ਨਹਿਰ ’ਚੋਂ ਨਵਜੰਮੇ ਬੱਚੇ ਦੀ ਲਾਸ਼ ਬਰਾਮਦ, ਦਹਿਸ਼ਤ
(ਜਲੰਧਰ ’ਚ ਮਨੁੱਖਤਾ ਸ਼ਰਮਸ਼ਾਰ)
Publish Date: Sun, 01 Feb 2026 10:00 PM (IST)
Updated Date: Mon, 02 Feb 2026 04:17 AM (IST)
ਕ੍ਰਾਈਮ ਰਿਪੋਰਟਰ, ਜਲੰਧਰ : ਐਤਵਾਰ ਸਵੇਰੇ ਬਸਤੀ ਬਾਵਾ ਖੇਲ ਖੇਤਰ ’ਚ ਰਾਜਾ ਗਾਰਡਨ ਕੋਲ ਬਾਬਾ ਬੁੱਢਾ ਜੀ ਪੁਲ਼ ਨੇੜੇ ਨਹਿਰ ’ਚੋਂ 2-3 ਮਹੀਨੇ ਦੇ ਬੱਚੇ ਦੀ ਲਾਸ਼ ਬਰਾਮਦ ਹੋਈ। ਸਥਾਨਕ ਵਾਸੀਆਂ ਅਨੁਸਾਰ ਕੁਝ ਲੋਕਾਂ ਨੇ ਨਹਿਰ ’ਚ ਬੱਚੇ ਦੀ ਲਾਸ਼ ਦੇਖੀ। ਜਦੋਂ ਲੋਕਾਂ ਨੇ ਨੇੜੇ ਜਾ ਦੇਖਿਆ ਤਾਂ ਉਹ ਨਵਜੰਮੇ ਬੱਚੇ ਦੀ ਲਾਸ਼ ਸੀ। ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਟੀਮ ਮੌਕੇ ’ਤੇ ਪਹੁੰਚੀ ਤੇ ਲਾਸ਼ ਨੂੰ ਨਹਿਰ ’ਚੋਂ ਕੱਢ ਕੇ ਸਿਵਲ ਹਸਪਤਾਲ, ਜਲੰਧਰ ਦੇ ਮੁਰਦਾਘਰ ’ਚ ਰੱਖ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏਸੀਪੀ ਆਤਿਸ਼ ਭਾਟੀਆ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਹਾਦਸਾ ਸੀ ਜਾਂ ਬੱਚੇ ਨੂੰ ਨਹਿਰ ’ਚ ਸੁੱਟਣ ਦੀ ਸਾਜ਼ਿਸ਼। ਲੋਕ ਇਸ ਅਣਮਨੁੱਖੀ ਕਾਰਵਾਈ ਦੀ ਨਿੰਦਾ ਕਰ ਰਹੇ ਹਨ ਤੇ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ। ਪੁਲਿਸ ਆਲੇ ਦੁਆਲੇ ਦੇ ਇਲਾਕਿਆਂ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਫਿਲਹਾਲ ਪੁਲਿਸ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ।