ਹੁਸ਼ਿਆਰਪੁਰ ਪੁਲਿਸ ਦੀ ਨਸ਼ਾ ਤਸਕਰਾਂ ਤੇ ਨਸ਼ੇੜੀਆਂ ਖ਼ਿਲਾਫ਼ ਵੱਡੀ ਕਾਰਵਾਈ : ਵੱਖ-ਵੱਖ ਥਾਵਾਂ ਤੋਂ 5 ਨੌਜਵਾਨ ਕਾਬੂ, 107 ਨਸ਼ੀਲੀਆਂ ਗੋਲੀਆਂ ਬਰਾਮਦ
ਥਾਣਾ ਗੜ੍ਹਦੀਵਾਲਾ ਦੀ ਪੁਲਿਸ ਨੇ ਮੁਖ਼ਬਰ ਖ਼ਾਸ ਦੀ ਸੂਚਨਾ ਦੇ ਆਧਾਰ 'ਤੇ ਘਰ ਵਿੱਚ ਬੈਠੇ ਇੱਕ ਨਸ਼ੇੜੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸ.ਆਈ. ਦਰਸ਼ਨ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਕਾਲਰਾ ਮੋੜ ਗੜ੍ਹਦੀਵਾਲਾ ਵਿਖੇ ਮੌਜੂਦ ਸੀ, ਜਦੋਂ ਉਨ੍ਹਾਂ ਨੂੰ ਇਹ ਗੁਪਤ ਜਾਣਕਾਰੀ ਮਿਲੀ।
Publish Date: Wed, 03 Jun 2026 11:51 AM (IST)
Updated Date: Wed, 03 Jun 2026 11:57 AM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਨਸ਼ਾ ਤਸਕਰੀ ਅਤੇ ਨਸ਼ੇੜੀਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਹੁਸ਼ਿਆਰਪੁਰ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਕਾਰਵਾਈ ਕਰਦੇ ਹੋਏ 5 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਖਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਮੁਤਾਬਕ ਫ਼ੜੇ ਗਏ ਮੁਲਜ਼ਮਾਂ ਵਿੱਚੋਂ ਕੋਈ ਨਸ਼ੀਲੀਆਂ ਗੋਲੀਆਂ ਸੁੱਟ ਕੇ ਭੱਜ ਰਿਹਾ ਸੀ, ਕੋਈ ਸ਼ਰੇਆਮ ਲਾਈਟਰ ਬਾਲ ਕੇ ਧੂੰਆਂ ਅੰਦਰ ਖਿੱਚ ਰਿਹਾ ਸੀ ਅਤੇ ਕੁਝ ਘਰਾਂ ਜਾਂ ਗਲੀਆਂ ਵਿੱਚ ਨਸ਼ੇ ਦੀ ਹਾਲਤ ਵਿੱਚ ਘੁੰਮ ਰਹੇ ਸਨ, ਜਿਨ੍ਹਾਂ ਦੇ ਡੋਪ ਟੈਸਟ ਪਾਜ਼ੇਟਿਵ ਆਏ ਹਨ।
