ਬਲੈਕ ’ਚ ਸਿਲੰਡਰ ਲੈਣ ਵਾਲਿਆਂ ਨੂੰ ਹੋਮ ਡਲਿਵਰੀ
ਜਾਸ, ਜਲੰਧਰ : ਐਮਰਜੈਂਸੀ
Publish Date: Wed, 01 Apr 2026 09:04 PM (IST)
Updated Date: Wed, 01 Apr 2026 09:07 PM (IST)
ਜਾਸ, ਜਲੰਧਰ : ਐਮਰਜੈਂਸੀ ਹੈ ਤੇ ਗੈਸ ਸਿਲੰਡਰ ਦੀ ਲੋੜ ਹੈ ਤਾਂ ਕੋਈ ਚਿੰਤਾ ਨਹੀਂ, ਸਿਰਫ਼ ਜੇਬ ’ਚ ਪੈਸਾ ਹੋਣਾ ਚਾਹੀਦਾ ਹੈ। ਬੇਸ਼ੱਕ ਜ਼ਿਲ੍ਹਾ ਪ੍ਰਸ਼ਾਸਨ ਨੇ ਐੱਲਪੀਜੀ ਦੇ ਕਾਲਾ ਬਾਜ਼ਾਰੀ ਰੋਕਣ ਲਈ ਇਕ ਕਮੇਟੀ ਬਣਾਈ ਹੈ ਪਰ ਸ਼ਹਿਰ ਦੇ ਹਰੇਕ ਫੁੱਟਪਾਥ ’ਤੇ ਚੱਲ ਰਹੀਆਂ ਰੇਹੜੀਆਂ 'ਤੇ ਘਰੇਲੂ ਗੈਸ ਦੀ ਸਪਲਾਈ ਬੇਰੋਕ-ਟੋਕ ਜਾਰੀ ਹੈ, ਜਿਸ ਦੀ ਕੀਮਤ 2500 ਤੋਂ 3000 ਰੁਪਏ ਤੱਕ ਹੈ। ਉਥੇ ਗੈਸ ਬੁਕਿੰਗ ਕਰਨ ਵਾਲਿਆਂ ਨੂੰ 25 ਦਿਨਾਂ ਦੀ ਉਡੀਕ ਬਾਅਦ ਵੀ ਕਤਾਰਾਂ ’ਚ ਲੱਗਣਾ ਪੈ ਰਿਹਾ ਹੈ। ਹਾਲਾਂਕਿ ਗੈਸ ਏਜੰਸੀਆਂ ਨੇ ਸਿਲੰਡਰ ਬੁਕਿੰਗ ਵਾਲੇ ਗਾਹਕਾਂ ਨੂੰ ਫੋਨ 'ਤੇ ਡਲਿਵਰੀ ਲਈ ਬੇਫਿਰਕ ਰਹਿਣ ਦਾ ਸੁਨੇਹਾ ਭੇਜਣਾ ਸ਼ੁਰੂ ਕਰ ਦਿੱਤਾ ਹੈ ਪਰ ਗੈਸ ਦੀ ਕਮੀ ਕਾਰਨ ਲੋਕ ਏਜੰਸੀਆਂ ਦੇ ਬਾਹਰ ਕਤਾਰਾਂ ’ਚ ਖੜ੍ਹੇ ਹਨ।
ਡਿਪਟੀ ਕਮਿਸ਼ਨਰ ਦਫਤਰ ਦੇ ਸਾਹਮਣੇ ਚੱਲ ਰਹੀ ਰੇਹੜੀ ਮਾਰਕੀਟ ’ਚ ਘਰੇਲੂ ਗੈਸ ਸਿਲੰਡਰ ਦੀ ਧੜੱਲੇ ਨਾਲ ਵਰਤੋਂ ਹੋ ਰਹੀ ਹੈ। ਜਿੱਥੇ ਵਪਾਰਕ ਗੈਸ ਸਲਿੰਡਰ ਦੀ ਵਰਤੋਂ ਹੋਣੀ ਚਾਹੀਦਾ ਸੀ, ਉਥੇ ਘਰੇਲੂ ਗੈਸ ਦੀ ਵਰਤੋਂ ਕੀਤੀ ਜਾ ਰਹੀ ਹੈ। ਗੈਸ ਸਿਲੰਡਰ ਦੀ ਕਾਲਾ ਬਾਜ਼ਾਰੀ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਈ ਗਈ ਜਾਂਚ ਕਮੇਟੀ ਦੇ ਹੱਥ ਖਾਲੀ ਹਨ। ਪ੍ਰੀਤ ਨਗਰ ਦੀ ਰਹਿਣ ਵਾਲੀ ਪੂਜਾ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਗੈਸ ਸਿਲੰਡਰ ਬੁੱਕ ਕੀਤਾ ਹੋਇਆ ਹੈ, 25 ਦਿਨ ਹੋ ਚੁੱਕੇ ਹਨ ਪਰ ਸਿਲੰਡਰ ਕਦੋਂ ਆਵੇਗਾ, ਇਹ ਪਤਾ ਨਹੀਂ। ਇਸੇ ਤਰ੍ਹਾਂ, ਪੁਡਾ ਕੰਪਲੈਕਸ ਦੀ ਫੁੱਟਪਾਥ ’ਤੇ ਰੇਹੜੀ ਲਾਉਣ ਵਾਲੇ ਇਕ ਵਿਅਕਤੀ ਨੇ ਕਿਹਾ ਕਿ ਸਿਲੰਡਰ ਖਤਮ ਹੋ ਗਿਆ ਹੈ ਤੇ ਭਰਿਆ ਹੋਇਆ 2500 ਰੁਪਏ ’ਚ ਮਿਲ ਰਿਹਾ ਹੈ ਪਰ ਸਖਤੀ ਕਾਰਨ ਡਲਿਵਰੀ ਲਈ ਲਾਡੋਵਾਲੀ ਰੋਡ 'ਤੇ ਸੱਦਿਆ ਹੈ। ਇਸ ਤਰ੍ਹਾਂ ਫੁੱਟਪਾਥ 'ਤੇ ਢਾਬੇ ਚਲਾਉਣ ਵਾਲੇ ਵੀ ਘਰੇਲੂ ਗੈਸ ਸਿਲੰਡਰ ਦੀ ਵਰਤੋਂ ਕਰ ਰਹੇ ਹਨ।