- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਰੰਪ ਦਾ ਦਾਅਵਾ-ਈਰਾਨੀ ਜਲ

ਟਰੰਪ ਦਾ ਦਾਅਵਾ-ਈਰਾਨੀ ਜਲ ਸੈਨਾ ਤਬਾਹ ਪਰ ਖ਼ਤਰਾ ਬਰਕਰਾਰ
ਆਈਆਰਜੀਸੀ ਦੀ ਗੁਰਿੱਲਾ ਸਮੁੰਦਰੀ ਰਣਨੀਤੀ ਬਣੀ ਚੁਣੌਤੀ
ਵਾਸ਼ਿੰਗਟਨ : ਅਮਰੀਕਾ, ਇਜ਼ਰਾਈਲ ਤੇ ਈਰਾਨ ਵਿਚਾਲੇ ਲਗਪਗ 40 ਦਿਨਾਂ ਤੱਕ ਚੱਲੇ ਫੌਜੀ ਸੰਘਰਸ਼ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਵੇਂ ਹੀ ਈਰਾਨ ਦੀ ਜਲ ਸੈਨਾ ਨੂੰ ਲਗਪਗ ਖ਼ਤਮ ਦੱਸ ਰਹੇ ਹੋਣ ਪਰ ਜ਼ਮੀਨੀ ਹਕੀਕਤ ਇਸ ਤੋਂ ਕਿਤੇ ਜ਼ਿਆਦਾ ਗੁੰਝਲਦਾਰ ਹੈ। ਰਣਨੀਤਿਕ ਤੌਰ ’ਤੇ ਬੇਹੱਦ ਮਹੱਤਵਪੂਰਨ ਹੋਰਮੁਜ਼ ਜਲਡਮਰੂਮੱਧ ਨੂੰ ਪੂਰੀ ਤਰ੍ਹਾਂ ਖੋਲ੍ਹਣ ਲਈ ਅਮਰੀਕਾ ਹੁਣ ਵੀ ਸਿੱਧਾ ਫੌਜੀ ਮੁਹਿੰਮ ਸ਼ੁਰੂ ਕਰਨ ਤੋਂ ਬਚ ਰਿਹਾ ਹੈ। ਪੱਛਮੀ ਏਸ਼ੀਆ ’ਚ ਭਾਰੀ ਫੌਜੀ ਜਮਾਵੜੇ-ਮਰੀਨ ਕਮਾਂਡੋ, ਐਂਫੀਬਿਅਸ ਜੰਗੀ ਬੇੜੇ ਤੇ ਉੱਨਤ ਹਵਾਈ ਫੌਜ-ਦੇ ਬਾਵਜੂਦ ਅਮਰੀਕੀ ਜਲ ਸੈਨਾ ਇਸ ਤੰਗ ਜਲ ਮਾਰਗ ’ਚ ਸਿੱਧੇ ਟਕਰਾਅ ਤੋਂ ਝਿਝਕ ਰਹੀ ਹੈ। ਇਸ ਦਾ ਵੱਡਾ ਕਾਰਨ ਈਰਾਨ ਦੀ ਕਥਿਤ ‘ਮੱਛਰ ਬੇੜਾ’ ਰਣਨੀਤੀ ਹੈ, ਜੋ ਛੋਟੀਆਂ, ਤੇਜ਼ ਤੇ ਫੁਰਤੀਲੀਆਂ ਹਮਲਾਵਰ ਕਿਸ਼ਤੀਆਂ ’ਤੇ ਆਧਾਰਿਤ ਹੈ।
ਮਾਹਰਾਂ ਦੇ ਅਨੁਸਾਰ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰ (ਆਈਆਰਜੀਸੀ) ਦੀ ਜਲ ਸੈਨਾ ਰਵਾਇਤੀ ਜੰਗ ਦੀ ਬਜਾਇ ਗੁਰਿੱਲਾ ਸ਼ੈਲੀ ’ਚ ਕੰਮ ਕਰਦੀ ਹੈ। ਵੱਡੇ ਜੰਗੀ ਬੇੜੇ ਦੀ ਬਜਾਇ ਇਹ ਛੋਟੇ ਹਮਲਾਵਰ ਬੋਟ, ਡ੍ਰੋਨ ਤੇ ਤੱਟੀ ਮਿਜ਼ਾਈਲ ਟਿਕਾਣਿਆਂ ਦੇ ਰਾਹੀਂ ‘ਹਿੱਟ ਐਂਡ ਰਨ’ ਰਣਨੀਤੀ ਅਪਨਾਉਂਦੀ ਹੈ। ਇਹੀ ਕਾਰਨ ਹੈ ਕਿ ਭਾਰੀ ਨੁਕਸਾਨ ਦੇ ਬਾਵਜੂਦ ਈਰਾਨ ਹੁਣ ਵੀ ਸਮੁੰਦਰੀ ਮਾਰਗਾਂ ਲਈ ਵੱਡਾ ਖ਼ਤਰਾ ਬਣਿਆ ਹੋਇਆ ਹੈ। ਸੰਯੁਕਤ ਰਾਸ਼ਟਰ ਨਾਲ ਸਬੰਧਤ ਕੌਮਾਂਤਰੀ ਸਮੁੰਦਰੀ ਏਜੰਸੀ ਦੇ ਅਨੁਸਾਰ ਜੰਗ ਦੌਰਾਨ ਘੱਟੋ-ਘੱਟ 20 ਜਹਾਜ਼ਾਂ ’ਤੇ ਹਮਲੇ ਹੋਏ। ਇਨ੍ਹਾਂ ਹਮਲਿਆਂ ’ਚ ਜ਼ਿਆਦਾਤਰ ਡ੍ਰੋਨ ਤੇ ਮੋਬਾਈਲ ਲਾਂਚਰਾਂ ਨਾਲ ਦਾਗੀਆਂ ਗਈਆਂ ਮਿਜ਼ਾਈਲਾਂ ਦਾ ਇਸਤੇਮਾਲ ਹੋਇਆ, ਜਿਨ੍ਹਾਂ ਦਾ ਪਤਾ ਲਗਾਉਣਾ ਮੁਸ਼ਕਿਲ ਹੁੰਦਾ ਹੈ।
ਅਮਰੀਕੀ ਫੌਜੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਈਰਾਨ ਦੀ ਰੈਗੂਲਰ ਜਲ ਸੈਨਾ ਦਾ 90 ਫੀਸਦ ਹਿੱਸਾ ਨਸ਼ਟ ਹੋ ਚੁੱਕਾ ਹੈ ਜਦਕਿ ਆਈਆਰਜੀਸੀ ਦੀਆਂ ਕਈ ਤੇਜ਼ ਹਮਲੇ ਕਰਨ ਵਾਲੀਆਂ ਕਿਸ਼ਤੀਆਂ ਵੀ ਡੁੱਬ ਗਈਆਂ ਹਨ। ਇਸ ਦੇ ਬਾਵਜੂਦ ਇਨ੍ਹਾਂ ਛੋਟੀ ਕਿਸ਼ਤੀਆਂ ਦੀ ਅਸਲ ਗਿਣਤੀ ਦਾ ਜਾਇਜ਼ਾ ਲੈਣਾ ਮੁਸ਼ਕਿਲ ਹੈ ਕਿਉਂਕਿ ਇਹ ਅਕਸਰ ਗੁਫਾਵਾਂ ਤੇ ਲੁਕੇ ਟਿਕਾਣਿਆਂ ’ਚ ਤਾਇਨਾਤ ਰਹਿੰਦੀਆਂ ਹਨ ਤੇ ਮਿੰਟਾਂ ’ਚ ਤਾਇਨਾਤੀ ਲਈ ਤਿਆਰ ਹੋ ਜਾਂਦੀਆਂ ਹਨ। ਵਾਸ਼ਿੰਗਟਨ ਇੰਸਟੀਚਿਊਟ ’ਚ ਗਾਰਡ ਨੇਵੀ ਦੇ ਮਾਹਰ ਫਾਰਜੀਨ ਨਾਦਿਮੀ ਕਹਿੰਦੇ ਹਨ ਕਿ ਈਰਾਨ ਦੀ ਗਾਰਡ ਜਲ ਸੈਨਾ ’ਚ ਲਗਪਗ 50,000 ਸੈਨਿਕ ਹਨ। ਇਨ੍ਹਾਂ ਨੂੰ ਖਾੜੀ ਦੇ ਕਿਨਾਰੇ ਪੰਜ ਖੇਤਰਾਂ ’ਚ ਵੰਡਿਆ ਗਿਆ ਹੈ, ਜਿਨ੍ਹਾਂ ਨੂੰ ਈਰਾਨ ਦੇ ਕਬਜ਼ੇ ਵਾਲੇ 38 ਖਾੜੀ ਦੀਪਾਂ ’ਚ ਕਈ ਟਾਪੂਆਂ ’ਤੇ ਤਾਇਨਾਤ ਕੀਤਾ ਗਿਆ ਹੈ।
