ਫਿਲੌਰ ਰੇਲਵੇ ਓਵਰਬ੍ਰਿਜ 'ਤੇ ਭਿਆਨਕ ਹਾਦਸਾ: ਨੀਂਦ ਦਾ ਝੋਕਾ ਆਉਣ ਕਾਰਨ ਡਿਵਾਈਡਰ 'ਚ ਚੜ੍ਹਿਆ ਕੰਟੇਨਰ, ਜਾਨੀ ਨੁਕਸਾਨ ਤੋਂ ਬਚਾਅ
ਬੀਤੀ ਰਾਤ ਨੈਸ਼ਨਲ ਹਾਈਵੇਅ (NH-44) 'ਤੇ ਸਥਿਤ ਫਿਲੌਰ ਰੇਲਵੇ ਓਵਰਬ੍ਰਿਜ 'ਤੇ ਉਸ ਸਮੇਂ ਵੱਡਾ ਹਾਦਸਾ ਵਾਪਰਨੋਂ ਟਲ ਗਿਆ, ਜਦੋਂ ਇੱਕ ਤੇਜ਼ ਰਫ਼ਤਾਰ ਡਿਲੀਵਰੀ ਕੰਟੇਨਰ ਬੇਕਾਬੂ ਹੋ ਕੇ ਡਿਵਾਈਡਰ ਦੇ ਵਿਚਕਾਰ ਜਾ ਫਸਿਆ। ਰਾਹਗੀਰਾਂ ਵੱਲੋਂ ਦਿੱਤੀ ਸੂਚਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਸੜਕ ਸੁਰੱਖਿਆ ਫੋਰਸ (SSF) ਦੀ ਟੀਮ ਨੇ ਰਾਹਤ ਕਾਰਜ ਸ਼ੁਰੂ ਕੀਤੇ।
Publish Date: Sun, 22 Mar 2026 01:55 PM (IST)
Updated Date: Sun, 22 Mar 2026 01:56 PM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ: ਬੀਤੀ ਰਾਤ ਨੈਸ਼ਨਲ ਹਾਈਵੇਅ (NH-44) 'ਤੇ ਸਥਿਤ ਫਿਲੌਰ ਰੇਲਵੇ ਓਵਰਬ੍ਰਿਜ 'ਤੇ ਉਸ ਸਮੇਂ ਵੱਡਾ ਹਾਦਸਾ ਵਾਪਰਨੋਂ ਟਲ ਗਿਆ, ਜਦੋਂ ਇੱਕ ਤੇਜ਼ ਰਫ਼ਤਾਰ ਡਿਲੀਵਰੀ ਕੰਟੇਨਰ ਬੇਕਾਬੂ ਹੋ ਕੇ ਡਿਵਾਈਡਰ ਦੇ ਵਿਚਕਾਰ ਜਾ ਫਸਿਆ। ਰਾਹਗੀਰਾਂ ਵੱਲੋਂ ਦਿੱਤੀ ਸੂਚਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਸੜਕ ਸੁਰੱਖਿਆ ਫੋਰਸ (SSF) ਦੀ ਟੀਮ ਨੇ ਰਾਹਤ ਕਾਰਜ ਸ਼ੁਰੂ ਕੀਤੇ।
ਜਾਣਕਾਰੀ ਅਨੁਸਾਰ, ਸਿਗਨਾ ਕੰਪਨੀ ਦਾ ਇਹ ਕੰਟੇਨਰ ਜਦੋਂ ਓਵਰਬ੍ਰਿਜ ਤੋਂ ਗੁਜ਼ਰ ਰਿਹਾ ਸੀ, ਤਾਂ ਅਚਾਨਕ ਡਰਾਈਵਰ ਨੂੰ ਨੀਂਦ ਦਾ ਝੋਕਾ ਆ ਗਿਆ। ਇਸ ਕਾਰਨ ਗੱਡੀ ਸੰਤੁਲਨ ਗੁਆ ਬੈਠੀ ਅਤੇ ਡਿਵਾਈਡਰ 'ਤੇ ਚੜ੍ਹ ਗਈ। ਹਾਦਸੇ ਤੋਂ ਤੁਰੰਤ ਬਾਅਦ ਕੰਟੇਨਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਐਸ.ਐਸ.ਐਫ. ਟੀਮ ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਖ਼ੁਸ਼ਕਿਸਮਤੀ ਰਹੀ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਹਾਈਵੇਅ 'ਤੇ ਲੱਗਿਆ ਭਾਰੀ ਜਾਮ
ਹਾਦਸਾਗ੍ਰਸਤ ਕੰਟੇਨਰ ਦੇ ਡਿਵਾਈਡਰ ਵਿੱਚ ਫਸਣ ਕਾਰਨ ਨੈਸ਼ਨਲ ਹਾਈਵੇਅ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਟ੍ਰੈਫਿਕ ਨੂੰ ਸੁਚਾਰੂ ਬਣਾਉਣ ਲਈ ਹਾਈਡਰਾ ਮਸ਼ੀਨਾਂ ਦੀ ਮਦਦ ਲਈ ਗਈ। ਐਸ.ਐਸ.ਐਫ. ਅਤੇ ਨੈਸ਼ਨਲ ਹਾਈਵੇਅ ਦੀਆਂ ਟੀਮਾਂ ਨੇ ਸਾਂਝੇ ਯਤਨਾਂ ਨਾਲ ਕੰਟੇਨਰ ਨੂੰ ਸੜਕ ਤੋਂ ਹਟਾ ਕੇ ਸਾਈਡ 'ਤੇ ਕਰਵਾਇਆ ਅਤੇ ਜਾਮ ਖੁਲ੍ਹਵਾਇਆ।
ਪੁਲਿਸ ਅਤੇ ਰੇਲਵੇ ਵਿਭਾਗ ਨੂੰ ਦਿੱਤੀ ਸੂਚਨਾ
ਘਟਨਾ ਸਬੰਧੀ ਥਾਣਾ ਫਿਲੌਰ ਦੇ ਐਸ.ਐਚ.ਓ. ਅਮਨ ਸੈਣੀ ਅਤੇ ਰੇਲਵੇ ਵਿਭਾਗ ਦੇ ਕਰਮਚਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮੌਕੇ 'ਤੇ 112 ਟੀਮ ਦੇ ਇੰਚਾਰਜ ਲਖਵਿੰਦਰ ਸਿੰਘ ਵੀ ਆਪਣੀ ਟੀਮ ਸਮੇਤ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।