ਸਰਵਾਈਕਲ ਕੈਂਸਰ ਤੋਂ ਬਚਾਅ ਲਈ ਐੱਚਪੀਵੀ ਵੈਕਸੀਨ ਅਹਿਮ : ਡਾ. ਗਰਗ
ਸਰਵਾਈਕਲ ਕੈਂਸਰ ਤੋਂ ਬਚਾਅ ਲਈ ਐੱਚਪੀਵੀ ਵੈਕਸੀਨ ਅਹਿਮ : ਡਾ. ਰਾਜੇਸ਼ ਗਰਗ
Publish Date: Thu, 08 Jan 2026 06:29 PM (IST)
Updated Date: Fri, 09 Jan 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਿਹਤ ਵਿਭਾਗ ਵੱਲੋਂ ਨਰਸਿੰਗ ਸਕੂਲ, ਸਿਵਲ ਹਸਪਤਾਲ ’ਚ ਸਿਵਲ ਸਰਜਨ ਡਾ. ਰਾਜੇਸ਼ ਗਰਗ ਦੀ ਅਗਵਾਈ ਹੇਠ ਐੱਚਪੀਵੀ ਵੈਕਸੀਨ ਸਬੰਧੀ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਵਰਕਸ਼ਾਪ ਕਰਵਾਈ ਗਈ। ਇਹ ਸਿਖਲਾਈ ਪ੍ਰੋਗਰਾਮ ਜ਼ਿਲ੍ਹਾ ਟੀਕਾਕਰਨ ਅਫ਼ਸਰ-ਕਮ-ਨੋਡਲ ਅਫ਼ਸਰ ਰੂਟੀਨ ਇਮਿਊਨਾਈਜ਼ੇਸ਼ਨ ਡਾ. ਰਾਕੇਸ਼ ਚੋਪੜਾ ਦੀ ਦੇਖ-ਰੇਖ ਹੇਠ ਕਰਵਾਇਆ। ਵਰਕਸ਼ਾਪ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ’ਚ ਸੇਵਾ ਨਿਭਾਅ ਰਹੇ ਮੈਡੀਕਲ ਅਫ਼ਸਰਾਂ ਤੇ ਐੱਲਐੱਚਵੀਜ਼ ਨੂੰ ਐੱਚਪੀਵੀ ਟੀਕਾਕਰਨ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਗਈ। ਟ੍ਰੇਨਿੰਗ ਮੈਡੀਕਲ ਅਫ਼ਸਰ (ਪੀਡੀਆਟ੍ਰਿਕ) ਡਾ. ਮੋਹਿਤ ਚੰਦਰ ਵੱਲੋਂ ਦਿੱਤੀ ਗਈ। ਇਸ ਮੌਕੇ ਐੱਸਐੱਮਓ ਮਹਿਤਪੁਰ ਡਾ. ਰਘੂਪ੍ਰੀਆ, ਡਿਪਟੀ ਐੱਮਈਆਈਓ ਅਸੀਮ ਸ਼ਰਮਾ ਤੇ ਅਰਬਨ ਕੋਆਰਡੀਨੇਟਰ ਡਾ. ਸੁਰਭੀ ਵੀ ਹਾਜ਼ਰ ਰਹੇ। ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਸਰਵਾਈਕਲ ਕੈਂਸਰ ਦਾ ਮੁੱਖ ਕਾਰਨ ਹਿਊਮਨ ਪੈਪੀਲੋਮਾ ਵਾਇਰਸ (ਐੱਚਪੀਵੀ) ਹੈ ਤੇ ਲਗਪਗ 99 ਫ਼ੀਸਦੀ ਮਾਮਲੇ ਉੱਚ ਜੋਖਮ ਵਾਲੀਆਂ ਐੱਚਪੀਵੀ ਕਿਸਮਾਂ ਕਾਰਨ ਹੁੰਦੇ ਹਨ। ਉਨ੍ਹਾਂ ਕਿਹਾ ਕਿ ਐੱਚਪੀਵੀ ਵੈਕਸੀਨ ਸਰਵਾਈਕਲ ਕੈਂਸਰ ਦੀ ਰੋਕਥਾਮ ਲਈ ਇਕ ਪ੍ਰਭਾਵਸ਼ਾਲੀ ਸਾਧਨ ਹੈ। ਐੱਚਪੀਵੀ ਵੈਕਸੀਨ ਮੁੱਖ ਤੌਰ ’ਤੇ ਦੋ ਕਿਸਮਾਂ ਦੀ ਹੁੰਦੀ ਹੈ ਗਾਰਡਸੀਲ ਤੇ ਸਰਵਿਕਸ। ਸਰਵਿਕਸ ਕਿਸਮਾਂ 16 ਤੇ 18 ਤੋਂ ਸੁਰੱਖਿਆ ਦਿੰਦੀ ਹੈ, ਜਦਕਿ ਗਾਰਡਸੀਲ ਕਿਸਮਾਂ 6 ਤੇ 11 ਤੋਂ ਵੀ ਬਚਾਅ ਕਰਦੀ ਹੈ। ਐੱਚਪੀਵੀ ਟੀਕਾ 14 ਤੇ 15 ਸਾਲ ਦੇ ਬੱਚਿਆਂ ਲਈ ਟੀਕਾਕਰਨ ਸ਼ਡਿਊਲ ਦਾ ਹਿੱਸਾ ਹੈ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਨੇ ਕਿਹਾ ਕਿ ਐੱਚਪੀਵੀ ਇਕ ਆਮ ਜਿਨਸੀ ਤੌਰ ’ਤੇ ਸੰਚਾਰਿਤ ਲਾਗ ਹੈ ਜੋ ਚਮੜੀ ਦੇ ਸੰਪਰਕ ਰਾਹੀਂ ਫੈਲਦੀ ਹੈ। ਕੁਝ ਐੱਚਪੀਵੀ ਲਾਗਾਂ ਸਮੇਂ ਨਾਲ ਠੀਕ ਨਹੀਂ ਹੁੰਦੀਆਂ ਤੇ ਕੈਂਸਰ ’ਚ ਬਦਲ ਸਕਦੀਆਂ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਨਿਯਮਤ ਸਕ੍ਰੀਨਿੰਗ ਜਿਵੇਂ ਪੈਪ ਟੈਸਟ ਤੇ ਐੱਚਪੀਵੀ ਟੈਸਟ ਰਾਹੀਂ ਬਿਮਾਰੀ ਦੀ ਸ਼ੁਰੂਆਤੀ ਪਛਾਣ ਸੰਭਵ ਹੈ। ਟੀਕਾਕਰਨ, ਸਕ੍ਰੀਨਿੰਗ ਤੇ ਸਿਹਤਮੰਦ ਜੀਵਨ ਸ਼ੈਲੀ ਆਪਣਾ ਕੇ ਸਰਵਾਈਕਲ ਕੈਂਸਰ ਤੋਂ ਬਚਾਅ ਕੀਤਾ ਜਾ ਸਕਦਾ ਹੈ।