰੂਰਤ ਪੈਣ ’ਤੇ ਵੱਡੇ ਪੱਧਰ ‘ਤੇ ਲੋਕ ਅੰਦੋਲਨ ਵੀ ਛੇੜਿਆ ਜਾਵੇਗਾ। ਉਨ੍ਹਾਂ ਦ੍ਰਿੜਤਾ ਨਾਲ ਕਿਹਾ ਕਿ ਪੰਜਾਬ ਦੀ ਧਰਤੀ ਦੀ ਲੁੱਟ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਇਸ ਮਾਮਲੇ ’ਤੇ ਜਵਾਬਦੇਹੀ ਤੈਅ ਕਰ ਕੇ ਰਹਾਂਗੇ।