ਹਰਜਾਪ ਸੰਘਾ ਦੀ ਅਗਵਾਈ ਹੇਠ ਕੱਢਿਆ ਰੋਡ ਸ਼ੋਅ
ਹਰਜਾਪ ਸੰਘਾ ਦੀ ਅਗਵਾਈ ਹੇਠ ਸੁਖਬੀਰ ਸਿੰਘ ਬਾਦਲ ਲਈ ਵਿਸ਼ਾਲ ਰੋਡ ਸ਼ੋਅ
Publish Date: Sun, 22 Mar 2026 06:20 PM (IST)
Updated Date: Sun, 22 Mar 2026 06:22 PM (IST)

- ਯੂਥ ਦੀ ਲਹਿਰ ਨੇ ਅਕਾਲੀ ਦਲ ਲਈ 2027 ਦੀ ਜਿੱਤ ਦਾ ਦਿੱਤਾ ਸੰਕੇਤ ਲਵਦੀਪ ਬੈਂਸ, ਪੰਜਾਬੀ ਜਾਗਰਣ ਪਤਾਰਾ/ਜਲੰਧਰ ਕੈਂਟ : ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਰਹੇ ਵਧਦੇ ਜਨ ਸਮਰਥਨ ਦਾ ਇਕ ਵੱਡਾ ਸਬੂਤ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਹਲਕਾ ਜਲੰਧਰ ਕੈਂਟ ਦੇ ਇੰਚਾਰਜ ਹਰਜਾਪ ਸਿੰਘ ਸੰਘਾ ਦੀ ਅਗਵਾਈ ਹੇਠ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਕੱਢਿਆ ਗਿਆ ਵਿਸ਼ਾਲ ਰੋਡ ਸ਼ੋਅ ਇਤਿਹਾਸਕ ਰੂਪ ਧਾਰ ਗਿਆ। ਇਸ ਦੌਰਾਨ ਹਰਜਾਪ ਸੰਘਾ ਨੇ ਕਿਹਾ ਕਿ 150 ਤੋਂ ਵੱਧ ਗੱਡੀਆਂ ਤੇ 6-700 ਤੋਂ ਵੱਧ ਜਜ਼ਬੇ ਨਾਲ ਭਰੇ ਨੌਜਵਾਨਾਂ ਤੇ ਵਰਕਰਾਂ ਦੀ ਭਾਰੀ ਭੀੜ ਨੇ ਸੜਕਾਂ ’ਤੇ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ ਇਹ ਸਾਬਤ ਕਰ ਦਿੱਤਾ ਕਿ ਅਕਾਲੀ ਦਲ ਮੁੜ ਉਭਰ ਰਿਹਾ ਹੈ ਤੇ 2027 ’ਚ ਸਰਕਾਰ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ। ਹਰਜਾਪ ਸਿੰਘ ਸੰਘਾ ਨੇ ਕਿਹਾ ਕਿ ਇਹ ਸਿਰਫ ਰੋਡ ਸ਼ੋਅ ਨਹੀਂ ਸੀ, ਇਹ ਲੋਕਾਂ ਦੀਆਂ ਉਮੀਦਾਂ, ਭਰੋਸੇ ਤੇ ਜਜ਼ਬੇ ਦੀ ਇਕ ਵੱਡੀ ਲਹਿਰ ਹੈ। ਉਨ੍ਹਾਂ ਨੇ ਹਰ ਵਰਕਰ, ਦੋਸਤ ਤੇ ਸਹਿਯੋਗੀ ਦਾ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਨੇ ਆਪਣਾ ਸਮਾਂ ਤੇ ਮਿਹਨਤ ਲਾਈ, ਉਹੀ ਅਸਲ ਤਾਕਤ ਹਨ, ਜੋ ਅਕਾਲੀ ਦਲ ਨੂੰ ਮੁੜ ਸਿਖਰ ’ਤੇ ਲੈ ਕੇ ਜਾਵੇਗੀ। ਸੰਘਾ ਨੇ ਖਾਸ ਤੌਰ ’ਤੇ ਨੌਜਵਾਨਾਂ ਦੀ ਭੂਮਿਕਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਨੌਜਵਾਨ ਸਿਰਫ ਸਹਿਯੋਗੀ ਨਹੀਂ, ਸਗੋਂ ਆਉਣ ਵਾਲੀ ਸਰਕਾਰ ਦੀ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਕਿਹਾ ਕਿ ਜਿਹੜਾ ਜੋਸ਼ ਤੇ ਉਤਸ਼ਾਹ ਅੱਜ ਦੇਖਣ ਨੂੰ ਮਿਲਿਆ ਹੈ, ਉਹ ਸਾਫ ਸੰਕੇਤ ਹੈ ਕਿ ਪੰਜਾਬ ਦਾ ਨੌਜਵਾਨ ਬਦਲਾਅ ਚਾਹੁੰਦਾ ਹੈ ਤੇ ਉਹ ਬਦਲਾਅ ਅਕਾਲੀ ਦਲ ਲਿਆਵੇਗਾ। ਸੰਘਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਮੁੜ ਮਜ਼ਬੂਤੀ ਨਾਲ ਖੜ੍ਹੀ ਹੋ ਰਹੀ ਹੈ ਤੇ ਹਰ ਵਰਗ ਦਾ ਵਿਸ਼ਵਾਸ ਜਿੱਤ ਰਹੀ ਹੈ। ਇਹ ਵੱਡਾ ਇਕੱਠ ਤੇ ਜਨ ਸਹਿਯੋਗ ਸਪੱਸ਼ਟ ਕਰਦਾ ਹੈ ਕਿ 2027 ’ਚ ਪੰਜਾਬ ’ਚ ਅਕਾਲੀ ਦਲ ਦੀ ਸਰਕਾਰ ਬਣੇਗੀ ਤੇ ਸੁਖਬੀਰ ਸਿੰਘ ਬਾਦਲ ਹੀ ਮੁੱਖ ਮੰਤਰੀ ਬਣਨਗੇ। ਉਨ੍ਹਾਂ ਦੱਸਿਆ ਕਿ ਰੋਡ ਸ਼ੋਅ ਦੌਰਾਨ ਪੂਰੇ ਇਲਾਕੇ ’ਚ ਜੋਸ਼, ਨਾਅਰੇਬਾਜ਼ੀ ਤੇ ਇਕਜੁੱਟਤਾ ਦਾ ਮਾਹੌਲ ਬਣਿਆ ਰਿਹਾ, ਜਿਸ ਨੇ ਵਿਰੋਧੀਆਂ ਲਈ ਸਪਸ਼ਟ ਸੰਦੇਸ਼ ਦਿੱਤਾ ਕਿ ਜ਼ਮੀਨੀ ਪੱਧਰ ’ਤੇ ਅਕਾਲੀ ਦਲ ਦੀ ਪਕੜ ਲਗਾਤਾਰ ਮਜ਼ਬੂਤ ਹੋ ਰਹੀ ਹੈ। ਇਹ ਵਿਸ਼ਾਲ ਰੋਡ ਸ਼ੋਅ ਨਾ ਸਿਰਫ ਇਕ ਸਫਲ ਰਾਜਨੀਤਿਕ ਪ੍ਰਦਰਸ਼ਨ ਸੀ, ਸਗੋਂ ਇਹ ਦਰਸਾਉਂਦਾ ਹੈ ਕਿ ਜਲੰਧਰ ਕੈਂਟ ਤੋਂ ਸ਼ੁਰੂ ਹੋਈ ਇਹ ਲਹਿਰ 2027 ’ਚ ਪੰਜਾਬ ਦੀ ਸਿਆਸਤ ਦਾ ਰੁਖ ਤੈਅ ਕਰਨ ਵਾਲੀ ਹੈ।