ਪੁਲਿਸ ਨੇ ਦੱਸਿਆ ਕਿ ਏ.ਐੱਸ.ਆਈ. ਲਖਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਪ੍ਰਾਈਵੇਟ ਗੱਡੀ ਵਿੱਚ ਸਵਾਰ ਹੋ ਕੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਦੌਲਤਪੁਰ ਚੌਂਕ ਵੱਲ ਜਾ ਰਹੀ ਸੀ। ਜਦੋਂ ਪੁਲਿਸ ਪਾਰਟੀ ਟੈਰਸ ਪੁਲ ਤੋਂ ਥੋੜ੍ਹਾ ਪਿੱਛੇ ਪੁੱਜੀ ਤਾਂ ਸੜਕ ਕਿਨਾਰੇ ਕਾਲੀ ਟੀ-ਸ਼ਰਟ ਪਾਈ ਇੱਕ ਨੌਜਵਾਨ ਖੜ੍ਹਾ ਦਿਖਾਈ ਦਿੱਤਾ।
ਕਿਵੇਂ ਹੋਈ ਗ੍ਰਿਫ਼ਤਾਰੀ
ਪੁਲਿਸ ਦੀ ਗੱਡੀ ਦੇਖ ਕੇ ਉਹ ਨੌਜਵਾਨ ਘਬਰਾ ਗਿਆ ਅਤੇ ਸੜਕ ਤੋਂ ਹੇਠਾਂ ਉੱਤਰ ਕੇ ਸੂਆਂ ਮੰਡ ਏਰੀਏ ਵੱਲ ਭੱਜਣ ਲੱਗਾ। ਸ਼ੱਕ ਪੈਣ 'ਤੇ ਜਦੋਂ ਪੁਲਿਸ ਮੁਲਾਜ਼ਮਾਂ ਨੇ ਉਸ ਦਾ ਪਿੱਛਾ ਕੀਤਾ ਤਾਂ ਉਸ ਨੇ ਭੱਜਦੇ ਹੋਏ ਆਪਣੀ ਜੀਨ ਦੀ ਜੇਬ ਵਿੱਚੋਂ ਇੱਕ ਕਾਲੇ ਰੰਗ ਦਾ ਵਜ਼ਨਦਾਰ ਮੋਮੀ ਲਿਫਾਫਾ ਕੱਢ ਕੇ ਘਾਹ-ਫੂਸ ਵਿੱਚ ਸੁੱਟ ਦਿੱਤਾ। ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਉਸ ਨੂੰ ਕੁਝ ਦੂਰੀ 'ਤੇ ਜਾ ਕੇ ਦਬੋਚ ਲਿਆ।
ਪੁਲਿਸ ਨੇ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨ ਦੀ ਪਛਾਣ ਅਭੀਸ਼ੇਕ ਚੌਧਰੀ ਉਰਫ਼ ਅਭੀ ਪੁੱਤਰ ਜਗਤਾਰ ਸਿੰਘ ਵਾਸੀ ਪੁਰਾਣਾ ਤਲਵਾੜਾ ਵਜੋਂ ਹੋਈ ਹੈ। ਜਦੋਂ ਪੁਲਿਸ ਵੱਲੋਂ ਉਸ ਦੇ ਸੁੱਟੇ ਹੋਏ ਲਿਫਾਫੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਕਥਿਤ ਤੌਰ ’ਤੇ 107 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਮੁਲਜ਼ਮ ਖਿਲਾਫ਼ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਦੁਕਾਨ ਦੇ ਬਰਾਂਡੇ 'ਚ ਬੈਠ ਕੇ 10 ਰੁਪਏ ਦੇ ਨੋਟ ਨਾਲ 'ਚਿੱਟਾ' ਖਿੱਚਦਾ ਕਾਬੂ
ਥਾਣਾ ਬੁੱਲੋਵਾਲ ਦੀ ਪੁਲਿਸ ਨੇ ਇੱਕ ਨੌਜਵਾਨ ਨੂੰ ਰੰਗੇ ਹੱਥੀਂ ਨਸ਼ਾ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਐੱਸ.ਆਈ. ਕੁਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਸਰਕਾਰੀ ਗੱਡੀ ਵਿੱਚ ਸਵਾਰ ਹੋ ਕੇ ਸ਼ਾਮ ਚੁਰਾਸੀ ਤੋਂ ਪਿੰਡ ਰਾਏਪੁਰ ਵੱਲ ਗਸ਼ਤ 'ਤੇ ਸੀ।