ਹਮਲਾਵਰ ਕਿਸ਼ਤੀਆਂ ਲਈ ਲਗਪਗ 10 ਕਿਲ੍ਹੇਬੰਦ ਅੱਡੇ ਬਣਾਏ ਗਏ ਹਨ। ਇਹ ਸਾਰੇ ਜਲ ਸੈਨਾ ਦੇ ਵਿਸ਼ੇਸ਼ ਦਸਤਿਆਂ ਦੇ ਸੰਚਾਲਨ ਕੇਂਦਰ ‘ਫਰੂਰ’ ਤੋਂ ਸੰਚਾਲਿਤ ਹੁੰਦੇ ਹਨ। ਇਥੇ ਮੌਜੂਦ ਉਪਕਰਨਾਂ ਬਾਰੇ ਕਿਹਾ ਜਾਂਦਾ ਹੈ ਕਿ ਇਹ ਅਮਰੀਕਾ ਦੇ ਪੱਧਰ ਦੇ ਉੱਨਤ ਮਾਡਲ ’ਤੇ ਆਧਾਰਿਤ ਹਨ।
ਮਾਹਰ ਮੰਨਦੇ ਹਨ ਕਿ ਹੋਰਮੁਜ਼ ਵਰਗੇ ਤੰਗ ਜਲ ਮਾਰਗ ’ਚ ਇਹੀ ਗੈਰ-ਸਮਾਨ ਜੰਗ (ਏਸਮਿਟ੍ਰਿਕ ਵਾਰਫੇਅਰ) ਅਮਰੀਕਾ ਲਈ ਸਭ ਤੋਂ ਵੱਡੀ ਚੁਣੌਤੀ ਹੈ। ਇਥੇ ਵੱਡੇ ਜੰਗੀ ਬੇੜਿਆਂ ਦੀ ਗਤੀ ਤੇ ਸੰਚਾਲਨ ਸੀਮਿਤ ਹੋ ਜਾਂਦਾ ਹੈ ਜਦਕਿ ਛੋਟੇ ਹਮਲਾਵਰ ਬੋਟ, ਡ੍ਰੋਨ ਤੇ ਤੱਟੀ ਮਿਜ਼ਾਈਲਾਂ ਅਚਾਨਕ ਹਮਲਾ ਕਰ ਸਕਦੀਆਂ ਹਨ। ਇਸੇ ਖ਼ਤਰੇ ਨੂੰ ਦੇਖਦੇ ਹੋਏ ਅਮਰੀਕੀ ਜਲ ਸੈਨਾ ਫਿਲਹਾਲ ਹੋਰਮੁਜ਼ ਦੇ ਅੰਦਰ ਗਸ਼ਤ ਕਰਨ ਤੋਂ ਬਚ ਰਹੀ ਹੈ ਤੇ ਓਮਾਨ ਦੀ ਖਾੜੀ ਜਾਂ ਅਰਬ ਸਾਗਰ ਵਰਗੇ ਸੁਰੱਖਿਅਤ ਮੰਨੇ ਜਾ ਰਹੇ ਇਲਾਕਿਆਂ ਤੋਂ ਨਿਗਰਾਨੀ ਕਰ ਰਹੀ ਹੈ। ਇਥੋਂ ਉਹ ਜਹਾਜ਼ਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖ ਸਕਦੀ ਹੈ ਪਰ ਸਿੱਧੇ ਹਮਲੇ ਦੇ ਜ਼ੋਖ਼ਮ ਨੂੰ ਘੱਟ ਕਰਦੀ ਹੈ। ਦੂਜੇ ਪਾਸੇ ਈਰਾਨ ਨੇ ਸੰਕੇਤ ਦਿੱਤੇ ਹਨ ਕਿ ਜੇ ਦਬਾਅ ਵਧਿਆ ਤਾਂ ਉਹ ਯਮਨ ਸਥਿਤ ਆਪਣੇ ਸਹਿਯੋਗੀਆਂ ਦੇ ਜ਼ਰੀਏ ਲਾਲ ਸਾਗਰ ਤੱਕ ਸੰਘਰਸ਼ ਦਾ ਘੇਰਾ ਵਧਾ ਸਕਦਾ ਹੈ।