...ਤੇ ਜਦੋਂ ਨਸ਼ੇੜੀ ਪੁਲਿਸ ਮੁਲਜ਼ਮ ਬਣ ਕੇ ਨਸ਼ਾ ਬੰਦ ਕਰਵਾਉਣ ਪੁੱਜਾ
ਲੋਕਾਂ ਦੀ ਸੁਰੱਖਿਆ ਕਿਵੇਂ ਹੋਵੇਗੀ, ਜਦੋਂ ਆਪਣੀ ਹੀ ਸੁਰੱਖਿਆ ਰੱਬ ਭਰੋਸੇ?
Publish Date: Thu, 09 Apr 2026 09:12 PM (IST)
Updated Date: Thu, 09 Apr 2026 09:14 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਥਾਣਾ ਬਿਲਗਾ ਨਾਲ ਸਬੰਧਤ ਇਕ ਹੈਰਾਨੀਜਨਕ ਘਟਨਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਨੂਰਮਹਿਲ ਨੇੜਲੇ ਇਕ ਪਿੰਡ ਦਾ ਨੌਜਵਾਨ, ਜੋ ਨਸ਼ੇ ਦੀ ਆਦਤ ਤੋਂ ਪੀੜਤ ਦੱਸਿਆ ਜਾ ਰਿਹਾ ਹੈ, ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੇ ਹੋਏ ਪੁਲਿਸ ਸਟੇਸ਼ਨ ਪੁੱਜਾ। ਦੋਸ਼ ਹੈ ਕਿ ਥਾਣੇ ’ਚ ਉਸ ਦੀ ਗੱਲ ਨਾ ਸੁਣੇ ਜਾਣ ਕਾਰਨ ਉਸ ਨੇ ਉੱਥੇ ਪਈ ਪੁਲਿਸ ਦੀ ਟੋਪੀ ਤੇ ਡੰਡਾ ਚੁੱਕ ਲਿਆ ਤੇ ਥਾਣੇ ਦੀ ਗੱਡੀ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ। ਗੱਡੀ ਸਟਾਰਟ ਨਾ ਹੋਣ ‘ਤੇ ਉਹ ਟੋਪੀ ਪਾ ਕੇ ਤੇ ਡੰਡਾ ਹੱਥ ’ਚ ਫੜ ਕੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਚਲਾ ਗਿਆ। ਬਾਅਦ ’ਚ ਉਹ ਥਾਣੇ ਦੇ ਅਧਿਕਾਰ ਖੇਤਰ ’ਚ ਆਉਂਦੇ ਇਕ ਪਿੰਡ ’ਚ ਪੁੱਜਾ, ਜਿੱਥੇ ਉਸ ਨੇ ਇਕ ਪਰਿਵਾਰ ਨੂੰ ਡਰਾ ਕੇ ਕਿਹਾ ਕਿ ਗਲਤ ਕੰਮ ਬੰਦ ਕਰੋ, ਕਿਉਂਕਿ ਉਹ ਖੁਦ ਨਸ਼ਿਆਂ ਕਰਕੇ ਬਰਬਾਦ ਹੋ ਚੁੱਕਾ ਹੈ ਤੇ ਹੋਰਾਂ ਨੂੰ ਵੀ ਇਸ ਤਰ੍ਹਾਂ ਬਰਬਾਦ ਨਹੀਂ ਦੇਖਣਾ ਚਾਹੁੰਦਾ। ਸੂਤਰਾਂ ਮੁਤਾਬਕ, ਪਰਿਵਾਰਕ ਮੈਂਬਰਾਂ ਨੇ ਉਸ ਨੂੰ ਗੱਲਬਾਤ ਲਈ ਘਰ ਅੰਦਰ ਬੁਲਾਇਆ ਤੇ ਅੰਦਰ ਦਾਖਲ ਹੋਣ ’ਤੇ ਉਸ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਪੁਲਿਸ ਵੱਲੋਂ ਸਬੰਧਤ ਪਿੰਡ ਤੋਂ ਟੋਪੀ ਤੇ ਡੰਡਾ ਵਾਪਸ ਲਿਆ ਗਿਆ। --- ਥਾਣੇ ’ਚ ਨਹੀਂ ਨਾਕੇ ’ਤੇ ਵਾਪਰੀ ਹੈ ਘਟਨਾ : ਥਾਣਾ ਮੁਖੀ ਇਸ ਸਬੰਧੀ ਸੰਪਰਕ ਕਰਨ ‘ਤੇ ਥਾਣਾ ਮੁਖੀ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਇਹ ਘਟਨਾ ਪੁਲਿਸ ਸਟੇਸ਼ਨ ’ਚ ਨਹੀਂ, ਸਗੋਂ ਇਕ ਨਾਕੇ ’ਤੇ ਵਾਪਰੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸੀਨੀਅਰ ਪੁਲਿਸ ਅਧਿਕਾਰੀ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ। ਇਸਦੇ ਨਾਲ ਹੀ ਇਹ ਵੀ ਚਰਚਾ ’ਚ ਹੈ ਕਿ ਗਲਤ ਗਤੀਵਿਧੀਆਂ ’ਚ ਸ਼ਾਮਲ ਕੁਝ ਲੋਕਾਂ ਵੱਲੋਂ ਰੋਕਣ ਵਾਲਿਆਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਤੇ ਉੱਚ ਅਧਿਕਾਰੀਆਂ ਨਾਲ ਸਬੰਧਾਂ ਦਾ ਹਵਾਲਾ ਦੇ ਕੇ ਆਪਣੇ-ਆਪ ਨੂੰ ਬੇਖ਼ੌਫ਼ ਦੱਸਿਆ ਜਾਂਦਾ ਹੈ।