ਸਰਵਾਈਕਲ ਕੈਂਸਰ ਤੋਂ ਬਚਾਉਂਦੈ ਐੱਚਪੀਵੀ ਟੀਕਾ
ਐੱਚਪੀਵੀ ਟੀਕਾ ਸਰਵਾਈਕਲ ਕੈਂਸਰ ਤੋਂ ਬਚਾਅ ’ਚ ਪ੍ਰਭਾਵਸ਼ਾਲੀ
Publish Date: Mon, 12 Jan 2026 06:51 PM (IST)
Updated Date: Mon, 12 Jan 2026 06:54 PM (IST)

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਸਿਹਤ ਵਿਭਾਗ ਵੱਲੋਂ ਔਰਤਾਂ ’ਚ ਹੋਣ ਵਾਲੇ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਐਚਪੀਵੀ ਟੀਕਾਕਰਨ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। ਸੋਮਵਾਰ ਨੂੰ ਸੀਐੱਚਸੀ ਵਿਖੇ ਦੋ ਸਿਖਲਾਈ ਸੈਸ਼ਨ ਕਰਵਾਏ ਗਏ। ਇਨ੍ਹਾਂ ਸੈਸ਼ਨਾਂ ’ਚ ਬਲਾਕ ਦੀਆਂ ਐੱਲਐੱਚਵੀ, ਏਐੱਨਐੱਮ ਤੇ ਸੀਐੱਚਓਜ਼ ਨੂੰ ਟੀਕਾਕਰਨ ਪ੍ਰੋਗਰਾਮ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਟੀਕਾਕਰਨ ਨੋਡਲ ਅਫਸਰ ਡਾ. ਮਨਮੋਹਨ ਕਪਿਲਾ, ਡਾ. ਰਿਤੂ ਬਾਲਾ ਤੇ ਬੀਈਈ ਚੰਦਨ ਮਿਸ਼ਰਾ ਵੀ ਮੌਜੂਦ ਰਹੇ। ਐੱਸਐੱਮਓ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਹਿਊਮਨ ਪੈਪੀਲੋਮਾ ਵਾਇਰਸ ਔਰਤਾਂ ’ਚ ਸਰਵਾਈਕਲ ਕੈਂਸਰ ਦਾ ਮੁੱਖ ਕਾਰਨ ਹੈ। ਸਤਨ ਕੈਂਸਰ ਤੋਂ ਬਾਅਦ ਇਹ ਦੁਨੀਆ ਭਰ ’ਚ ਔਰਤਾਂ ’ਚ ਹੋਣ ਵਾਲਾ ਦੂਜਾ ਸਭ ਤੋਂ ਆਮ ਕੈਂਸਰ ਹੈ। ਉਨ੍ਹਾਂ ਕਿਹਾ ਕਿ ਐੱਚਪੀਵੀ ਟੀਕਾ ਇਸ ਕੈਂਸਰ ਤੋਂ ਬਚਾਅ ਲਈ ਬਹੁਤ ਪ੍ਰਭਾਵਸ਼ਾਲੀ ਹੈ। ਇਹ ਟੀਕਾ ਹੁਣ ਤੱਕ ਮਹਿੰਗਾ ਹੋਣ ਕਾਰਨ ਨਿੱਜੀ ਹਸਪਤਾਲਾਂ ਤੱਕ ਹੀ ਸੀਮਿਤ ਸੀ, ਪਰ ਹੁਣ ਸਰਕਾਰੀ ਹਸਪਤਾਲਾਂ ’ਚ 14 ਤੋਂ 15 ਸਾਲ ਦੀਆਂ ਕੁੜੀਆਂ ਨੂੰ ਮੁਫ਼ਤ ਲਗਾਇਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਕਈ ਵਿਕਸਤ ਦੇਸ਼ਾਂ ’ਚ ਨਿਯਮਤ ਟੀਕਾਕਰਨ ਦਾ ਹਿੱਸਾ ਹੈ।ਸਿਖਲਾਈ ਦੌਰਾਨ ਡਾ. ਰਿਤੂ ਬਾਲਾ ਨੇ ਕਿਹਾ ਕਿ ਐੱਚਪੀਵੀ ਟੀਕਾ ਸਰਵਾਈਕਲ ਕੈਂਸਰ ਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਘਟਾ ਦਿੰਦਾ ਹੈ। ਉਨ੍ਹਾਂ ਸਿਹਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਆਪਣੇ-ਆਪਣੇ ਖੇਤਰਾਂ ’ਚ 14 ਤੋਂ 15 ਸਾਲ ਦੀ ਉਮਰ ਦੀਆਂ ਕੁੜੀਆਂ ਦੀ ਸੂਚੀ ਤਿਆਰ ਕੀਤੀ ਜਾਵੇ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਟੀਕੇ ਦੇ ਲਾਭਾਂ ਬਾਰੇ ਜਾਗਰੂਕ ਕੀਤਾ ਜਾਵੇ, ਤਾਂ ਜੋ ਵੱਧ ਤੋਂ ਵੱਧ ਕੁੜੀਆਂ ਨੂੰ ਟੀਕਾਕਰਨ ਦੇ ਦਾਇਰੇ ’ਚ ਲਿਆ ਜਾ ਸਕੇ।