ਔਰਤਾਂ ਨੂੰ ਸਸ਼ਕਤ ਬਣਾਏਗੀ ਐੱਚਪੀਵੀ ਟੀਕਾਕਰਨ ਮੁਹਿੰਮ : ਡਾ. ਗਰਗ
ਸਵਸਥ ਨਾਰੀ ਦ੍ਰਿਸ਼ਟੀਕੋਣ ਤੇ ਨਾਰੀ ਸ਼ਕਤੀ ਨੂੰ ਸਸ਼ਕਤ ਬਣਾਉਣਾ ਸੁਨਿਸ਼ਚਿਤ ਕਰੇਗੀ ਐੱਚਪੀਵੀ ਟੀਕਾਕਰਨ ਮੁਹਿੰਮ - ਸਿਵਲ ਸਰਜਨ ਡਾ. ਰਾਜੇਸ਼ ਗਰਗ
Publish Date: Mon, 02 Mar 2026 07:34 PM (IST)
Updated Date: Mon, 02 Mar 2026 07:37 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਜ਼ਿਲ੍ਹੇ ਦੇ ਸਮੂਹ ਐੱਸਐੱਮਓਜ਼ ਨੂੰ ਸੋਮਵਾਰ ਨੂੰ ਵੀਸੀ ਰਾਹੀਂ ਐੱਚਪੀਵੀ ਟੀਕਾਕਰਨ ਮੁਹਿੰਮ ਸਬੰਧੀ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਵਸਥ ਨਾਰੀ ਦ੍ਰਿਸ਼ਟੀਕੋਣ ਨੂੰ ਸਸ਼ਕਤ ਬਣਾਉਣ ਲਈ 90 ਦਿਨਾਂ ਹਿਊਮਨ ਪੈਪੀਲੋਮਾਵਾਇਰਸ (ਐੱਚਪੀਵੀ) ਟੀਕਾਕਰਨ ਮੁਹਿੰਮ ਮਿਸ਼ਨ ਮੋਡ ’ਚ ਸ਼ੁਰੂ ਕੀਤੀ ਗਈ ਹੈ, ਜਿਸ ਦੌਰਾਨ 14 ਸਾਲ ਦੀਆਂ ਤੇ ਇਸ ਤੋਂ ਵੱਧ ਉਮਰ ਦੀਆਂ ਕੁੜੀਆਂ ਲਈ ਹਿਊਮਨ ਪੈਪੀਲੋਮਾਵਾਇਰਸ (ਐੱਚਪੀਵੀ) ਟੀਕਾਕਰਨ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਕਿਹਾ ਕਿ ਸਰਵਾਈਕਲ ਕੈਂਸਰ ਨੂੰ ਖਤਮ ਕਰਨ ਤੇ ਨਾਰੀ ਸ਼ਕਤੀ ਨੂੰ ਸਸ਼ਕਤ ਬਣਾਉਣ ’ਚ ਇਹ ਮੁਹਿੰਮ ਮਹੱਤਵਪੂਰਨ ਭੂਮਿਕਾ ਨਿਭਾਏਗੀ। ਧੀਆਂ ਦੀ ਭਵਿੱਖੀ ਸਿਹਤ ਨੂੰ ਸੁਰੱਖਿਅਤ ਕਰਨ ਤੇ ਪ੍ਰੀਵੈਂਟਿਵ ਹੈਲਥਕੇਅਰ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵੱਲ ਇਹ ਇਕ ਮਹੱਤਵਪੂਰਨ ਕਦਮ ਹੈ। ਸਿਵਲ ਸਰਜਨ ਨੇ ਦੱਸਿਆ ਕਿ ਇਹ ਟੀਕਾ ਸਰਕਾਰੀ ਸਿਹਤ ਸੰਸਥਾਵਾਂ ਜ਼ਿਲ੍ਹਾ ਹਸਪਤਾਲ, ਸਬ-ਡਵੀਜ਼ਨਲ ਹਸਪਤਾਲ, ਕਮਿਊਨਿਟੀ ਹੈਲਥ ਸੈਂਟਰ ਤੇ ਪ੍ਰਾਇਮਰੀ ਹੈਲਥ ਸੈਂਟਰਾਂ ’ਚ ਮੁਫ਼ਤ ਲਗਾਇਆ ਜਾਵੇਗੀ। ਉਨ੍ਹਾਂ ਸਮੂਹ ਐੱਸਐੱਮਓਜ਼ ਨੂੰ ਹਦਾਇਤ ਕੀਤੀ ਕਿ ਮੁਹਿੰਮ ਦੌਰਾਨ ਹਰੇਕ ਸੈਸ਼ਨ ਦੀ ਨਿਗਰਾਨੀ ਸਿਖਲਾਈ ਪ੍ਰਾਪਤ ਮੈਡੀਕਲ ਅਫਸਰਾਂ ਵੱਲੋਂ ਕੀਤੀ ਜਾਵੇ ਤੇ ਵੈਕਸੀਨ ਦੀ ਸੁਰੱਖਿਆ ਲਈ ਕੋਲਡ ਚੇਨ ਪੁਆਇੰਟਾਂ (ਸੀਸੀਪੀ) ਦੀ ਕਾਰਜਸ਼ੀਲਤਾ ਦੀ ਨਿਗਰਾਨੀ ਨੂੰ ਯਕੀਨੀ ਬਣਾਇਆ ਜਾਵੇ। ਇਹ ਟੀਕਾਕਰਨ ਸਵੈ-ਇੱਛੁਕ ਹੋਵੇਗਾ ਤੇ ਟੀਕਾਕਰਨ ਤੋਂ ਪਹਿਲਾਂ ਮਾਤਾ-ਪਿਤਾ/ਸਰਪ੍ਰਸਤ ਤੋਂ ਸੂਚਿਤ ਸਹਿਮਤੀ ਲਈ ਜਾਵੇਗੀ। ਸਿਵਲ ਸਰਜਨ ਵੱਲੋਂ ਨੇ ਅਪੀਲ ਕਰਦਿਆਂ ਕਿਹਾ ਕਿ ਐੱਚਪੀਵੀ ਟੀਕਾਕਰਨ ਪ੍ਰੋਗਰਾਮ ਐੱਚਪੀਵੀ ਲਾਗ ਨੂੰ ਕੈਂਸਰ ’ਚ ਵਧਣ ਤੋਂ ਪਹਿਲਾਂ ਰੋਕ ਕੇ ਇਸ ਚੁਣੌਤੀ ਦਾ ਸਿੱਧੇ ਤੌਰ ਤੇ ਹੱਲ ਹੈ ਇਸ ਲਈ ਲੋਕਾਂ ਨੂੰ ਇਸ ਮੁਹਿੰਮ ਸਫਲ ਬਣਾਉਣ ’ਚ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਮਾਪਿਆਂ ਤੇ ਸਰਪ੍ਰਸਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਰ ਦੇ ਆਸ਼ਾ ਤੇ ਏਐੱਨਐੱਮ ਨਾਲ ਸੰਪਰਕ ਕਰਨ ਤੇ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੀਆਂ 14 ਸਾਲ ਦੀਆਂ ਧੀਆਂ ਨੂੰ ਐੱਚਪੀਵੀ ਟੀਕਾ ਜ਼ਰੂਰ ਲਗਵਾਇਆ ਜਾਵੇ ਤਾਂ ਜੋ ਧੀਆਂ ਲਈ ਇਕ ਸਿਹਤਮੰਦ, ਕੈਂਸਰ-ਮੁਕਤ ਭਵਿੱਖ ਨੂੰ ਯਕੀਨੀ ਬਣਾਇਆ ਜਾ ਸਕੇ।