ਮੌਕੇ ਦਾ ਮੰਜ਼ਰ
ਪੁਲਿਸ ਨੇ ਦੱਸਿਆ ਕਿ ਜਦੋਂ ਗੱਡੀ ਰਾਏਪੁਰ ਮੋੜ ਟੀ-ਪੁਆਇੰਟ ਨੇੜੇ 'ਬੁੱਢੀ ਟਾਹਲੀ' ਕੋਲ ਪੁੱਜੀ ਤਾਂ ਉੱਥੇ ਬਣੀਆਂ ਦੁਕਾਨਾਂ ਦੇ ਬਰਾਂਡੇ ਵਿੱਚ ਇੱਕ ਨੌਜਵਾਨ ਨਸ਼ੇ ਦਾ ਸੇਵਨ ਕਰ ਰਿਹਾ ਸੀ। ਉਹ ਕਥਿਤ ਤੌਰ ’ਤੇ ਸਿਲਵਰ ਪੰਨੀ ਉੱਪਰ ਚਿੱਟਾ ਰੱਖ ਕੇ ਹੇਠਾਂ ਤੋਂ ਲਾਈਟਰ ਨਾਲ ਸੇਕ ਦੇ ਰਿਹਾ ਸੀ ਅਤੇ ਉਸ ਤੋਂ ਨਿਕਲਣ ਵਾਲੇ ਧੂੰਏਂ ਨੂੰ 10 ਰੁਪਏ ਦੇ ਨੋਟ ਨੂੰ ਪਾਈਪ ਵਾਂਗ ਗੋਲ ਬਣਾ ਕੇ ਮੂੰਹ ਰਾਹੀਂ ਅੰਦਰ ਖਿੱਚ ਰਿਹਾ ਸੀ।
ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਨੌਜਵਾਨ ਨੂੰ ਘੇਰ ਕੇ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਸਨੇ ਆਪਣਾ ਨਾਮ ਸਾਹਿਲ ਪੁੱਤਰ ਰਾਜੇਸ਼ ਕੁਮਾਰ ਵਾਸੀ ਚਲੁੱਪਰ ਦੱਸਿਆ। ਪੁਲਿਸ ਨੇ ਉਸ ਦੇ ਕਬਜ਼ੇ ਵਿੱਚੋਂ ਨਸ਼ਾ ਕਰਨ ਲਈ ਵਰਤੀ ਜਾ ਰਹੀ ਪੰਨੀ, ਲਾਈਟਰ ਅਤੇ ਪਾਈਪ ਬਣਿਆ 10 ਰੁਪਏ ਦਾ ਨੋਟ ਕਥਿਤ ਤੌਰ 'ਤੇ ਜ਼ਬਤ ਕਰਕੇ ਉਸ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਮੁਖ਼ਬਰ ਦੀ ਇਤਲਾਹ 'ਤੇ ਘਰ 'ਚੋਂ ਚੁੱਕਿਆ ਨਸ਼ੇੜੀ, ਡੋਪ ਟੈਸਟ ਆਇਆ ਪਾਜ਼ੇਟਿਵ
ਥਾਣਾ ਗੜ੍ਹਦੀਵਾਲਾ ਦੀ ਪੁਲਿਸ ਨੇ ਮੁਖ਼ਬਰ ਖ਼ਾਸ ਦੀ ਸੂਚਨਾ ਦੇ ਆਧਾਰ 'ਤੇ ਘਰ ਵਿੱਚ ਬੈਠੇ ਇੱਕ ਨਸ਼ੇੜੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸ.ਆਈ. ਦਰਸ਼ਨ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਕਾਲਰਾ ਮੋੜ ਗੜ੍ਹਦੀਵਾਲਾ ਵਿਖੇ ਮੌਜੂਦ ਸੀ, ਜਦੋਂ ਉਨ੍ਹਾਂ ਨੂੰ ਇਹ ਗੁਪਤ ਜਾਣਕਾਰੀ ਮਿਲੀ।
ਪੁਲਿਸ ਨੇ ਦੱਸਿਆ ਕਿ ਮੁਖ਼ਬਰ ਨੇ ਇਤਲਾਹ ਦਿੱਤੀ ਸੀ ਕਿ ਜਤਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਅਰਗੋਵਾਲ ਕਥਿਤ ਤੌਰ ’ਤੇ ਨਸ਼ੇ ਕਰਨ ਦਾ ਆਦੀ ਹੈ ਅਤੇ ਉਹ ਇਸ ਵੇਲੇ ਵੀ ਆਪਣੇ ਘਰ ਵਿੱਚ ਨਸ਼ੇ ਦੀ ਹਾਲਤ ਵਿੱਚ ਮੌਜੂਦ ਹੈ। ਪੁਲਿਸ ਨੇ ਬਿਨਾਂ ਸਮਾਂ ਗਵਾਏ ਪਿੰਡ ਅਰਗੋਵਾਲ ਵਿਖੇ ਮੁਲਜ਼ਮ ਦੇ ਘਰ ਛਾਪੇਮਾਰੀ ਕੀਤੀ ਅਤੇ ਜਤਿੰਦਰ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਮੁਤਾਬਕ ਜਦੋਂ ਮੁਲਜ਼ਮ ਨੂੰ ਸਿਵਲ ਹਸਪਤਾਲ ਦਸੂਹਾ ਲਿਜਾ ਕੇ ਉਸਦਾ ਡੋਪ ਟੈਸਟ ਕਰਵਾਇਆ ਗਿਆ, ਤਾਂ ਉਸਦੀ ਰਿਪੋਰਟ ਪਾਜ਼ੇਟਿਵ ਆਈ।
ਗਲੀਆਂ 'ਚ ਨਸ਼ੇ ਦੀ ਲੋਰ 'ਚ ਘੁੰਮ ਰਹੇ ਸਨ ਦੋ ਅਧਖੜ ਉਮਰ ਦੇ ਵਿਅਕਤੀ, ਪੁਲਿਸ ਨੇ ਦਬੋਚੇ
ਪੁਲਿਸ ਅਨੁਸਾਰ ਥਾਣਾ ਮੇਹਟੀਆਣਾ ਦੇ ਏ.ਐੱਸ.ਆਈ. ਜੋਗਿੰਦਰ ਸਿੰਘ ਸਾਥੀ ਕਰਮਚਾਰੀਆਂ ਨਾਲ ਪ੍ਰਾਈਵੇਟ ਵਾਹਨ 'ਤੇ ਚੈਕਿੰਗ ਕਰਦੇ ਹੋਏ ਪਿੰਡ ਅਹਿਰਾਣਾ ਕਲਾਂ ਤੋਂ ਅਜੜਾਮ ਵੱਲ ਜਾ ਰਹੇ ਸਨ।
ਗੁਪਤ ਸੂਚਨਾ 'ਤੇ ਕਾਰਵਾਈ: ਪੁਲਿਸ ਜਦੋਂ ਪਿੰਡ ਅਜੜਾਮ ਪਹੁੰਚੀ ਤਾਂ ਇੱਕ ਮੁਖ਼ਬਰ ਨੇ ਦੱਸਿਆ ਕਿ ਪਿੰਡ ਦੇ ਹੀ ਰਹਿਣ ਵਾਲੇ ਦੋ ਵਿਅਕਤੀ, ਜੋ ਕਿ ਕਥਿਤ ਤੌਰ ’ਤੇ ਨਸ਼ੇ ਦੇ ਆਦੀ ਹਨ, ਇਸ ਵੇਲੇ ਨਸ਼ੇ ਦੀ ਲੋਰ ਵਿੱਚ ਪਿੰਡ ਦੀ ਫ਼ਿਰਨੀ ਨੇੜੇ ਘੁੰਮ ਰਹੇ ਹਨ। ਪੁਲਿਸ ਨੇ ਦੱਸੀ ਹੋਈ ਥਾਂ 'ਤੇ ਰੇਡ ਕਰਕੇ ਦੋਵਾਂ ਨੂੰ ਕਾਬੂ ਕਰ ਲਿਆ।
ਫ਼ੜੇ ਗਏ ਵਿਅਕਤੀਆਂ ਦੀ ਪਛਾਣ ਰਮਨ ਕੁਮਾਰ ਉਰਫ਼ ਸੰਨੀ (ਉਮਰ 40 ਸਾਲ) ਅਤੇ ਸੁਖਵਿੰਦਰ ਸਿੰਘ ਉਰਫ਼ ਸੁੱਖੀ (ਉਮਰ 35 ਸਾਲ), ਦੋਵੇਂ ਵਾਸੀ ਪਿੰਡ ਅਜੜਾਮ ਵਜੋਂ ਹੋਈ ਹੈ। ਦੋਵਾਂ ਨੂੰ ਤੁਰੰਤ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਜਾਇਆ ਗਿਆ। ਪੁਲਿਸ ਨੇ ਦੱਸਿਆ ਕਿ ਮੈਡੀਕਲ ਜਾਂਚ ਦੌਰਾਨ ਦੋਵਾਂ ਦਾ ਡੋਪ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ।