ਐੱਚਆਈਵੀ ਤੇ ਵੀਡੀਆਰਐੱਲ ਟੈਸਟਿੰਗ ਕੈਂਪ ਲਾਇਆ
ਆਈਸੀਟੀਸੀ ਸੈਂਟਰ ਕਾਲਾ ਬੱਕਰਾ ਵੱਲੋਂ ਐੱਚਆਈਵੀ ਤੇ ਵੀਡੀਆਰਐੱਲ ਟੈਸਟਿੰਗ ਕੈਂਪ ਲਗਾਇਆ
Publish Date: Sat, 14 Feb 2026 06:42 PM (IST)
Updated Date: Sat, 14 Feb 2026 06:45 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਏਕੀਕ੍ਰਿਤ ਸਲਾਹ ਤੇ ਟੈਸਟਿੰਗ ਕੇਂਦਰ ਕਾਲਾ ਬੱਕਰਾ ਵੱਲੋਂ ਸੰਪੂਰਨ ਸੁਰੱਖਿਆ ਕੇਂਦਰ ਜਲੰਧਰ ਦੇ ਸਹਿਯੋਗ ਨਾਲ ਐੱਚਆਈਵੀ ਤੇ ਵੀਡੀਆਰਐੱਲ ਟੈਸਟਿੰਗ ਕੈਂਪ ਲਗਾਇਆ ਗਿਆ। ਕਾਲਾ ਬੱਕਰਾ ਹਸਪਤਾਲ ’ਚ ਲਗਾਏ ਇਸ ਵਿਸ਼ੇਸ਼ ਕੈਂਪ ਦਾ ਮੁੱਖ ਉਦੇਸ਼ ਓਓਏਟੀ ਸੈਂਟਰ ’ਚ ਦਵਾਈ ਲੈ ਰਹੇ ਮਰੀਜ਼ਾਂ ਦੀ ਸਮੇਂ-ਸਿਰ ਜਾਂਚ ਕਰਨੀ ਸੀ, ਤਾਂ ਜੋ ਸੰਕਰਾਮਕ ਬਿਮਾਰੀਆਂ ਦੀ ਪਛਾਣ ਤੇ ਇਲਾਜ ਨੂੰ ਯਕੀਨੀ ਬਣਾਇਆ ਜਾ ਸਕੇ। ਕੈਂਪ ਦੌਰਾਨ ਕੁੱਲ 168 ਵਿਅਕਤੀਆਂ ਦੇ ਐੱਚਆਈਵੀ ਤੇ ਵੀਡੀਆਰਐੱਲ ਟੈਸਟ ਕੀਤੇ ਗਏ। ਇਨ੍ਹਾਂ ’ਚੋਂ 7 ਵਿਅਕਤੀ ਐੱਚਆਈਵੀ ਤੇ 1 ਵਿਅਕਤੀ ਵੀਡੀਆਰਐੱਲ ਪਾਜ਼ੀਟਿਵ ਪਾਏ ਗਏ। ਐੱਚਆਈਵੀ ਪੋਜ਼ੀਟਿਵ ਮਰੀਜ਼ਾਂ ’ਚੋਂ 4 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 3 ਮਰੀਜ਼ ਪਹਿਲਾਂ ਤੋਂ ਹੀ ਇਲਾਜ ਅਧੀਨ ਹਨ। ਨਵੇਂ ਪਾਜ਼ੀਟਿਵ ਮਰੀਜ਼ਾਂ ਨੂੰ ਤੁਰੰਤ ਆਰਟ ਸੈਂਟਰ ਜਲੰਧਰ ਭੇਜਿਆ ਗਿਆ ਹੈ ਤਾਂ ਜੋ ਉਨ੍ਹਾਂ ਦਾ ਇਲਾਜ ਜਲਦੀ ਸ਼ੁਰੂ ਕੀਤਾ ਜਾ ਸਕੇ। ਇਸ ਮੌਕੇ ਆਈਸੀਟੀਸੀ ਕੌਂਸਲਰ ਰਮਨਦੀਪ ਕੌਰ, ਲੈਬ ਟੈਕਨੀਸ਼ਨ ਹਰਮੀਤ ਕੌਰ, ਸੰਦੀਪ ਕੌਰ, ਨੀਤੂ, ਜਸਪਾਲ ਸਿੰਘ, ਦਰਸ਼ਨ ਸਿੰਘ, ਮਾਨਵ ਸ਼ਰਮਾ, ਅਜੀਤ ਸਿੰਘ ਬੈਂਸ ਸਮੇਤ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ-ਸਿਰ ਟੈਸਟ ਕਰਵਾ ਕੇ ਆਪਣੀ ਅਤੇ ਸਮਾਜ ਦੀ ਸਿਹਤ ਦੀ ਰੱਖਿਆ ਕਰਨ।