ਰਾਤ ਦੇ ਹਨੇਰੇ ’ਚ ਗੁੰਡਾਗਰਦੀ, ਨੌਜਵਾਨ ਨਾਲ ਕਾਰ ਸਵਾਰਾਂ ਨੇ ਕੀਤੀ ਕੁੱਟਮਾਰ
ਰਾਤ ਦੇ ਹਨੇਰੇ ’ਚ ਗੁੰਡਾਗਰਦੀ
Publish Date: Thu, 15 Jan 2026 06:53 PM (IST)
Updated Date: Fri, 16 Jan 2026 04:09 AM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਦੇਰ ਰਾਤ ਮਹਾਨਗਰ ’ਚ ਇਕ ਵਾਰ ਫਿਰ ਸੜਕੀ ਹਿੰਸਾ ਦੇਖਣ ਨੂੰ ਮਿਲੀ, ਜਦ ਇਕ ਮਾਮੂਲੀ ਝਗੜਾ ਹਿੰਸਾ ’ਚ ਬਦਲ ਗਿਆ। ਸੰਵਿਧਾਨ ਚੌਕ ਤੋਂ ਆਈਕੋਨਿਕ ਮਾਲ ਜਾਣ ਵਾਲੇ ਰਸਤੇ ਤੇ ਐਕਟਿਵਾ ਸਵਾਰ ਇਕ ਨੌਜਵਾਨ ਨੂੰ ਕਾਰ ’ਚ ਸਵਾਰ ਲੋਕਾਂ ਨੇ ਰੋਕਿਆ ਤੇ ਬੇਰਹਿਮੀ ਨਾਲ ਕੁੱਟਿਆ। ਇਸ ਘਟਨਾ ਨੇ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਜਾਣਕਾਰੀ ਅਨੁਸਾਰ ਨੌਜਵਾਨ ਦੀ ਐਕਟਿਵਾ ਇਕ ਤੇਜ਼ ਰਫ਼ਤਾਰ ਮਰਸੀਡੀਜ਼ ਕਾਰ ਨਾਲ ਟਕਰਾਉਣ ਤੋਂ ਵਾਲ-ਵਾਲ ਬਚ ਗਈ। ਇਸ ਨਾਲ ਦੋਵਾਂ ਧਿਰਾਂ ਵਿਚਕਾਰ ਬਹਿਸ ਸ਼ੁਰੂ ਹੋ ਗਈ, ਜੋ ਕੁਝ ਹੀ ਪਲਾਂ ’ਚ ਝਗੜੇ ’ਚ ਬਦਲ ਗਈ। ਦੋਸ਼ ਹੈ ਕਿ ਕਾਰ ’ਚ ਸਵਾਰ ਚਾਰ ਵਿਅਕਤੀ ਕਾਰ ’ਚੋਂ ਬਾਹਰ ਨਿਕਲੇ ਤੇ ਬਿਨਾਂ ਕੁਝ ਸੁਣੇ ਨੌਜਵਾਨ ਤੇ ਹਮਲਾ ਕਰ ਦਿੱਤਾ। ਘਟਨਾ ਦੌਰਾਨ ਉਨ੍ਹਾਂ ਰਾਡ ਨਾਲ ਉਸ ਦੇ ਸਿਰ ਤੇ ਜ਼ੋਰਦਾਰ ਵਾਰ ਕੀਤਾ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਹਮਲੇ ’ਚ ਜ਼ਖ਼ਮੀ ਨੌਜਵਾਨ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੇ ਸਿਰ ਤੇ 12 ਟਾਂਕੇ ਲਾਏ। ਪੀੜਤ ਦੀ ਪਛਾਣ ਸਿਮਰਨਜੀਤ ਸਿੰਘ ਵਜੋਂ ਹੋਈ ਹੈ। ਉਸ ਨੇ ਕਿਹਾ ਕਿ ਉਸ ਨੇ ਕਾਰ ਚਾਲਕਾਂ ਨੂੰ ਸਿਰਫ਼ ਹੌਲੀ ਤੇ ਧਿਆਨ ਨਾਲ ਗੱਡੀ ਚਲਾਉਣ ਦੀ ਸਲਾਹ ਦਿੱਤੀ ਸੀ ਪਰ ਉਹ ਇਸ ਤੇ ਗੁੱਸੇ ’ਚ ਆ ਗਏ ਤੇ ਉਸ ਤੇ ਹਮਲਾ ਕਰ ਦਿੱਤਾ। ਅਪਰਾਧ ਕਰਨ ਤੋਂ ਬਾਅਦ ਮੁਲਜ਼ਮ ਗਾਲ੍ਹਾਂ ਕੱਢਦੇ ਹੋਏ ਮੌਕੇ ਤੋਂ ਭੱਜ ਗਏ। ਪੀੜਤ ਨੇ ਪੁਲਿਸ ਪ੍ਰਸ਼ਾਸਨ ਤੋ ਇਨਸਾਫ਼ ਦੀ ਅਪੀਲ ਕੀਤੀ ਹੈ ਤੇ ਮੰਗ ਕੀਤੀ ਹੈ ਕਿ ਹਮਲਾਵਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।