‘ਈਕੋ ਫਰੈਂਡਲੀ ਜੀਵਨ ਸ਼ੈਲੀ’ ਵਿਸ਼ੇ ’ਤੇ ਸ਼ਾਰਟ ਟਰਮ ਕੋਰਸ ਕਰਵਾਇਆ
ਐਚਐਮਵੀ ‘ਈਕੋ ਫਰੈਂਡਲੀ ਜੀਵਨ ਸ਼ੈਲੀ’ ਵਿਸ਼ੇ ’ਤੇ ਸ਼ਾਰਟ ਟਰਮ ਕੋਰਸ ਕਰਵਾਇਆ
Publish Date: Thu, 01 Jan 2026 07:20 PM (IST)
Updated Date: Fri, 02 Jan 2026 04:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹੰਸ ਰਾਜ ਮਹਿਲਾ ਮਹਾਵਿਦਿਆਲਾ ਦੇ ਪੀਜੀ ਰਸਾਇਣ ਵਿਭਾਗ ਵੱਲੋਂ ‘ਈਕੋ ਫਰੈਂਡਲੀ ਜੀਵਨ ਸ਼ੈਲੀ’ ਸਿਰਲੇਖ ਹੇਠ 30 ਘੰਟਿਆਂ ਦਾ ਵੈਲਿਊ ਐਡਿਡ ਸ਼ਾਰਟ ਟਰਮ ਕੋਰਸ ਕਰਵਾਇਆ ਗਿਆ। ਕੋਰਸ ਦੀ ਇੰਚਾਰਜ ਦੀਪਸ਼ਿਖਾ ਮੁਖੀ ਰਸਾਇਣ ਵਿਭਾਗ ਨੇ ਕੋਰਸ ਦੇ ਪਾਠਕ੍ਰਮ ’ਚ ਸਿਧਾਂਤਕ ਗਿਆਨ ਦੇ ਨਾਲ-ਨਾਲ ਪ੍ਰਯੋਗਿਕ ਪ੍ਰਦਰਸ਼ਨ ਨੂੰ ਵੀ ਸ਼ਾਮਲ ਕਰਦਿਆਂ ਵਿਸਤ੍ਰਿਤ ਰੂਪ-ਰੇਖਾ ਪੇਸ਼ ਕੀਤੀ। ਇਸ ਕੋਰਸ ’ਚ ਉਨ੍ਹਾਂ ਸਭ ਪੱਖਾਂ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ, ਜੋ ਸਾਡੀ ਸਿਹਤ ਤੇ ਵਾਤਾਵਰਣ ਨੂੰ ਪ੍ਰਭਾਵਿਤ ਕਰਦੇ ਹਨ, ਕਿਉਂਕਿ ਇਹੀ ਤੱਤ ਸਾਡੀ ਜੀਵਨ ਸ਼ੈਲੀ ਨੂੰ ਨਿਰਧਾਰਤ ਕਰਨ ’ਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਕਿਹਾ ਕਿ ਕੋਰਸ ਦਾ ਮੁੱਖ ਉਦੇਸ਼ ਭਾਗੀਦਾਰਾਂ ਤੇ ਸਮਾਜ ਨੂੰ ਇਕ ਅਜਿਹੀ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ, ਜੋ ਵਾਤਾਵਰਣ ਨੂੰ ਘੱਟ ਤੋਂ ਘੱਟ ਜਾਂ ਬਿਲਕੁਲ ਵੀ ਨੁਕਸਾਨ ਨਾ ਪਹੁੰਚਾਵੇ। ਪਾਠਕ੍ਰਮ ’ਚ ਮਨੁੱਖੀ ਸਿਹਤ ’ਤੇ ਵਾਤਾਵਰਨਕ ਖਤਰੇ, ਵਾਤਾਵਰਣ ਸੁਰੱਖਿਆ ਤੇ ਸਰਕਾਰੀ ਪਹਲਕਦਮੀਆਂ, ਟਿਕਾਊ ਜੀਵਨ ਸ਼ੈਲੀ ਬਾਰੇ ਜਾਗਰੂਕਤਾ, ਦੁਬਾਰਾ ਵਰਤੋਂ ਤੇ ਪੁਨਰਚੱਕਰਣ, ਪੀਣ ਵਾਲੇ ਪਾਣੀ ਦੀ ਗੁਣਵੱਤਾ ਦੀ ਜਾਂਚ ਤੇ ਉਸ ਦੇ ਮਾਪਦੰਡ, ਖਾਦ ਪਦਾਰਥਾਂ ’ਚ ਮਿਲਾਵਟ, ਟਿਕਾਊ ਫੈਸ਼ਨ ਤੇ ਉਸ ਦੀ ਮਹੱਤਤਾ ਵਰਗੇ ਵਿਸ਼ੇ ਸ਼ਾਮਲ ਸਨ। ਇਸ ਦੇ ਨਾਲ-ਨਾਲ ਭਾਗੀਦਾਰਾਂ ਲਈ ਪੀਣ ਵਾਲੇ ਪਾਣੀ ਦੀ ਗੁਣਵੱਤਾ ਤੇ ਦੁੱਧ ਉਤਪਾਦਾਂ, ਸ਼ਹਿਦ, ਘਿਓ, ਹਲਦੀ ਆਦਿ ਵਰਗੇ ਆਮ ਖਾਦ ਪਦਾਰਥਾਂ ’ਚ ਮਿਲਾਵਟ ਦੀ ਜਾਂਚ ਸੰਬੰਧੀ ਪ੍ਰਯੋਗਿਕ ਤਰਬੀਅਤ ਵੀ ਕਰਵਾਈ ਗਈ।